ਮਾਰਕਫੈੱਡ ਦੇ ਡੀ. ਐਮ. ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਸ਼ੈਲਰ ਮਾਲਕ ਤੋਂ ਜੀਰੀ ਸਟੋਰ ਕਰਨ ਦੇ ਇਵਜ ਵਜੋਂ ਮੰਗੀ ਗਈ ਸੀ ਰਿਸ਼ਵਤ
ਪਟਿਆਲਾ ਬਿਊਰੋ ਵੱਲੋਂ ਮਾਰਕਫੈੱਡ ਦੇ ਮੈਨੇਜ਼ਰ ਨੂੰ 50 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਕਫੈੱਡ ਦੇ ਡੀ. ਐਮ. ਵਿਸ਼ਾਲ ਗੁਪਤਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਸਬੰਧੀ ਵਿਜੀਲੈਸ ਬਿਊਰੋ ਦੇ ਜ਼ਿਲ੍ਹਾ ਪੁਲਿਸ ਮੁਖੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਦਰਗਾਪੁਰ ਜ਼ਿਲ੍ਹਾ ਪਟਿਆਲਾ ਦੇ ਸੈਲਰ ਵਿੱਚ ਮਾਰਕਫੈੱਡ ਮਹਿਕਮੇ ਵੱਲੋਂ ਸਟੋਰ ਕੀਤੀ ਗਈ ਪੈਡੀ ਦਾ 2. 50 ਰੁਪਏ ਦਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਵਜੋਂ ਮੈਨੇਜਰ ਅਤੇ ਡੀ. ਐਮ. ਮਾਰਕਫੈੱਡ ਵੱਲੋਂ ਮੰਗ ਕੀਤੀ ਗਈ ਅਤੇ ਇਹ ਦੋਵੇਂ ਜਣੇ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਏ। ਅੱਜ ਵਿਜੀਲੈਸ ਵੱਲੋਂ ਉਕਤ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮਾਰਕਫੈੱਡ ਦੇ ਮੈਨੇਜਰ ਸੰਦੀਪ ਸ਼ਰਮਾ ਵਾਸੀ ਸ਼ਿਵ ਜੋਤ ਇੰਨਕਲੇਵ ਖਰੜ ਮੋਹਾਲੀ ਨੂੰ ਵਿਜੀਲੈਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਡੀ. ਐਮ. ਵਿਸ਼ਾਲ ਗੁਪਤਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਇਆ ਸੀ ਕਿ ਖਰੀਦ ਏਜੰਸੀਆਂ ਵੱਲੋਂ ਸ਼ੈਲਰਾਂ ਮਾਲਕਾਂ ਤੋਂ ਸ਼ੈਲਰਾਂ ਵਿੱਚ ਜੀਰੀ ਸਟੋਰ ਕਰਨ ਦੇ ਇਵਜ ਵਜੋਂ ਮੋਟੀਆਂ ਰਿਸ਼ਵਤਾਂ ਲਈਆਂ ਜਾ ਰਹੀਆਂ ਹਨ। ਜਿਸ ਤਹਿਤ ਵਿਜੀਲੈਸ ਨੇ ਹਰਕਤ ਵਿੱਚ ਆਉਂਦਿਆਂ ਇਹ ਕਾਰਵਾਈ ਕੀਤੀ ਗਈ ਹੈ। ਵਿਜੀਲੈਸ ਦੀ ਟੀਮ ਵਿੱਚ ਏ. ਐਸ ਆਈ ਪਵਿੱਤਰ ਸਿੰਘ, ਕੁੰਦਨ ਸਿੰਘ, ਸੀ-2 ਸ਼ਾਮ ਸੁੰਦਰ, ਕਾਰਜ ਸਿੰਘ, ਹਰਮੀਤ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ