ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਦੇ ਸਕਦੇ ਸਨ ਅੰਜ਼ਾਮ : ਐੱਸ.ਐੱਸ.ਪੀ. ਸਿੱਧੂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਰਮਨ ਸਿੰਘ ਪੰਜਾਬ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ। ਜਰਮਨ ਸਿੰਘ ਪਾਸੋਂ ਪਟਿਆਲਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਹਥਿਆਰਾਂ ਨੂੰ ਪੰਜਾਬ ਅੰਦਰ ਸ਼ਿਫ਼ਟ ਕਰਨਾ ਚਾਹੁੰਦਾ ਸੀ। ਉਸ ਪਾਸੋਂ ਇੱਕ ਦੇਸੀ ਰਾਈਫ਼ਲ 315 ਬੋਰ, ਇੱਕ ਦੇਸੀ ਪਿਸਟਲ 32 ਬੋਰ, ਦੋ ਪਿਸਤੌਲ ਦੇਸੀ 315 ਬੋਰ ਸਮੇਤ 315 ਬੋਰ ਰੌਂਦ 5 ਅਤੇ 32 ਬੋਰ ਰੌਂਦ 5 ਅਤੇ ਜਰਮਨ ਸਿੰਘ ਦੇ ਸਾਥੀ ਇਸ਼ਵਰ ਸਿੰਘ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 5 ਰੋਦ ਬਰਾਮਦ ਕਰਨ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਰਮਨ ਸਿੰਘ ਨੇ ਆਪਣੇ ਸਾਥੀ ਗੁਰਜੰਟ ਸਿੰਘ ਵਾਸੀ ਪਿੰਡ ਧਰਾਵਲੀ ਥਾਣਾ ਗੰਗੋਹ, ਕਰਮ ਸਿੰਘ ਵਾਸੀ ਰਿਗਾਣਾ ਫਾਰਮ ਥਾਣਾ ਝਿਜਾਨਾ, ਅਮ੍ਰਿਤ ਸਿੰਘ ਵਾਸੀ ਵਿਕਾਸ ਨਗਰ ਕਰਨਾਲ ਹਰਿਆਣਾ ਨਾਲ ਰੱਲਕੇ 2 ਅਕਤੂਬਰ ਨੂੰ ਚੈਕਪੋਸਟ ਕਮਾਲਪੁਰ ਜ਼ਿਲ੍ਹਾ ਸ਼ਾਮਲੀ (ਯੂ.ਪੀ.) ‘ਤੇ ਡਿਊਟੀ ਕਰ ਰਹੇ ਦੋ ਯੂ.ਪੀ. ਪੁਲਿਸ ਦੇ ਕਰਮਚਾਰੀਆਂ ‘ਤੇ ਹਮਲਾ ਕਰਕੇ ਉਨ੍ਹਾਂ ਦੀ ਇੱਕ ਇਨਸਾਸ ਅਤੇ 303 ਬੋਰ ਰਾਇਫਲ ਦੀ ਖੋਹ ਕੀਤੀ ਸੀ ਜੋ ਕਿ ਯੂ.ਪੀ. ਪੁਲਿਸ ਵੱਲੋਂ ਚਾਰ ਮੁਲਜ਼ਮਾ ਗੁਰਜੰਟ ਸਿੰਘ, ਕਰਮ ਸਿੰਘ, ਅਮ੍ਰਿਤ ਸਿੰਘ ਅਤੇ ਕਰਮਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾ ਨੇ ਦੱਸਿਆ ਸੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਸਾਜਿਸ਼ਕਰਤਾ ਜਰਮਨ ਸਿੰਘ ਸੀ ਜੋ ਕਿ ਸ਼ਾਮਲੀ ਵਾਲੀ ਵਾਰਦਾਤ ਤੋਂ ਬਾਅਦ ਫਰਾਰ ਚੱਲਿਆ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਜਰਮਨ ਸਿੰਘ ਤੋਂ ਪੁੱਛਗਿੱਛ ਕਰਕੇ ਅਸਲੇ ਦੀ ਬਰਾਮਦਗੀ ਸਬੰਧੀ ਸਪੈਸ਼ਲ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ।
ਪੁੱਛਗਿੱਛ ‘ਚ ਜਰਮਨ ਨੇ ਦੱਸਿਆ ਕਿ ਬੀਕਾਨੇਰ ਪਹੁੰਚਣ ਤੋਂ ਪਹਿਲਾ ਇੱਕ ਅਸਲੇ ਦੀ ਖੇਪ ਇਸ ਨੇ ਸਮਾਣਾ ਪਟਿਆਲਾ ਰੋਡ ‘ਤੇ ਬਿਜਲਪੁਰ ਬੱਸ ਸਟੈਡ ਕੋਲ ਭਾਖੜਾ ਨਹਿਰ ਪਾਸ ਰੱਖੀ ਹੋਈ ਹੈ, ਜਿਸ ਦੇ ਤਹਿਤ ਹੀ ਇੱਕ ਰਾਈਫਲ 315 ਬੋਰ, ਇੱਕ 32 ਬੋਰ ਪਿਸਟਲ, ਦੋ ਪਿਸਤੌਲ 315 ਬੋਰ ਅਤੇ 32 ਬੋਰ ਦੇ 5 ਰੌਂਦ, 315 ਬੋਰ ਦੇ 5 ਰੌਂਦ ਬਰਾਮਦ ਕੀਤੇ ਗਏ। ਉਕਤ ਹਥਿਆਰਾਂ ਵਿੱਚੋਂ ਇੱਕ ਪਿਸਟਲ 32 ਬੋਰ ਅਤੇ ਇੱਕ ਪਿਸਤੌਲ 315 ਬੋਰ ਜੋ ਕਿ ਸ਼ਾਮਲੀ ਵਾਲੀ ਵਾਰਦਾਤ ਵਿੱਚ ਵਰਤੇ ਗਏ ਸਨ।
ਸਿੱਧੂ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਹੀ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਨੇ ਜਰਮਨ ਸਿੰਘ ਦੇ ਸਾਥੀ ਇਸ਼ਵਰ ਸਿੰਘ ਉਰਫ਼ ਈਸਰ ਪੁੱਤਰ ਰਜਿੰਦਰ ਸਿੰਘ ਵਾਸੀ ਆਦਰਸ਼ ਕਲੋਨੀ ਪਿੰਡ ਬਲੋਗੀ ਜ਼ਿਲ੍ਹਾ ਮੋਹਾਲੀ ਨੂੰ 22 ਅਕਤੂਬਰ ਨੂੰ ਸਰਹਿੰਦ ਰੋਡ ਨੇੜੇ ਗੁਰੂ ਨਾਨਕ ਆਸ਼ਰਮ ਚੋਕ ਅਲੀਪੁਰ ਰੋਡ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਪਾਸੋਂ ਇੱਕ 32 ਬੋਰ ਪਿਸਟਲ ਸਮੇਤ 5 ਰੌਂਦ 32 ਬੋਰ ਬਰਾਮਦ ਹੋਏ । ਪਟਿਆਲਾ ਪੁਲਿਸ ਦੀ ਸਪੈਸ਼ਲ ਅਪਰੇਸ਼ਨ ਟੀਮ ਜਿਸ ਵਿੱਚ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਨਜੀਤ ਸਿੰਘ ਬਰਾੜ, ਉਪ ਕਪਤਾਨ ਇਨਵੈਸਟੀਗੇਸ਼ਨ ਸੁਖਮਿੰਦਰ ਸਿੰਘ ਚੌਹਾਨ ਅਤੇ ਸੀ.ਆਈ.ਏ. ਇੰਚਾਰਜ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।