ਰਾਮ ਸਰੂਪ ਪੰਜੋਲਾ, ਬਲਬੇੜਾ
ਪਿੰਡ ਨੌਗਾਵਾਂ ਨੇੜੇ ਮੋਟਰਸਾਈਕਲ ਸਵਾਰ ਨੂੰ ਤਿੰਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਦਿਨ-ਦਿਹਾੜੇ ਦੁਪਹਿਰ ਦੇ ਦੋ ਵਜੇ ਦੇ ਕਰੀਬ ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਹਮਲੇ ਦਾ ਸ਼ਿਕਾਰ ਹੋਇਆ ਵਿਅਕਤੀ ਦਲਜੀਤ ਸਿੰਘ ਜੀਤਾ (45) ਪੁੱਤਰ ਮਹਿੰਦਰ ਸਿੰਘ ਪਿੰਡ ਕਸੌਲੀ ਹਰਿਆਣਾ ਕਸੌਲੀ ਤੋਂ ਬਲਬੇੜਾ ਵੱਲ ਜਾ ਰਿਹਾ ਸੀ।
ਜਦੋਂ ਉਹ ਪਿੰਡ ਨੌਗਾਵਾਂ ਤੋਂ ਅੱਧਾ ਕੁ ਕਿਲੋਮੀਟਰ ਅੱਗੇ ਪਹੁੰਚਿਆ ਤਾਂ ਅਚਾਨਕ ਪਿੱਛੋਂ ਮੋਟਰਸਾਈਕਲ ‘ਤੇ ਆ ਰਹੇ ਤਿੰਨ ਹਮਲਾਵਰਾਂ ਨੇ ਉਸਨੂੰ ਧੱਕਾ ਮਾਰ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਡਿੱਗੇ ਪਏ ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਗਰਦਨ ‘ਤੇ ਲੱਗੀ। ਇਸ ਉਪਰੰਤ ਹਮਲਾਵਰ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਹੀ ਦਲਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ।
ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮੌਕੇ ਤੇ ਹੋਈ ਵਾਰਦਾਤ ਦੀ ਛਾਣਬੀਣ ਦੌਰਾਨ ਪੁਲਿਸ ਟੀਮ ਨੂੰ ਇੱਕ ਚੱਲੇ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ।
ਘਟਨਾ ਸਬੰਧੀ ਇੰਸਪੈਕਟਰ ਟਿਵਾਣਾ ਨੇ ਦੱਸਿਆ ਕਿ ਉਹ ਬਰਾਮਦ ਹੋਏ ਖੋਲ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੋਈ ਟਿੱਪਣੀ ਕਰ ਸਕਦੇ ਹਨ। ਜ਼ਖਮੀ ਹੋਏ ਦਲਜੀਤ ਸਿੰਘ ਦੇ ਇੱਕ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਦਸ ਕੁ ਦਿਨ ਪਹਿਲਾਂ ਵੀ ਰਾਤ ਦੇ ਦੋ ਵਜੇ ਪਿੰਡ ਬੌਪੁਰ ਨੇੜੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਉਸ ਰਾਤ ਦਲਜੀਤ ਸਿੰਘ ਚੀਕਾ ਮੰਡੀ ਤੋਂ ਝੋਨਾ ਵੇਚਕੇ ਰਾਤ ਨੂੰ ਟਰੈਕਟਰ ‘ਤੇ ਵਾਪਸ ਪਿੰਡ ਵੱਲ ਆ ਰਿਹਾ ਸੀ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਪਹਿਲਾਂ ਵਾਪਰੀ ਘਟਨਾ ਨੂੰ ਛੋਟੀ-ਮੋਟੀ ਚੋਰੀ ਦੀ ਘਟਨਾ ਸਮਝ ਕੇ ਅਣਗੌਲਿਆ ਕਰ ਦਿੱਤਾ ਸੀ। ਉਸਨੇ ਦੱਸਿਆ ਕਿ ਦਲਜੀਤ ਸਿੰਘ ਅਣਵਿਆਹਿਆ ਹੈ ਅਤੇ ਭੁੰਨਰਹੇੜੀ ਦਾ ਰਹਿਣ ਵਾਲਾ ਹੈ ਪਰ ਕਈ ਸਾਲਾਂ ਤੋਂ ਉਹ ਪਿੰਡ ਕਸੌਲੀ ਵਿਖੇ ਆਪਣੀ ਭੈਣ ਦੇ ਘਰ ਰਹਿ ਰਿਹਾ ਹੈ। ਉਸਨੇ ਦਲਜੀਤ ਸਿੰਘ ਦੀ ਕਿਸੇ ਨਾਲ ਦੁਸ਼ਮਣੀ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਇੰਸਪੈਕਟਰ ਟਿਵਾਣਾ ਨੇ ਦੱਸਿਆ ਕਿ ਪੁਲਿਸ ਕਈ ਥਿਉਰੀਆਂ ‘ਤੇ ਜਾਂਚ ਕਰ ਰਹੀ ਹੈ ਅਤੇ ਹਮਲਾਵਰ ਜਲਦ ਕਾਬੂ ਕਰ ਲਏ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।