ਢਿੱਲੀ ਸਿਹਤ ਨੂੰ ਦੱਸਿਆ ਅਸਤੀਫਾ ਦੇਣ ਦਾ ਕਾਰਨ, ਪਾਰਟੀ ਲਈ ਸੇਵਾ ‘ਤੇ ਪ੍ਰਗਟਾਈ ਸੰਤੁਸ਼ਟੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ‘ਚ ਸ਼ੁਮਾਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੇ ਹੋਏ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਢੀਂਡਸਾ ਪਾਰਟੀ ਦੇ ਨਾਲ ਹੀ ਇੱਕ ਵਰਕਰ ਦੇ ਤੌਰ ‘ਤੇ ਜੁੜੇ ਰਹਿਣਗੇ। ਉਹ ਪਾਰਟੀ ਦੇ ਜਨਰਲ ਸਕੱਤਰ ਤੇ ਕੋਰ ਕਮੇਟੀ ਦੇ ਮੈਂਬਰ ਸਨ ਅਗਲੇ ਵਰ੍ਹੇ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਹਲਕਿਆਂ ‘ਚ ਇਸ ਘਟਨਾ ਨੂੰ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ
82 ਵਰ੍ਹਿਆਂ ਦੇ ਸ੍ਰ. ਢੀਂਡਸਾ ਨੇ ਆਪਣੇ ਅਸਤੀਫ਼ੇ ਪਿੱਛੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪੱਤਰ ਵਿੱਚ ਇਸ ਸਬੰਧੀ ਵਿਸਥਾਰ ਨਾਲ ਜ਼ਿਕਰ ਵੀ ਕੀਤਾ ਹੈ ਅਸਤੀਫ਼ੇ ‘ਚ ਉਨ੍ਹਾਂ ਕਿਧਰੇ ਵੀ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਦੀ ਨਰਾਜ਼ਗੀ ਦੀ ਗੱਲ ਨਹੀਂ ਆਖੀ ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਵੀ ਹਨ ਪਰ ਉਹ ਰਾਜ ਸਭਾ ਮੈਂਬਰ ਬਣੇ ਰਹਿਣਗੇ ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਸਿਹਤ ਅਤੇ ਬਿਮਾਰ ਰਹਿਣ ਕਾਰਨ ਪਾਰਟੀ ਦੀਆਂ ਮੁੱਖ ਸਰਗਰਮੀਆਂ ਤੋਂ ਦੂਰੀ ਬਣਾਈ ਬੈਠੇ ਸਨ ਅਤੇ ਉਹ ਪਿਛਲੀ ਕੋਰ ਕਮੇਟੀ ਦੀਆਂ ਮੀਟਿੰਗਾਂ ਵਿੱਚ ਵੀ ਕੁਝ ਜਿਆਦਾ ਭਾਗ ਨਹੀਂ ਲੈ ਰਹੇ ਸਨ।
ਖਾਸ ਕਰਕੇ ਪਾਰਟੀ ਦੀਆਂ ਰੈਲੀਆਂ ‘ਚ ਹਾਜ਼ਰ ਨਹੀਂ ਹੋਏ ਸੁਖਦੇਵ ਢੀਂਡਸਾ ਨੇ ਆਪਣੇ ਅਸਤੀਫ਼ੇ ਵਿੱਚ ਸੁਖਬੀਰ ਬਾਦਲ ਨੂੰ ਲਿਖਿਆ ਹੈ ਕਿ ਉਹ ਇਸ ਸਮੇਂ ਖਰਾਬ ਸਿਹਤ ਕਾਰਨ ਜਿੰਦਗੀ ਦੇ ਉਸ ਪੜਾਅ ਵਿੱਚੋਂ ਗੁਜਰ ਰਹੇ ਹਨ, ਜਿੱਥੇ ਕਿ ਉਹ ਪਾਰਟੀ ਦੀਆਂ ਜਿੰਮੇਵਾਰੀ ਸੰਭਾਲ ਨਹੀਂ ਸਕਦੇ ਹਨ ਅਤੇ ਉਨ੍ਹਾਂ ਜਵਾਨੀ ਦੇ ਸਮੇਂ ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਉੱਘੇ ਆਗੂਆਂ ਤੋਂ ਲੈ ਕੇ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕੰਮ ਕੀਤਾ ਹੋਇਆ ਹੈ, ਜਿਸ ਕਾਰਨ ਉਹ ਪਾਰਟੀ ਦੇ ਸ਼ੁਕਰ ਗੁਜਾਰ ਵੀ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਪਾਰਟੀ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਦੇ ਮੈਂਬਰ ਹਨ ਅਤੇ ਇਨ੍ਹਾਂ ਦੋਵਾਂ ਜ਼ਿੰਮੇਵਾਰੀਆਂ ਤੋਂ ਉਹ ਸੰਨਿਆਸ ਚਾਹੁੰਦੇ ਹਨ ਤਾਂ ਕਿ ਪਾਰਟੀ ਨੂੰ ਉਨ੍ਹਾਂ ਦੀ ਸਿਹਤ ਕਾਰਨ ਨੁਕਸਾਨ ਨਾ ਹੋਵੇ।
ਅਸਤੀਫ਼ੇ ਦਾ ਗਲਤ ਅਰਥ ਨਾ ਕੱਢਿਆ ਜਾਵੇ : ਪਰਮਿੰਦਰ ਸਿੰਘ ਢੀਂਡਸਾ
ਇਸ ਸਮੇਂ ਵਿਦੇਸ਼ ਦੌਰੇ ‘ਤੇ ਗਏ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈੱਸ ਦੇ ਨਾਂਅ ਜਾਰੀ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਅਸਤੀਫ਼ਾ ਦੇਣ ਤੋਂ ਬਾਅਦ ਵੀ ਪਾਰਟੀ ਨੂੰ ਸੇਵਾਵਾਂ ਦਿੰਦੇ ਰਹਿਣਗੇ ਉਨ੍ਹਾਂ ਦੇ ਅਸਤੀਫ਼ੇ ਦੇ ਗਲਤ ਅਰਥ ਨਾ ਕੱਢੇ ਜਾਣ ਉਨਾਂ ਕਿਹਾ ਕਿ ਪਿਛਲੇ ਦਿਨੀ ਉਨਾਂ ਦੇ ਪਿਤਾ ਦੀ ਬਾਈਪਾਸ ਸਰਜਰੀ ਹੋਈ ਸੀ, ਇਸ ਤੋਂ ਇਲਾਵਾ ਉਹ ਮੋਢੇ ਅਤੇ ਪਿੱਠ ਦੇ ਦਰਦ ਤੋਂ ਵੀ ਪੀੜਤ ਹਨ, ਜਿਸ ਕਰਕੇ ਉਨ੍ਹਾਂ ਨੂੰ ਤੁਰਨ-ਫਿਰਨ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ। ਪਿਛਲੇ ਦਿਨੀ ਬਹੁਤ ਜ਼ਿਆਦਾ ਦਰਦ ਹੋਣ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਦਰਦ-ਨਿਵਾਰਕ ਗੋਲੀਆਂ ਖਾਣ ਲਈ ਮਜ਼ਬੂਰ ਹੋਣਾ ਪਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।