ਔਰਤਾਂ ਦੀਆਂ ਵਾਲੀਆਂ ਤੇ ਚੈਨੀਆਂ ਲੁੱਟਣ ਵਾਲੇ ਬੰਟੀ, ਬਬਲੀ ਤੇ ਲੰਬੂ ਪੁਲਿਸ ਵੱਲੋਂ ਕਾਬੂ
ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ ਤੇ ਹਰਿਆਣਾ ‘ਚ ਦਿੰਦੇ ਸਨ ਘਟਨਾਵਾਂ ਨੂੰ ਅੰਜਾਮ
ਤਿੰਨਾਂ ‘ਤੇ ਪਹਿਲਾਂ ਹੀ 20 ਮੁਕੱਦਮੇ ਦਰਜ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਫਿਲਮ ਪਰਦੇ ‘ਤੇ ਲੋਕਾਂ ਨਾਲ ਠੱਗੀਆਂ ਤੇ ਚੋਰੀ ਕਰਨ ਵਾਲੇ ਕਿਰਦਾਰ ਵਜੋਂ ਮਸਹੂਰ ਹੋਏ ਬੰਟੀ-ਬਬਲੀ ਹੁਣ ਅਸਲੀ ਕਿਰਦਾਰ ‘ਚ ਵੀ ਸਾਹਮਣੇ ਆ ਗਏ ਹਨ। ਪਟਿਆਲਾ ਪੁਲਿਸ ਨੇ ਸੱਚਮੁੱਚ ਦੇ ਹੀ ਬੰਟੀ, ਬਬਲੀ ਤੇ ਲੰਬੂ ਨਾਮਕ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਮਾਲਵਾ ਦੇ ਪਟਿਆਲਾ, ਸੰਗਰੂਰ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਸਮੇਤ ਹਰਿਆਣਾ ‘ਚ ਰਾਹਗੀਰ ਔਰਤਾਂ ਦੀਆਂ ਚੈਨੀਆਂ ਤੇ ਕੰਨਾਂ ਦੀਆਂ ਵਾਲੀਆਂ ਝਪਟਣ ਦਾ ਕਾਰੋਬਾਰ ਕਰਨ ‘ਚ ਲੱਗੇ ਹੋਏ ਸਨ।
ਇਨ੍ਹਾਂ ਵੱਲੋਂ ਹੁਣ ਤੱਕ ਢਾਈ ਦਰਜ਼ਨ ਤੋਂ ਵੱਧ ਅਜਿਹੀਆਂ ਘਟਨਾਵਾਂ ਨੂੰ ਮੰਨ ਲਿਆ ਗਿਆ ਹੈ ਤੇ ਅਗਲੇ ਦਿਨਾਂ ਵਿੱਚ ਇਹ ਅੰਕੜਾ ਹੋਰ ਵਧ ਸਕਦਾ ਹੈ। ਇਨ੍ਹਾਂ ਤਿੰਨਾਂ ਖਿਲਾਫ਼ ਪਹਿਲਾਂ ਹੀ 20 ਮਾਮਲੇ ਦਰਜ਼ ਹਨ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜ੍ਹੇ ਗਏ ਤਿੰਨ ਸਨੈਚਰਾਂ ਪਾਸੋਂ 2900 ਨਸ਼ੀਲੀਆਂ ਗੋਲੀਆਂ ਤੇ ਇੱਕ ਲੀਟਰ ਨਸ਼ੀਲਾ ਤਰਲ ਪਦਾਰਥ ਵੀ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸੀਆਈਏ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਹਿਰਦਾਪੁਰ ਭਾਦਸੋਂ ਰੋਡ ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਬੰਟੀ ਮਲਹੋਤਰਾ ਵਾਸੀ ਸਿਨੇਮਾ ਚੌਂਕ ਸੁਨਾਮ ਜ਼ਿਲ੍ਹਾ ਸੰਗਰੂਰ ਜੋ ਕਿ ਹੁਣ ਰਾਜਪੁਰਾ ਵਿਖੇ ਰਹਿ ਰਿਹਾ ਹੈ, ਹਰਪ੍ਰੀਤ ਸਿੰਘ ਉਰਫ਼ ਲੰਬੂ ਵਾਸੀ ਗਰਚਾ ਰੋਡ ਨੇੜੇ ਸਿਮੀ ਪੈਲੇਸ ਬਰਨਾਲਾ ਜੋ ਹੁਣ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਰਹਿ ਰਿਹਾ ਹੈ ਤੇ ਕਰਨ ਚੋਪੜਾ ਉਰਫ਼ ਬਬਲੀ ਪੁੱਤਰ ਵਾਸੀ ਚੋਪੜਾ ਪੱਤੀ ਨਰਵਾਣਾ ਜ਼ਿਲ੍ਹਾ ਜੀਂਦ (ਹਰਿਆਣਾ) ਨੂੰ ਸ਼ੱਕ ਦੇ ਆਧਾਰ ‘ਤੇ ਰੋਕਕੇ ਜਦੋਂ ਤਲਾਸ਼ੀ ਲਈ ਤਾਂ ਇਨ੍ਹਾਂ ਪਾਸੋਂ ਨਸ਼ੇ ਦੀਆਂ ਗੋਲੀਆਂ ਤੇ ਤਰਲ ਪਦਾਰਥ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਨ੍ਹਾਂ ਪਾਸੋਂ ਕੁਝ ਹੋਰ ਵਾਰਦਾਤਾਂ ‘ਚ ਖੋਹੀਆਂ ਸੋਨੇ ਦੀਆਂ ਵਾਲੀਆਂ ਆਦਿ ਬਰਾਮਦ ਕੀਤੀਆਂ ਗਈਆਂ ਹਨ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਜ਼ਿਲ੍ਹਾ ਪਟਿਆਲਾ ਵਿਖੇ 7, ਸੰਗਰੂਰ 5, ਮਾਨਸਾ 2 ਤੇ ਬਰਨਾਲਾ ਵਿਖੇ 1 ਸਨੈਚਿੰਗ ਦੀਆਂ ਵਰਦਾਤਾਂ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦਾ ਪਿਛੋਕੜ ਅਪਰਾਧਿਕ ਹੈ ਜੋ ਵੱਖ-ਵੱਖ ਜ਼ੁਰਮਾਂ ‘ਚ ਜੇਲ੍ਹ ਜਾ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਬੰਟੀ ਮਲਹੋਤਰਾ ਤੇ ਕਰਨ ਚੋਪੜਾ ਦੀ ਆਪਸ ‘ਚ ਜਾਣ-ਪਹਿਚਾਣ ਜੇਲ੍ਹ ‘ਚ ਹੋਈ ਸੀ ਜਦੋਂ ਕਿ ਹਰਪ੍ਰੀਤ ਸਿੰਘ ਨੂੰ ਬੰਟੀ ਮਲਹੋਤਰਾ ਸੁਨਾਮ ਵਿਖੇ ਰਹਿਣ ਕਰਕੇ ਪਹਿਲਾਂ ਤੋਂ ਹੀ ਜਾਣਦਾ ਸੀ।
ਅਪਰੈਲ 2018 ਵਿੱਚ ਬੰਟੀ ਮਲਹੋਤਰਾ ਜੇਲ੍ਹ ਵਿੱਚ ਜ਼ਮਾਨਤ ‘ਤੇ ਆਇਆ ਸੀ ਇਸ ਤੋਂ ਮਗਰੋਂ ਕਰਨ ਚੋਪੜਾ ਥੋੜ੍ਹੀ ਦੇਰ ਪਹਿਲਾਂ ਹੀ ਕੁਰੂਕਸ਼ੇਤਰ ਜੇਲ੍ਹ ‘ਚੋਂ ਬਾਹਰ ਆਇਆ ਹੈ ਫਿਰ ਇਨ੍ਹਾਂ ਤਿੰਨਾਂ ਨੇ ਮਿਲਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨੂੰ ਫੜ੍ਹਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਵਧੀਆ ਕੰਮ ਕਰਨ ਬਦਲੇ ਪ੍ਰਸੰਸਾ ਪੱਤਰ ਦਰਜਾ ਪਹਿਲਾ ਦਿੱਤੇ ਜਾਣਗੇ ਤੇ ਸਿਪਾਹੀ ਜਸਪਿੰੰਦਰ ਸਿੰਘ ਨੂੰ ਡੀਜੀਪੀ ਡਿਸਕ ਦੇਣ ਦੀ ਸਿਫਾਰਸ਼ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।