ਫਰੀਦਕੋਟ ਰੈਲੀ ‘ਤੇ ਲਾਈ ਰੋਕ ਲੋਕਤੰਤਰ ਦਾ ਘਾਣ : ਬਾਦਲ

Ban, Demolition, Faridkot, Rally, Badal

ਕਿਹਾ : ਅਬੋਹਰ ‘ਚ ਵੀ ਸ਼ਾਂਤੀਪੂਰਨ ਹੋਈ ਸੀ ਰੈਲੀ ਤਾਂ ਫਿਰ ਫਰੀਦਕੋਟ ਦਾ ਕਿਉਂ ਡਰ

ਕਿਹਾ, ਫਰਦੀਕੋਟ ‘ਚ ਬਾਬਾ ਫਰੀਦ ਦੇ ਸਮਾਗਮਾਂ ਦਾ ਵੀ ਘੜਿਆ ਜਾ ਰਿਹਾ ਹੈ ਬਹਾਨਾ

ਬਠਿੰਡਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼

ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਸ਼ੁਰੂ ਕੀਤੀਆਂ ਪੋਲ ਖੋਲ੍ਹ ਰੈਲੀਆਂ ਦੀ ਲੜੀ ਤਹਿਤ 16 ਸਤੰਬਰ ਨੂੰ ਫਰੀਦਕੋਟ ਵਿਖੇ ਹੋਣ ਵਾਲੀ ਰੈਲੀ ‘ਤੇ ਪ੍ਰਸ਼ਾਸਨ ਵੱਲੋਂ ਲਾਈ ਰੋਕ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੋਕਤੰਤਰ ਦਾ ਕਤਲ ਅਤੇ ਸਿਆਸੀ ਫੈਸਲਾ ਕਰਾਰ ਦਿੱਤਾ ਹੈ।

ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ‘ਅਸੀਂ ਰੈਲੀਆਂ ਪੂਰੇ ਪੰਜਾਬ ‘ਚ ਕਰਨੀਆਂ ਨੇ ਤੇ ਇਹ ਰੈਲੀ ਕਿਸੇ ਨੂੰ ਚਿੜਾਉਣ ਵਾਸਤੇ ਨਹੀਂ ਕੀਤੀ ਜਾਣੀ ਸੀ।” ਉਨ੍ਹਾਂ ਆਖਿਆ ਕਿ ਰੈਲੀ ਸਬੰਧੀ ਅਮਨ ਸ਼ਾਂਤੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਪਰ ਜੇ ਅਬੋਹਰ ਦੀ ਰੈਲੀ ‘ਚ ਕੁਝ ਨਹੀਂ ਹੋਇਆ ਤਾਂ ਫਰੀਦਕੋਟ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਫਰੀਦਕੋਟ ‘ਚ ਬਾਬਾ ਫਰੀਦ ਦੇ ਸਮਾਗਮਾਂ ਦਾ ਵੀ ਬਹਾਨਾ ਘੜਿਆ ਜਾ ਰਿਹਾ ਹੈ ਕਿਉਂਕਿ ਸਮਾਗਮ 19 ਨੂੰ ਹੋਣੇ ਹਨ ਜਦੋਂਕਿ ਰੈਲੀ 16 ਨੂੰ ਕਰਨੀ ਸੀ।

ਸ੍ਰ. ਬਾਦਲ ਨੇ ਕਿਹਾ ਕਿ ਰੈਲੀ ਸਬੰਧੀ ਉਨ੍ਹਾਂ ਨੇ ਹਾਈਕੋਰਟ ‘ਚ ਵੀ ਪਹੁੰਚ ਕੀਤੀ ਹੈ ਪਰ ਕਾਂਗਰਸ ਅਜਿਹਾ ਕਰਕੇ ਆਪਣੀ ਸੰਵਿਧਾਨਕ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਜੋ ਭੁਲੇਖੇ ਪਾਏ ਨੇ ਉਨ੍ਹਾਂ ਭੁਲੇਖਿਆਂ ਨੂੰ ਰੈਲੀਆਂ ਕਰਕੇ ਦੂਰ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਪੰਜਾਬ ਦੇ ਖਿਲਾਫ ਹਨ। ਤੱਤਕਾਲੀ ਡੀਜੀਪੀ ਸੁਮੇਧ ਸੈਣੀ ਨਾਲ ਰਾਤ ਨੂੰ 2 ਵਜੇ ਫੋਨ ‘ਤੇ ਗੱਲਬਾਤ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ‘ਮੈਂ ਤਾਂ ਉਸ ਦਿਨ ਸਾਰੀ ਰਾਤ ਹੀ ਨਹੀਂ ਸੁੱਤਾ ਤੇ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਨਹੀਂ ਕਹਿ ਸਕਦਾ ਗੋਲੀ ਚਲਾਓ।”

ਉਨ੍ਹਾਂ ਕਿਹਾ ਕਿ ਕਾਂਗਰਸ ਭਰਾ ਮਾਰੂ ਜੰਗ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਆਪਣੇ ਪਿਛਲੇ ਦਸ ਸਾਲਾਂ ਦੇ ਰਾਜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਭ ਧਰਮਾਂ ਦੀਆਂ ਯਾਦਗਰਾਂ ਬਣਾਈਆਂ ਪਰ ਕਾਂਗਰਸ ਨੇ ਸ੍ਰੀ ਹਰਮਿੰਦਰ ਸਾਹਿਬ ‘ਤੇ ਹਮਲਾ ਕਰਵਾਇਆ ਤੇ 84 ‘ਚ ਕਤਲੇਆਮ ਵੀ ਕਰਵਾਇਆ ਗਿਆ। ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਰੈਲੀ ‘ਤੇ ਰੋਕ ਰਾਜਨੀਤਿਕ ਫੈਸਲਾ ਹੈ ਤੇ ਇਹ ਫੈਸਲਾ ਕਾਂਗਰਸ ਦੀ ਲੀਡਰਸ਼ਿਪ ਖਾਸ ਕਰਕੇ ਸੁਨੀਲ ਜਾਖੜ ਦੀ ਘਬਰਾਹਟ ਵਿਖਾਉਂਦੀ ਹੈ ਕਿ ਉਹ ਹਾਰ ਮੰਨ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਜੋ ਬਰਗਾੜੀ ਧਰਨੇ ‘ਤੇ ਬੈਠੇ ਨੇ ਉਨ੍ਹਾਂ ਨੇ ਕੈਪਟਨ ਨਾਲ ਗੱਲ ਕੀਤੀ ਤਾਂ ਇਹ ਫੈਸਲਾ ਹੋਇਆ ਹੈ। ਸੁਖਬੀਰ ਨੇ ਕਿਹਾ ਕਿ ਫਰੀਦਕੋਟ ਦੀ ਰੈਲੀ ‘ਚ ਤਾਂ ਅਬੋਹਰ ਨਾਲੋਂ ਵੀ ਜ਼ਿਆਦਾ ਇਕੱਠ ਹੋਣਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਧਮਕੀ ਦਿੱਤੀ ਸੀ ਕਿ ਅਕਾਲੀਆਂ ਨੂੰ ਪਿੰਡਾਂ ‘ਚ ਨਹੀਂ ਵੜ੍ਹਨ ਦਿੱਤਾ ਜਾਵੇਗਾ ਪਰ ਅਕਾਲੀ-ਭਾਜਪਾ ਦੇ ਧਰਨਿਆਂ ਅਤੇ ਅਬੋਹਰ ਰੈਲੀ ਨੂੰ ਲੋਕਾਂ ਵੱਲੋਂ ਦਿੱਤੇ ਵੱਡੇ ਹੁੰਗਾਰੇ ਨੇ ਕਾਂਗਰਸ ਦੇ ਪੈਰਾਂ ਥੱਲੋਂ ਜ਼ਮੀਨ ਕੱਢ ਦਿੱਤੀ।  ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ ਕਮਿਸ਼ਨ ਮਗਰੋਂ ਜੋ ਪ੍ਰਚਾਰ ਕਾਂਗਰਸ ਨੇ ਕੀਤਾ ਸੀ ਉਹ ਇਨ੍ਹਾਂ ਨੂੰ ਹੀ ਉਲਟਾ ਪੈ ਗਿਆ।

ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਬਠਿੰਡਾ ਦਿਹਾਤੀ ਦੇ ਅਕਾਲੀ ਆਗੂ ਅਮਿਤ ਰਤਨ ਕੋਟਫੱਤਾ ਸਮੇਤ ਹੋਰ ਕਾਫੀ ਅਕਾਲੀ ਆਗੂ ਹਾਜ਼ਰ ਸਨ।

ਸਾਨੂੰ ਇਨ੍ਹਾਂ ਦੀਆਂ ਗੱਡੀਆਂ ਦੀ ਲੋੜ ਨਹੀਂ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਾਦਲ ਪਰਿਵਾਰ ਦੇ ਸੁਰੱਖਿਆ ਦਸਤੇ ‘ਚ ਸ਼ਾਮਲ ਕਰਨ ਲਈ ਨਵੀਆਂ ਗੱਡੀਆਂ ਦੀ ਪ੍ਰਵਾਨਗੀ ਰੱਦ ਕਰਨ ਦੇ ਸਵਾਲ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ‘ਨਾ ਤਾਂ ਅਸੀਂ ਇਨ੍ਹਾਂ ਤੋਂ ਸੁਰੱਖਿਆ ਮੰਗੀ ਹੈ ਅਤੇ ਨਾ ਹੀ ਇਨ੍ਹਾਂ ਦੀਆਂ ਗੱਡੀਆ ਦੀ ਸਾਨੂੰ ਲੋੜ ਹੈ।” ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਤਾਂ ਕੋਠੀ ਵੀ ਆਫਰ ਕੀਤੀ ਸੀ ਪਰ ਅਸੀਂ ਠੁਕਰਾ ਦਿੱਤੀ।

ਪੰਜਾਬ ਦੀ ਸ਼ਾਂਤੀ ਲਈ ਜਾਨ ਦੇਣ ਨੂੰ ਤਿਆਰ ਹਾਂ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਸੁਖਬੀਰ ਨੇ ਕਿੰਨੀਆਂ ਰੈਲੀਆਂ ਕੀਤੀਆਂ ਨੇ ਉਹ ਨਹੀਂ ਗਏ ਪਰ ਹੁਣ ਪੰਜਾਬ ਦੀ ਸ਼ਾਂਤੀ ਦਾ ਮਸਲਾ ਹੈ, ਜਿਸ ਲਈ ਉਹ ਹੁਣ ਨਾਲ ਤੁਰੇ ਹਨ ਤੇ ਅਮਨ ਸ਼ਾਂਤੀ ਲਈ ਉਹ ਜਾਨ ਦੇਣ ਨੂੰ ਵੀ ਤਿਆਰ ਹਨ । ਉਨ੍ਹਾਂ ਕਿਹਾ ਕਿ ਹੁਣ ਮੇਰਾ ਕੋਈ ਸਿਆਸੀ ਲਾਲਚ ਨਹੀਂ ਹੈ ਪਰ ਜਿਹੜੇ ਪੰਜਾਬ ਨੇ ਉਸ ਨੂੰ ਐਨਾ ਕੁਝ ਦਿੱਤਾ ਹੈ ਉਸ ਸਬੰਧੀ ਉਹ ਟਿਕ ਕੇ ਨਹੀਂ ਬੈਠ ਸਕਦੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।