25 ਲੱਖ ਦੇ ਚੋਰੀ ਦੇ ਸਮਾਨ ਤੇ ਨਕਦੀ ਸਮੇਤ ਤਿੰਨ ਮੈਂਬਰ ਕਾਬੂ
ਜਗਰਾਓਂ, ਜਸਵੰਤ ਰਾਏ
ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚੋਂ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੌਮਾਂਤਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਲਾਡਵਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਦੇ ਰਹਿਣ ਵਾਲੇ ਇਨ੍ਹਾਂ ਦੋਸ਼ੀਆਂ ਕੋਲੋਂ 15 ਐੱਲ.ਸੀ.ਡੀ, 13 ਲੈਪਟਾਪ, 7 ਬੈਟਰੇ, 2 ਦੇਗੇ, ਸੋਨੇ ਦੇ ਗਹਿਣੇ, ਰੈਡੀਮੇਡ ਕੱਪੜਿਆਂ ਸਮੇਤ ਇੱਕ ਲੱਖ ਦੋ ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।
ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੌਰਾਨ ਜਗਰਾਓਂ ਦੇ ਐੱਸਐੱਸਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਥਾਣਾ ਸਦਰ ਰਾਏਕੋਟ ਦੇ ਮੁੱਖ ਅਫਸਰ ਸਿਮਰਜੀਤ ਸਿੰਘ ਵੱਲੋਂ ਅੰਤਰਾਜੀ ਚੋਰੀਆਂ ਕਰਨ ਵਾਲੇ ਖਤਰਨਾਕ ਗਿਰੋਹ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਅਜੇ ਸ਼ਰਮਾ ਉਰਫ ਰਿੰਕੂ ਪੁੱਤਰ ਸਤੀਸ਼ ਸ਼ਰਮਾ ਵਾਸੀ ਪੁਰਾਣਾ ਥਾਣਾ ਲਾਡਵਾ (ਹਰਿਆਣਾ) ਜਿਸ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਤੇ ਹੁਣ ਕਾਫੀ ਸਮੇਂ ਤੋਂ ਕਈ ਮੁਕੱਦਮਿਆਂ ‘ਚ ਭਗੌੜਾ ਚੱਲਿਆ ਆ ਰਿਹਾ ਹੈ ਜੋ ਆਪਣੇ ਸਾਥੀਆਂ ਵਿਪਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਲਾਡਵਾ ਤੇ ਅਮਿਤ ਮਹੇਸ਼ਵਰੀ ਉਰਫ ਬੱਲੋ ਪੁੱਤਰ ਵਿਨੋਦ ਕੁਮਾਰ ਵਾਸੀ ਲਾਲ ਸੜਕ ਲਾਡਵਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਤੇ ਕੁਝ ਹੋਰ ਸਾਥੀ ਜੋ ਚੋਰੀਆਂ ਕਰਨ ਦੇ ਆਦੀ ਹਨ ਤੇ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜਕੇ ਦੁਕਾਨਾਂ ‘ਚੋਂ ਕੀਮਤੀ ਕੱਪੜਾ, ਲੈਪਟਾਪ, ਐਲ.ਸੀ.ਡੀ. ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਅੱਗੇ ਵੇਚਦੇ ਹਨ ਉਕਤ ਗਿਰੋਹ ਰਾਏਕੋਟ ਦੇ ਏਰੀਏ ‘ਚ ਵੀ ਸਰਗਰਮ ਹੈ ਜੋ ਹਨ੍ਹੇਰੀਆਂ ਰਾਤਾਂ ਦਾ ਫਾਇਦਾ ਉਠਾ ਕੇ ਰਾਤ ਨੂੰ ਰਾਏਕੋਟ ਦੇ ਏਰੀਏ ਵਿੱਚ ਚੋਰੀਆਂ ਕਰ ਸਕਦੇ ਹਨ।
ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ ਖਿਲਾਫ ਥਾਣਾ ਸਦਰ ਰਾਏਕੋਟ ਵਿਖੇ ਮਾਮਲਾ ਦਰਜ ਕਰਕੇ ਦੋਸ਼ੀਆਂ ਅਜੇ ਸ਼ਰਮਾ ਉਰਫ ਰਿੰਕੂ, ਵਿਪਲ ਕੁਮਾਰ ਅਤੇ ਅਮਿਤ ਮਹੇਸ਼ਵਰੀ ਨੂੰ ਹਲਕਾ ਰਾਏਕੋਟ ਦੇ ਪਿੰਡ ਨੂਰਪੁਰ ਦੇ ਨੇੜੇਓਂ 27 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਦੀ ਨਿਸ਼ਾਨਦੇਹੀ ਤੋਂ 15 ਐਲ.ਸੀ.ਡੀ, 13 ਲੈਪਟਾਪ, 7 ਬੈਟਰੇ, 2 ਦੇਗੇ, ਸੋਨੇ ਦੇ ਗਹਿਣੇ, ਰੇਡੀਮੇਡ ਕੱਪੜੇ ਤੇ ਇੱਕ ਲੱਖ ਦੋ ਹਜ਼ਾਰ ਰੁਪਏ ਦੀ ਨਕਦੀ ਸਮੇਤ ਉਕਤ ਬਰਾਮਦ ਕੀਤੇ ਸਮਾਨ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।