ਐਸਵਾਈਐਲ ਸਬੰਧੀ ਹੋਈ ਚਰਚਾ, ਪੰਜਾਬ ਫਾਇਦਾ ਲੈਣ ਦੀ ਫਿਰਾਕ ‘ਚ, 5 ਸਤੰਬਰ ਨੂੰ ਸੁਪਰੀਮ ਕੋਰਟ ‘ਚ ਹੋਣੀ ਹੈ ਅਹਿਮ ਸੁਣਵਾਈ
ਮਨੋਹਰ ਲਾਲ ਖੱਟਰ ਨਹੀਂ ਕਰ ਸਕੇ ਪ੍ਰਧਾਨ ਮੰਤਰੀ ਨਾਲ ਹੁਣ ਤੱਕ ਮੁਲਾਕਾਤ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਈ ਸਿਰ ਦਰਦ ਬਣ ਸਕਦੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਸ ਸਮੇਂ ਮੁਲਾਕਾਤ ਹੋਈ ਹੈ ਜਦੋਂ ਸੁਪਰੀਮ ਕੋਰਟ ‘ਚ ਕੁਝ ਹੀ ਦਿਨਾਂ ਬਾਅਦ ਐਸਵਾਈਐਲ ਸਬੰਧੀ ਅਹਿਮ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ।
ਅਜਿਹਾ ਮੰਨਿਆ ਵੀ ਜਾ ਰਿਹਾ ਹੈ ਕਿ 3 ਸਤੰਬਰ ਜਾਂ ਉਸਦੇ ਆਸ-ਪਾਸ ਹੀ ਸੁਪਰੀਮ ਕੋਰਟ ਐਸਵਾਈਐਲ ਸਬੰਧੀ ਆਪਣਾ ਆਖਰੀ ਫੈਸਲਾ ਸੁਣਾ ਸਕਦੀ ਹੈ ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਅਹਿਮ ਮੰਨੀ ਜਾ ਰਹੀ ਕਿਉਂਕਿ ਕੇਂਦਰ ਸਰਕਾਰ ਦਾ ਇਸ ਸੁਣਵਾਈ ਦੌਰਾਨ ਰੋਲ ਕਾਫੀ ਪ੍ਰਮੁੱਖਤਾ ਨਾਲ ਦੇਖਿਆ ਜਾਵੇਗਾ ਜੇਕਰ ਸੁਪਰੀਮ ਕੋਰਟ ‘ਚ ਕੇਂਦਰ ਆਪਣਾ ਪੱਖ ਕਿਸੇ ਵੀ ਤਰੀਕੇ ਨਾਲ ਬਦਲਦੀ ਹੈ ਜਾਂ ਫਿਰ ਸਾਫਟ ਕਰਦੀ ਹੈ ਤਾਂ ਇਸਦਾ ਨੁਕਸਾਨ ਸਿੱਧੇ ਤੌਰ ‘ਤੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਹੋਣ ਵਾਲਾ ਹੈ।
ਜਾਣਕਾਰੀ ਅਨੁਸਾਰ ਬੀਤੇ 2 ਦਿਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਰਜਿਸਟਰ ਆਫਿਸ ਵੱਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 5 ਸਤੰਬਰ ਨੂੰ ਸੁਪਰੀਮ ਕੋਰਟ ਐਸਵਾਈਐਲ ਸਬੰਧੀ ਸੁਣਵਾਈ ਸ਼ੁਰੂ ਕਰਨ ਜਾ ਰਹੀ ਹੈ, ਜਿਸ ਵਿਚ ਐਸਵਾਈਐਲ ਸਬੰਧੀ ਕਿਸੇ ਵੀ ਸਮੇਂ ਵੱਡਾ ਫੈਸਲਾ ਆ ਸਕਦਾ ਹੈ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਬਾਹਰ ਆਉਣ ਦੇ ਅਗਲੇ ਹੀ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚਕੇ ਨਾ ਸਿਰਫ ਕੈਬਨਿਟ ਮੰਤਰੀ ਨਿਤਿਨ ਗੜਕਰੀ ਤੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਦੇ ਹਨ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਦੇ ਹੋਏ ਕਾਫੀ ਲੰਮੀ ਚਰਚਾ ਕਰਦੇ ਹਨ ਹਾਲਾਂਕਿ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦਰਿਮਾਨ ਕੀ ਚਰਚਾ ਹੋਈ ਇਸਦਾ ਵੇਰਵਾ ਬਾਹਰ ਨਹੀਂ ਆਇਆ ਹੈ ਪਰੰਤੂ ਇਹ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਇਹ ਤੈਅ ਕਰਕੇ ਗਏ ਸਨ ਕਿ ਉਹ ਪ੍ਰਧਾਨ ਮੰਤਰੀ ਕੋਲ ਐਸਵਾਈਐਲ ਦਾ ਮੁੱਦਾ ਜ਼ਰੂਰ ਉਠਾਉਣਗੇ ।
ਕਿਉਂਕਿ ਸੁਪਰੀਮ ਕੋਰਟ ‘ਚ ਕੇਂਦਰ ਵੱਲੋਂ ਦਿੱਤੇ ਜਾਣ ਵਾਲੇ ਬਿਆਨ ਕਾਫੀ ਮਾਇਨੇ ਰੱਖਣ ਵਾਲੇ ਹਨ ਇਸ ਲਈ ਕੈਪਟਨ ਅਮਰਿੰਦਰ ਦੀ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਈ ਸਿਰ ਦਰਦ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਜੇਕਰ 5 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਢਿੱਲ ਦਿੱਤੀ ਗਈ ਤਾਂ ਇਸਦਾ ਦੋਸ਼ ਮਨੋਹਰ ਲਾਲ ਖੱਟਰ ‘ਤੇ ਆ ਸਕਦਾ ਹੈ ਕਿਉਂਕਿ ਕੇਂਦਰ ‘ਚ ਭਾਜਪਾ ਦੀ ਸਰਕਾਰ ਦੇ ਬਾਵਜ਼ੂਦ ਵੀ ਇਹ ਨਰਿੰਦਰ ਮੋਦੀ ਨਾਲ ਮੁਲਾਕਾਤ ਨਹੀਂ ਕਰ ਸਕੇ ਜਦੋਂ ਦੂਜੇ ਪਾਸੇ ਇੱਕ ਹੀ ਦਿਨ ‘ਚ ਪੰਜਾਬ ਦੇ ਮੁੱਖ ਮੰਤਰੀ ਮੁਲਾਕਾਤ ਕਰਦੇ ਹੋਏ ਪੰਜਾਬ ਦਾ ਪੱਖ ਵੀ ਰੱਖ ਕੇ ਆ ਗਏ ।
ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਮਨੋਹਰ ਲਾਲ ਖੱਟਰ
ਮਨੋਹਰ ਲਾਲ ਖੱਟਰ ਹਰਿਆਣਾ ਦੇ ਵਿਰੋਧੀ ਧਿਰ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ ਵਿਰੋਧੀ ਧਿਰ ਪਾਰਟੀਆਂ ਨੇ ਸਿੱਧੇ ਤੌਰ ‘ਤੇ ਮਨੋਹਰ ਲਾਲ ਖੱਟਰ ਨੂੰ ਐਸਵਾਈਐਲ ਦੇ ਮਾਮਲੇ ‘ਚ ਸੀਰੀਅਸ ਨਾ ਹੋਣ ਦਾ ਦੋਸ਼ ਤੱਕ ਲਾ ਦਿੱਤਾ ਹੈ, ਕਿਉਂਕਿ ਇਸ ਗੰਭੀਰ ਮੁੱਦੇ ‘ਤੇ ਹੁਣ ਤੱਕ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰ ਸਕੇ ਹਨ ਵਿਰੋਧ ‘ਚ ਕਾਂਗਰਸ ਤੇ ਇਨੈਲੋ ਨੇ ਹਮਲਾ ਕਰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ਼ਾਇਦ ਮਨੋਹਰ ਲਾਲ ਖੱਟਰ ਐਸਵਾਈਐਲ ਦਾ ਪਾਣੀ ਹਰਿਆਣਾ ‘ਚ ਲਿਆਉਣਾ ਹੀ ਨਹੀਂ ਚਾਹੁੰਦੇ ਹਨ ਜਿਸ ਕਾਰਨ ਹੀ ਇਹ ਪ੍ਰਧਾਨ ਮੰਤਰੀ ਨਾਲ ਇੱਕ ਮੁਲਾਕਾਤ ਤੱਕ ਨਹੀਂ ਕਰ ਸਕੇ ਜਾਂ ਫਿਰ ਨਰਿੰਦਰ ਮੋਦੀ ਮਨੋਹਰ ਲਾਲ ਖੱਟਰ ਨੂੰ ਸਮਾਂ ਨਹੀਂ ਦੇ ਰਹੇ ਹਨ।
ਵਿਧਾਨ ਸਭਾ ਸੈਸ਼ਨ ‘ਚ ਬਣ ਸਕਦੈ ਵੱਡਾ ਮੁੱਦਾ
ਆਗਾਮੀ 7 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਛੋਟੇ ਵਿਧਾਨ ਸਭਾ ਸੈਸ਼ਨ ‘ਚ ਐਸਵਾਈਐਲ ਦਾ ਮੁੱਦਾ ਵੱਡਾ ਬਣਾ ਸਕਦਾ ਹੈ ਜਿੱਥੇ ਵਿਰੋਧੀ ਪਾਰਟੀਆਂ ਮਨੋਹਰ ਲਾਲ ਖੱਟਰ ਨੂੰ ਘੇਰਨ ਲਈ ਆਪਣੀ ਧਾਰ ਨੂੰ ਤੇਜ਼ ਕਰਨ ‘ਚ ਲੱਗੀਆਂ ਹੋਈਆਂ ਹਨ ਉੱਥੇ 5 ਸਤੰਬਰ ਨੂੰ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ਤੋਂ ਬਾਅਦ ਇਹ ਸੈਸ਼ਨ ਸ਼ੁਰੂ ਹੋਵੇਗਾ ਇਸ ਲਈ ਸੁਣਵਾਈ ਦੌਰਾਨ ਹੋਣ ਵਾਲੀ ਕਾਰਵਾਈ ਵੀ ਇਸ ਸੈਸ਼ਨ ‘ਚ ਭਾਰੀ ਪਏਗੀ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਬਾਅਦ ਸੈਸ਼ਨ ਦੌਰਾਨ ਮਨੋਹਰ ਲਾਲ ਖੱਟਰ ਸਰਕਾਰ ਦੀ ਵੀ ਇੱਕ ਪਾਸੇ ਤੋਂ ਪ੍ਰੀਖਿਆ ਹੋਵੇਗੀ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੂੰ ਕਿਵੇਂ ਤੇ ਕੀ ਜਵਾਬ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।