ਸੁਖਬੀਰ ਬਾਦਲ ਦਾ ਦਾਅਵਾ, ਦਾਦੂਵਾਲ ਨੇ ਤਿਆਰ ਕਰਵਾਈ ਰਣਜੀਤ ਸਿੰਘ ਰਿਪੋਰਟ
- 4 ਕਿਰਦਾਰਾਂ ਨੇ ਤਿਆਰ ਕੀਤੀ ਰਣਜੀਤ ਸਿੰਘ ਰਿਪੋਰਟ, ਵਿਦੇਸ਼ਾਂ ਤੋਂ ਆਏ ਫੰਡ : ਸੁਖਬੀਰ ਬਾਦਲ
- ਕਿਹਾ, ਗਰਮ ਖ਼ਿਆਲੀ ਕੈਪਟਨ ਚੰਨਣ ਸਿੰਘ ਦੇ ਘਰ ‘ਚ ਹੁੰਦੀਆਂ ਰਹੀਆਂ ਹਨ ਮੀਟਿੰਗਾਂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ)। ਬਲਜੀਤ ਦਾਦੂਵਾਲ ਆਈ. ਐਸ. ਆਈ. ਦਾ ਏਜੰਟ ਹੈ ਅਤੇ ਵਿਦੇਸ਼ਾਂ ਦੀ ਫੰਡਿੰਗ ਉਸ ਦੇ ਖਾਤੇ ਵਿਚ ਹੁੰਦੀ ਰਹਿੰਦੀ ਹੈ, ਇਸ ਸਮੇਂ ਬਲਜੀਤ ਸਿੰਘ ਦਾਦੂਵਾਲ ਦੇ ਐਚ.ਡੀ.ਐਫ.ਸੀ. ਬੈਂਕ ‘ਚ 5 ਖਾਤੇ ਅਤੇ ਇੱਕ ਖਾਤਾ ਐਕਸਿਸ ਬੈਂਕ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਮਨੀ ਗ੍ਰਾਮ ਅਤੇ ਵੈਸਟਰਨ ਯੂਨੀਅਨ ਰਾਹੀਂ 16 ਕਰੋੜ 70 ਲੱਖ 39 ਹਜ਼ਾਰ 223 ਰੁਪਏ ਆਏ ਹਨ, ਜਿਹੜੇ ਕਿ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਨਾਲ ਮਿਲ ਕੇ ਝੂਠੀ ਰਿਪੋਰਟ ਤਿਆਰ ਕਰਵਾਉਣ ਲਈ ਆਏ ਸਨ। ਇਹ ਖ਼ੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ ਕਰਵਾਉਣ ਵਿੱਚ ਕੁਲ 4 ਕਿਰਦਾਰ ਸ਼ਾਮਲ ਹਨ, ਜਿਸ ਵਿੱਚ ਜਸਟਿਸ ਰਣਜੀਤ ਸਿੰਘ, ਬਲਜੀਤ ਦਾਦੂਵਾਲ, ਸੁਖਪਾਲ ਖਹਿਰਾ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਗਰਮ-ਖ਼ਿਆਲੀ ਲੀਡਰ ਕੈਪਟਨ ਚੰਨਣ ਸਿੰਘ ਸੰਧੂ ਦੇ ਘਰ ਵਿੱਚ ਇਨ੍ਹਾਂ ਸਾਰਿਆਂ ਦੀਆਂ ਮੁਲਾਕਾਤਾਂ ਆਮ ਵਾਂਗ ਹੁੰਦੀ ਰਹੀਆਂ ਹਨ। ਇਸ ਗੱਲ ਦੇ ਸਬੂਤ ਇਨਾਂ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ 15 ਜੂਨ 2018 ਨੂੰ ਸਵੇਰੇ 6 ਵਜੇ ਸੁਖਪਾਲ ਖਹਿਰਾ, ਜਸਟਿਸ ਰਣਜੀਤ ਸਿੰਘ ਅਤੇ ਜੇ.ਐਸ. ਮਹਿਮੀ (ਕਮਿਸ਼ਨ ਦਾ ਰਜਿਸਟਰਾਰ) ਦੀ ਮੀਟਿੰਗ ਹੁੰਦੀ ਹੈ। ਇਸ ਤੋਂ ਬਾਅਦ 17 ਜੂਨ ਨੂੰ ਜਸਟਿਸ ਰਣਜੀਤ ਸਿੰਘ ਦੇ ਘਰ ਵਿੱਚ ਸਵੇਰੇ 6 ਵਜੇ ਸੁਖਪਾਲ ਖਹਿਰਾ ਜਾਂਦਾ ਹੈ ਅਤੇ ਸਮਾਂ ਤੈਅ ਹੁੰਦਾ ਹੈ, ਜਿਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦੇ ਘਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸ਼ਾਮ ਨੂੰ 8:37 ਵਜੇ ਜਾਂਦਾ ਹੈ। ਜਿਥੇ ਕਿ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਪਾਲ ਖਹਿਰਾ ਦੀ ਮੀਟਿੰਗ ਜਸਟਿਸ ਰਣਜੀਤ ਸਿੰਘ ਨਾਲ ਹੁੰਦੀ ਹੈ। ਇਥੇ ਹੀ ਉਹ 9 ਵਜੇ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ 18 ਜੂਨ ਨੂੰ ਸ਼ਾਮ 6 ਵਜੇ ਜਸਟਿਸ ਰਣਜੀਤ ਸਿੰਘ ਕੈਪਟਨ ਚੰਨਣ ਸਿੰਘ ਸੰਧੂ ਦੇ ਫਾਰਮ ਹਾਉਸ ਜਿਹੜਾ ਕਿ ਗਰੀਬਦਾਸ ਮੁਲਾਪੁੱਰ ਵਿਖੇ ਸਥਿਤ ਹੈ, ਉਥੇ ਪੁੱਜਦੇ ਹਨ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਅਤੇ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ ਅਤੇ ਗੋਰਾ ਸਿੰਘ ਮੌਕੇ ਮੀਟਿੰਗ ਕਰਦੇ ਹਨ। ਉਨਾਂ ਕਿਹਾ ਕਿ ਉਨਾਂ ਦੀ ਇਸ ਸਮੇਂ ਮੋਬਾਇਲ ਲੋਕੇਸ਼ਨ ਅਤੇ ਸਮਾਂ ਬਿਲਕੁਲ ਇੱਕ ਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸੁਖਪਾਲ ਖਹਿਰਾ ਇਨਾਂ ਨਾਲ ਮਿਲਿਆ ਹੋਇਆ ਹੈ ਅਤੇ ਇਨਾਂ ਸਾਰੀਆਂ ਨੇ ਮਿਲ ਕੇ ਹੀ ਸਾਜ਼ਿਸ਼ ਰਚੀ ਗਈ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਬੀਤੀ ਰਾਤ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿੱਚ ਬਲਜੀਤ ਸਿੰਘ ਦਾਦੂਵਾਲ ਦੀ ਮੀਟਿੰਗ ਹੁੰਦੀ ਹੈ ਪਰ ਦਾਦੂਵਾਲ ਮੁੱਕਰ ਰਿਹਾ ਹੈ। ਉਨਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਬਨੂੜ ਟੋਲ ਬੈਰੀਅਰ ਤੋਂ 7:22 ਵਜੇ ਨਿਕਲਦੀ ਹੈ, ਜਿਸ ਤੋਂ ਬਾਅਦ ਇਹ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿਖੇ ਪੁੱਜ ਜਾਂਦੀ ਹੈ। ਜਿਥੇ ਕਿ ਪ੍ਰੈਸ ਘੇਰਦੀ ਹੈ ਤਾਂ ਮੀਡੀਆ ਕੋਲ ਦਾਦੂਵਾਲ ਕਹਿੰਦਾ ਹੈ ਕਿ ਉਹ ਬਠਿੰਡਾ ਵਿਖੇ ਹੈ ਪਰ ਉਸ ਦੀ ਲੋਕੇਸ਼ਨ ਮੁੱਖ ਮੰਤਰੀ ਦੀ ਕੋਠੀ ਦੀ ਹੈ।
ਇਸ ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਬਾਵਜਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ 9 ਵਜੇ ਤੱਕ ਮੀਟਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਮੀਡੀਆ ਸਲਾਹਕਾਰ ਵੀ ਮੌਕੇ ‘ਤੇ ਪੁੱਜ ਗਏ। ਜਿਥੇ ਕਿ ਦਾਦੂਵਾਲ ਨੂੰ ਗੱਡੀ ਵਿੱਚ ਬੈਠੇ ਕੇ ਸੁਖਜਿੰਦਰ ਰੰਧਾਵਾ ਦੇ ਘਰ ਭੇਜ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਦਾਦੂਵਾਲ ਇਨਕਾਰ ਵੀ ਨਹੀਂ ਕਰ ਰਿਹਾ ਹੈ, ਜਿਹੜਾ ਕਿ ਕਹਿ ਰਿਹਾ ਹੈ ਕਿ ਉਸ ਦੀ ਸਿਰਫ਼ ਗੱਡੀ ਚੰਡੀਗੜ ਵਿਖੇ ਗਈ ਸੀ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਸਦਨ ਵਿੱਚ ਕਿਹਾ ਹੈ ਕਿ ਉਹ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਚਾਣਦੇ ਨਹੀਂ ਹਨ ਪਰ ਉਨਾਂ ਦੀ ਫੋਟੋ ਮੁੱਖ ਮੰਤਰੀ ਦੀ ਕੋਠੀ ਦੀ ਹੀ ਹੈ। ਜਿਥੇ ਕਿ ਅਮਰਿੰਦਰ ਸਿੰਘ ਨਾਲ ਦਾਦੂਵਾਲ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਜ਼ਰ ਆ ਰਹੇ ਹਨ। ਉਹ ਕਿਹਾ ਕਿ ਸਾਰਾ ਕੁਝ ਬਾਹਰ ਆ ਚੁੱਕਾ ਹੈ, ਕਿ ਕਿਵੇਂ ਮੀਟਿੰਗਾਂ ਹੁੰਦੀ ਰਹੀਆਂ ਹਨ ਅਤੇ ਕਿਵੇਂ ਰਿਪੋਰਟ ਤਿਆਰ ਹੋਈ ਹੈ।
ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ
ਉਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ਵਿੱਚ ਪਿਛਲੇ 10 ਸਾਲ ਵਿੱਚ ਮਨੀ ਗ੍ਰਾਮ ਅਤੇ ਵੈਸਟਰਨ ਯੂਨੀਅਨ ਰਾਹੀਂ 16 ਕਰੋੜ 70 ਲੱਖ 39 ਹਜ਼ਾਰ 223 ਰੁਪਏ ਆਏ ਹਨ। ਉਨਾਂ ਕਿਹਾ ਕਿ ਦਾਦੂਵਾਲ ਕੋਲ ਕਿਹੜੀ ਇੰਡਸਟਰੀਜ਼ ਹੈ, ਜਿਹੜਾ ਕਿ ਵਿਦੇਸ਼ਾਂ ਵਿੱਚੋਂ ਪੈਸਾ ਆ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਈ.ਐਸ.ਆਈ. ਵਲੋਂ ਸਾਰਾ ਪੈਸਾ ਬਲਜੀਤ ਸਿੰਘ ਦਾਦੂਵਾਲ ਦੇ ਖਾਤੇ ਵਿੱਚ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਆਈ.ਐਸ.ਆਈ. ਏਜੰਟ ਬਲਜੀਤ ਸਿੰਘ ਦਾਦੂਵਾਲ ਦਾ ਅਮਰਿੰਦਰ ਸਿੰਘ ਨਾਲ ਕੀ ਤਾਲੂਕਾਤ ਹਨ। ਕਾਂਗਰਸ ਦਾ ਕੀ ਲੈਣ ਦੇਣ ਹੈ, ਕੈਪਟਨ ਸਾਹਿਬ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਫਿਰ ਤੋਂ ਖਰਾਬ ਕਰਨ ਦੀ ਕੋਸ਼ਸ਼ ਕਰ ਰਹੇ ਹੋ। ਸੁਖਬੀਰ ਨੇ ਕਿਹਾ ਕਿ ਆਈ.ਐਸ.ਆਈ. ਵਲੋਂ ਕੰਟਰੋਲ ਕੀਤੇ ਜਾ ਰਹੇ ਬਲਜੀਤ ਸਿੰਘ ਦਾਦੂਵਾਲ ਵਰਗੀ ਦੇਸ਼ ਵਿਰੋਧੀ ਤਾਕਤਾਂ ਨੂੰ ਅਮਰਿੰਦਰ ਸਿੰਘ ਮਦਦ ਕਰ ਰਹੇ ਹਨ, ਜਿਹੜੇ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣਗੇ।
ਬੇਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਇਨਕੁਆਰੀ ਕਮਿਸ਼ਨ ਦੀ ਰਿਪੋਰਟ ਅੱਜ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਪੇਸ਼ ਕਰਨ ਦੇ ਨਾਲ ਹੀ ਇਸ ਸਬੰਧੀ ਕਾਰਵਾਈ ਰਿਪੋਰਟ ਵੀ ਪੇਸ਼ ਕਰ ਦਿੱਤੀ ਹੈ, ਜਿਸ ਵਿੱਚ ਬਰਗਾੜੀ ਮਾਮਲੇ ਵਿੱਚ 14 ਸੀਨੀਅਰ ਪੁਲਿਸ ਅਧਿਕਾਰੀਆਂ ਅਤੇ 10 ਹੋਰ ਬੇਅਦਬੀ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਤਲਬ ਕਰਦੇ ਹੋਏ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਇਸ ਨਾਲ ਹੀ ਸਿਵਲ ਪ੍ਰਸ਼ਾਸਨ ਦੇ 3 ਸੀਨੀਅਰ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਵੀ ਸ਼ਾਮਲ ਹਨ।
ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕਾਰਵਾਈ ਰਿਪੋਰਟ ਅਨੁਸਾਰ ਬਰਗਾੜੀ ਮਾਮਲੇ ਵਿੱਚ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਣੇ ਕੁੱਲ 14 ਸੀਨੀਅਰ ਅਧਿਕਾਰੀਆਂ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨਾਂ ਵਿੱਚ ਡੀ.ਜੀ.ਪੀ. ਸੁਮੇਧ ਸੈਣੀ ਤੋਂ ਇਲਾਵਾ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਐਸ.ਐਸ.ਪੀ. ਮੋਗਾ, ਅਮਰ ਸਿੰਘ ਚਾਹਲ ਤਤਕਾਲੀ ਡੀ.ਆਈ.ਜੀ., ਫਿਰੋਜਪੁਰ ਰੇਂਜ, ਰੋਹਿਤ ਚੌਧਰੀ ਤਤਕਾਲੀ ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ।
ਇਹ ਵੀ ਪੜ੍ਹੋ : Eye Care Tips: ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਅੱਖਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਜ਼ਰੂਰੀ ਉਪਾਅ
ਰਘਬੀਰ ਸਿੰਘ ਤਤਕਾਲੀ ਐਸ.ਐਸ.ਪੀ. ਮਾਨਸਾ, ਹਰਦਿਆਲ ਸਿੰਘ ਮਾਨ ਤਤਕਾਲੀ ਐਸ.ਐਸ.ਪੀ. ਫਿਰੋਜਪੁਰ, ਐਸ.ਐਸ. ਮਾਨ ਤਤਕਾਲੀ ਐਸ.ਐਸ.ਪੀ., ਐਮ.ਐਸ. ਛੀਨਾ, ਆਈ.ਪੀ.ਐਸ. ਸਹੋਤਾ, ਤਤਕਾਲੀ ਮੁੱਖੀ ਵਿਸ਼ੇਸ਼ ਜਾਂਚ ਟੀਮ, ਜਤਿੰਦਰ ਜੈਨ ਤਤਕਾਲੀ ਆਈ.ਜੀ.ਪੀ. ਬਠਿੰਡਾ, ਪਰਮਰਾਜ ਸਿੰਘ ਉਮਰਾਨੰਗਲ ਤਤਕਾਲੀ ਐਸ.ਪੀ. ਲੁਧਿਆਣਾ, ਬਲਜੀਤ ਸਿੰਘ ਸੰਧੂ ਤਤਕਾਲੀ ਡੀ.ਐਸ.ਪੀ. ਕੋਟਕਪੂਰਾ, ਜਗਦੀਸ਼ ਸਿੰਘ ਬਿਸ਼ਨੋਈ ਤਤਕਾਲੀ ਡੀ.ਐਸ.ਪੀ., ਬਿਕਰਮਜੀਤ ਸਿੰਘ ਤਤਕਾਲੀ ਐਸ.ਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। (Baljit Dadu)
ਇਸ ਨਾਲ ਹੀ ਬੇਅਦਬੀ ਮਾਮਲੇ ਵਿੱਚ ਐਸ.ਐਚ.ਓ. ਪੁਲਿਸ ਪੋਸਟ ਬਾਜਾਖਾਨਾ, ਐਸ.ਐਚ.ਓ. ਪੁਲਿਸ ਪੋਸਟ ਬਾਜਾਖਾਨਾ (ਬਹਿਬਲ ਕਲਾਂ ਫਾਇਰਿੰਗ ਦੀ ਜਾਂਚ), ਇੰਸਪੈਕਟਰ ਮਨਜੀਤ ਸਿੰਘ, ਐਸ.ਆਈ. ਗੁਰਦੀਪ ਸਿੰਘ, ਐਸ.ਆਈ. ਦਲਜੀਤ ਸਿੰਘ, ਐਸ.ਆਈ. ਗੁਰਪਾਲ ਸਿੰਘ, ਐਸ.ਐਚ.ਓ. ਗੁਰਪਿਆਰ ਸਿੰਘ, ਐਸ.ਆਈ. ਅਮਰਜੀਤ ਸਿੰਘ, ਇੰਸਪੈਕਟਰ ਜੀ.ਐਸ. ਭੁੱਲਰ ਅਤੇ ਏ.ਐਸ.ਆਈ. ਪਲਵਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆਈ.ਏ.ਐਸ. ਸਰਵੇਸ਼ ਕੌਸ਼ਲ, ਆਈ.ਏ.ਐਸ. ਐਸ. ਕੇ ਸੰਧੂ ਅਤੇ ਆਈ.ਏ.ਐਸ. ਗਗਨਦੀਪ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਾਂ ਸਾਰੀਆਂ ਨੂੰ ਇਸ ਮਾਮਲੇ ਵਿੱਚ ਨੋਟਿਸ ਦਾ ਜੁਆਬ ਦੇਣਾ ਪਏਗਾ, ਇਸ ਨਹੀਂ 90 ਦਿਨ ਦਾ ਇਨਾਂ ਅਧਿਕਾਰੀਆਂ ਨੂੰ ਸਮਾਂ ਦਿੱਤਾ ਗਿਆ ਹੈ। (Baljit Dadu)