ਮਮਦੋਟ, (ਬਲਜੀਤ ਸਿੰਘ)। ਬੀਤੇ ਦਿਨ ਹੋਈ ਭਾਰੀ ਬਾਰਸ਼ ਤੋਂ ਬਾਅਦ ਲਛਮਣ ਨਹਿਰ ਵਿੱਚ ਜਿਆਦਾ ਪਾਣੀ ਆਉਣ ਕਾਰਨ ਅੱਜ ਤੜਕੇ ਕਰੀਬ 4 ਵਜੇ ਪਿੰਡ ਹਜਾਰਾ ਸਿੰਘ ਵਾਲਾ ਦੇ ਨਜਦੀਕ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈ ਗਿਆ ਜਿਸ ਵਿੱਚੋਂ ਤੇਜੀ ਨਾਲ ਪਾਣੀ ਖੇਤਾਂ ਨੂੰ ਜਾ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਗੀਰ ਸਿੰਘ ਸਰਪੰਚ ਹਜਾਰਾ ਸਿੰਘ ਵਾਲਾ, ਗੁਰਮੇਜ ਸਿੰਘ , ਬੋਹੜ ਸਿੰਘ ,ਦੇਸਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਆਈ ਬਾਰਸ਼ ਕਾਰਨ ਕਿਸਾਨਾਂ ਵੱਲੋਂ ਮੋਘੇ ਬੰਦ ਕੀਤੇ ਹੋਏ ਸਨ ਅਤੇ ਮਹਿਕਮੇ ਵੱਲੋਂ ਪਾਣੀ ਜਿਆਦਾ ਛੱਡਣ ਕਾਰਨ ਪਿੰਡ ਦੇ ਨੇੜਿਓ ਨਹਿਰ ਵਿੱਚ ਪਾੜ ਪੈ ਗਿਆ ਅਤੇ ਪਾਣੀ ਤੇਜੀ ਨਾਲ ਖੇਤਾ ਨੂੰ ਜਾਣ ਲੱਗਾ। (Lachman Canal)
ਕਿਸਾਨਾਂ ਨੇ ਦੱਸਿਆ ਕਿ ਇਸ ਪਾੜ ਦਾ ਪਤਾ ਉਦੋਂ ਲੱਗਾ ਜਦ ਉਹ ਸਵੇਰੇ ਆਪਣੇ ਖੇਤ ਨੂੰ ਗੇੜਾ ਮਾਰਨ ਆਏ । ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫਸਲਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਪਸ਼ੂਆਂ ਵਾਸਤੇ ਰੱਖੀ ਗਈ ਤੂੜੀ ਦੇ ਕੁੱਪ ਅਤੇ ਨਾਲ ਲੱਗਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ ਹਨ । ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਵੇਖਦਿਆ ਨਹਿਰ ਵਿੱਚ ਪਾਣੀ ਦੀ ਮਾਤਰਾ ਘਟਾ ਦੇਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। (Lachman Canal)