ਹੁਣ ਤਿਆਰ ਕਰਨ ਕਰਨ ਲੱਗੀ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’
ਫੌਜ ਵਿੱਚ ਕੀਤੀ ਜਾਂਦੀ ਹੈ ਇਸ ਬੱਡੀ ਸ਼ਬਦ ਦੀ ਵਰਤੋਂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ ਗਲ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਅੰਗਰੇਜ਼ੀ ਦੇ ਰਾਹ ਤੁਰ ਪਈ ਹੈ। ਹਰ ਛੋਟੀ ਵੱਡੀ ਸਕੀਮ ਪੰਜਾਬੀ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਬਣਾਉਣ ਲਗੀ ਪੰਜਾਬ ਸਰਕਾਰ ਹੁਣ ਸਕੀਮਾਂ ਦੇ ਨਾਂਅ ਤੱਕ ਅੰਗਰੇਜ਼ੀ ਵਿੱਚ ਰੱਖਣ ਲੱਗ ਪਈ ਹੈ। ਭਲਕੇ 15 ਅਗਸਤ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਸ਼ੇੜੀਆਂ ਤੱਕ ਪਹੁੰਚਣ ਲਈ ਇੱਕ ਚੈਨ ਸਿਸਟਮ ਦਾ ਐਲਾਨ ਕਰ ਜਾ ਰਹੇ ਹਨ।
ਇਸ ਚੈਨ ਸਿਸਟਮ ਦੀ ਸਕੀਮ ਅਤੇ ਉਸ ਦਾ ਨਾਂਅ ਵਿੱਚ ਪੰਜਾਬੀ ਵਿੱਚ ਵਰਤੋਂ ਕਰਨ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਿੰਡਾਂ ਵਿੱਚ ਜਾ ਕੇ ਨਸ਼ੇ ਖ਼ਿਲਾਫ਼ ਮੁਹਿੰਮ ਦਾ ਅਗਾਜ਼ ਕਰਨਗੇ।
ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਨਾਂਅ ਤਾਂ ਦੇ ਦਿੱਤਾ ਗਿਆ ਪਰ ਇਨ੍ਹਾਂ ਸ਼ਬਦਾਂ ਦਾ ਮਤਲਬ ਨੂੰ ਹੀ ਸਮਝਣ ਵਿੱਚ ਪੰਜਾਬੀ ਗੁੱਥਮ ਗੁੱਥਾ ਹੋ ਰਹੇ ਹਨ, ਕਿਸੇ ਨੂੰ ਸਮਝ ਨਹੀਂ ਆ ਰਹੀਂ ਹੈ ਕਿ ਆਖ਼ਰਕਾਰ ‘ਬੱਡੀ’ ਸ਼ਬਦ ਹੁੰਦਾ ਕੀ ਹੈ ਅਤੇ ਇਸ ਦਾ ਮਤਲਬ ਕੀ ਹੈ। ਅਸਲ ਵਿੱਚ ਇਹ ਸ਼ਬਦ ਪੰਜਾਬੀਆਂ ਲਈ ਨਵਾਂ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਫੌਜ ਵਿੱਚ ਕੀਤੀ ਜਾਂਦੀ ਹੈ, ਜਿੱਥੇ ਕਿ ਇੱਕ ਤੋਂ ਜਿਆਦਾ ਸਾਥੀਆਂ ਦਾ ਗਰੁੱਪ ਜਦੋਂ ਕੰਮ ਕਰਦਾ ਹੈ ਤਾਂ ਉਸ ਨੂੰ ‘ਬੱਡੀ’ ਕਿਹਾ ਜਾਂਦਾ ਹੈ।
ਬੱਡੀ ਦਾ ਮਤਲਬ ਸਾਥੀ ਜਾਂ ਫਿਰ ਦੋਸਤ ਹੈ, ਜਿਹੜਾ ਕਿ ਅੱਗੇ ਆਪਣੇ ਸਾਥੀ ਤਿਆਰ ਕਰਦੇ ਹੋਏ ਉਨਾਂ ਤੋਂ ਕੰਮ ਕਰਵਾਉਂਦਾ ਹੈ। ਪੰਜਾਬ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਥਾਂ ‘ਤੇ ਪੰਜਾਬ ਵਿੱਚ ਇਸ ਸ਼ਬਦਾਂ ਦੀ ਵਰਤੋਂ ‘ਸਾਰੇ ਸਮੂਹਾਂ ਦੇ ਦੋਸਤ’ ਵੀ ਕੀਤੀ ਜਾ ਸਕਦੀ ਸੀ ਪਰ ਪੰਜਾਬ ਸਰਕਾਰ ਅਤੇ ਉਨਾਂ ਦੇ ਪੁਲਿਸ ਅਧਿਕਾਰੀਆਂ ਦੇ ਸਿਰ ‘ਤੇ ਅੰਗਰੇਜ਼ੀ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਪੰਜਾਬ ਵਿੱਚ ਪੰਜਾਬੀ ਲਾਗੂ ਹੋਣ ਦੇ ਬਾਵਜੂਦ ਵੀ ਹਰ ਸਕੀਮ ਅਤੇ ਉਨਾਂ ਦੇ ਨਾਅ ਸਿਰਫ਼ ਅੰਗਰੇਜ਼ੀ ਵਿੱਚ ਹੀ ਤਿਆਰ ਹੁੰਦੇ ਹਨ।
ਪਿੰਡਾਂ ਦੇ ਲੋਕ ਕਿਵੇਂ ਸਮਝਣਗੇ ‘ਬੱਡੀ’
ਬੱਡੀ ਸ਼ਬਦਾਂ ਬਾਰੇ ਸ਼ਹਿਰੀ ਲੋਕ ਬਹੁਤ ਘੱਟ ਜਾਣਦੇ ਹਨ ਤਾਂ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਬੱਡੀ ਕੌਣ ਹੁੰਦਾ ਹੈ ਅਤੇ ਕਿਸੇ ਤਰੀਕੇ ਨਾਲ ਕੰਮ ਕਰੇਗਾ। ਪਿੰਡਾਂ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਤੋਂ ਪਹਿਲਾਂ ‘ਬੱਡੀ’ ਨਾਲ ਜੁੜਨ ਵਾਲੇ ਲੋਕਾਂ ਨੂੰ ਆਪਣੇ ਨਾਅ ਬਾਰੇ ਪੇਂਡੂਆਂ ਨੂੰ ਸਮਝਾਉਣ ਹੀ ਔਖਾ ਹੋ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਕੀਤਾ ਨਜ਼ਰਅੰਦਾਜ਼
ਦੇਸ਼ ਲਈ ਕੁਰਬਾਨੀ ਦੇਣ ਵਾਲੇ ਵੱਡੇ ਪੱਧਰ ‘ਤੇ ਪੰਜਾਬੀਆਂ ਲਈ ਇਹ ਅਪਮਾਨ ਦੀ ਗੱਲ ਹੈ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਭਾਸ਼ਾ ਦੀ ਥਾਂ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਪੰਜਾਬੀ ਵਿੱਚ ਕੰਮ ਕਰਨ ਬਾਰੇ ਐਕਟ ਤੱਕ ਬਣਾਇਆ ਹੋਇਆ ਹੈ ਪਰ ਇਸ ਐਕਟ ਨੂੰ ਕੋਈ ਵੀ ਅਮਲੀਜਾਮਾ ਨਹੀਂ ਪਹਿਨਾਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।