ਵਿਰੋਧੀ ਧਿਰ ਦੀ ਕੋਠੀ ‘ਤੇ ਮੰਤਰੀ ਦਾ ਕਬਜ਼ਾ, ਹਰਪਾਲ ਚੀਮਾ ਹੋਏ ਨਰਾਜ਼ 

Minister, Occupation, Opposition, House, Harpal Cheema, Derailed

ਸੁਖਪਾਲ ਖਹਿਰਾ ਦੇ ਖ਼ਾਲੀ ਕਰਦੇ ਸਾਰ ਹੀ ਸੁਖਸਰਕਾਰੀਆਂ ਨੇ ਕਰਵਾਈ ਅਲਾਟ

ਰਹਿਣ ਦੇ ਲਾਇਕ ਨਹੀਂ ਸੀ 39 ਸੈਕਟਰ ਵਿੱਚ 956 ਨੰਬਰ ਕੋਠੀ

ਹੁਣ 500 ਨੰਬਰ ਕੋਠੀ ਵਿੱਚ ਵਿਰੋਧੀ ਧਿਰ ਦੀ ਥਾਂ ‘ਤੇ ਰਹਿਣਗੇ ਸੁਖ ਸਰਕਾਰੀਆ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਿੱਸੇ ਆਈ ਸੈਕਟਰ 16 ਦੀ ਸਰਕਾਰੀ ਕੋਠੀ ਨੰਬਰ 500 ‘ਤੇ ਹੁਣ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਨੇ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਹੋ ਗਏ ਹਨ, ਕਿਉਂਕਿ ਇਸ ਸਰਕਾਰੀ ਕੋਠੀ ਵਿੱਚ ਪਿਛਲੇ ਡੇਢ ਸਾਲ ਤੋਂ ਵਿਰੋਧੀ ਧਿਰ ਦਾ ਲੀਡਰ ਹੀ ਰਹਿੰਦਾ ਆਇਆ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਨੇ ਪਹਿਲਾਂ ਅਲਾਟ ਕੀਤੀ ਗਈ ਕੋਠੀ ਨੰਬਰ 956 ਦੀ ਹਾਲਤ ਕਾਫ਼ੀ ਜਿਆਦਾ ਖ਼ਸਤਾ ਹੋਣ ਕਾਰਨ  ਇਸ ਕੋਠੀ ਨੂੰ ਛੱਡ ਦਿੱਤਾ ਹੈ।

ਸੁਖਸਰਕਾਰੀਆਂ ਪਿਛਲੇ ਕਾਫ਼ੀ ਦਿਨਾਂ ਤੋਂ ਸੈਕਟਰ 39 ਦੀ ਕੋਠੀ ਦੀ ਥਾਂ ‘ਤੇ ਚੰਡੀਗੜ੍ਹ ਦੇ ਕਿਸੇ ਚੰਗੇ ਸੈਕਟਰ ਵਿੱਚ ਕੋਠੀ ਲੈਣ ਦੀ ਚਾਹ ਲਈ ਬੈਠੇ ਸਨ, ਕਿਉਂਕਿ ਜਿੱਥੇ ਸੈਕਟਰ 39 ਸਕੱਤਰੇਤ ਤੋਂ ਕਾਫ਼ੀ ਜ਼ਿਆਦਾ ਦੂਰ ਪੈਂਦਾ ਹੈ, ਉਥੇ ਹੀ ਕੋਠੀ ਨੰਬਰ 956 ਦੀ ਹਾਲਤ ਵੀ ਕਾਫ਼ੀ ਜ਼ਿਆਦਾ ਚੰਗੀ ਨਹੀਂ ਦੱਸੀ ਜਾ ਰਹੀ ਹੈ। ਜਿਸ ਕਾਰਨ ਸੁਖਸਰਕਾਰੀਆਂ ਇਸ ਕੋਠੀ ਨੂੰ ਛੱਡਣਾ ਚਾਹੁੰਦੇ ਸਨ।

ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਵਜੋਂ ਛੁੱਟੀ ਹੋਣ ਤੋਂ ਬਾਅਦ ਹੀ ਸੁਖ ਸਰਕਾਰੀਆਂ ਇਸ ਕੋਠੀ ‘ਤੇ ਅੱਖ ਰੱਖ ਲਈ ਸੀ, ਕਿਉਂਕਿ ਇਹ ਕੋਠੀ ਚੰਡੀਗੜ੍ਹ ਦੇ ਚੰਗੇ ਸੈਕਟਰਾਂ ਵਿੱਚੋਂ ਇੱਕ ਸੈਕਟਰ 16 ਵਿਖੇ ਸਥਿਤ ਹੈ। 10 ਅਗਸਤ ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਸੁਖਪਾਲ ਖਹਿਰਾ ਨੇ ਇਹ ਕੋਠੀ ਦੀ ਚਾਬੀ ਪੰਜਾਬ ਸਰਕਾਰ ਨੂੰ ਦਿੱਤੀ ਤਾਂ ਉਸ ਸਮੇਂ ਇਸ ਕੋਠੀ ਨੰਬਰ 500 ਨੂੰ ਸੁਖਸਰਕਾਰੀਆ ਨੇ ਆਪਣੇ ਨਾਂਅ ਅਲਾਟ ਕਰਵਾ ਲਿਆ ਅਤੇ ਅੱਜ ਇਸ ਕੋਠੀ ਦਾ ਕਬਜ਼ਾ ਵੀ ਲੈ ਲਿਆ ਹੈ। ਸੁਖਸਰਕਾਰੀਆਂ ਦੀ ਇਹ ਤੇਜੀ ਦੇਖ ਕੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਹੈਰਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਨਾਲ ਕਰਾਂਗਾ ਗੱਲ, ਨਹੀਂ ਚਾਹੀਦੀ 39 ‘ਚ ਕੋਠੀ : ਹਰਪਾਲ ਚੀਮਾ

ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਸ ਬਾਰੇ ਗੱਲ ਕਰਨਗੇ, ਕਿਉਂਕਿ ਉਨ੍ਹਾਂ ਨੂੰ 39 ਸੈਕਟਰ ਵਾਲੀ 956 ਨੰਬਰ ਕੋਠੀ ਨਹੀਂ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੋਠੀ ਵਿੱਚ ਕੈਬਨਿਟ ਮੰਤਰੀ ਸੁਖਸਰਕਾਰੀਆ ਰਹਿਣ ਨੂੰ ਤਿਆਰ ਨਹੀਂ ਹੋਏ ਸਨ, ਉਸ ਵਿੱਚ ਕੋਈ ਨਾ ਕੋਈ ਖਰਾਬੀ ਤਾਂ ਜਰੂਰ ਹੋਵੇਗੀ ਅਤੇ ਉਂਜ ਵੀ ਉਨ੍ਹਾਂ ਨੂੰ ਸਕੱਤਰੇਤ ਨੇੜੇ ਹੀ ਕੋਠੀ ਚਾਹੀਦੀ ਹੈ ਤਾਂ ਕਿ ਮੁੱਖ ਮੰਤਰੀ ਅਤੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਵਿੱਚ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।

ਮੁੱਖ ਮੰਤਰੀ ਦਾ ਗੁਆਂਢੀ ਹੁੰਦਾ ਰਿਹਾ ਐ ਵਿਰੋਧੀ ਧਿਰ ਦਾ ਲੀਡਰ

ਚੰਡੀਗੜ੍ਹ ਵਿਖੇ ਹਮੇਸ਼ਾ ਹੀ ਵਿਰੋਧੀ ਧਿਰ ਦਾ ਲੀਡਰ ਮੁੱਖ ਮੰਤਰੀ ਦਾ ਗੁਆਂਢੀ ਰਹਿੰਦਾ ਆਇਆ ਹੈ ਅਤੇ ਵਿਰੋਧੀ ਧਿਰ ਲੀਡਰ ਨੂੰ ਮੁੱਖ ਮੰਤਰੀ ਦੇ ਨਾਲ ਵਾਲੀ ਸੈਕਟਰ 2 ਵਿਖੇ ਕੋਠੀ ਹੀ ਅਲਾਟ ਹੁੰਦੀ ਆਈ ਹੈ ਪਰ ਪਹਿਲੀ ਵਾਰ ਪਿਛਲੇ ਸਾਲ 2017 ਵਿੱਚ ਵਿਰੋਧੀ ਧਿਰ ਦੇ ਲੀਡਰ ਦੀ ਕੋਠੀ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਕਰਦੇ ਹੋਏ ਸੈਕਟਰ 16 ਵਿੱਚ ਅਲਾਟ ਕੀਤੀ ਗਈ ਸੀ। ਉਸ ਸਮੇਂ ਵੀ ਇਸ ਮਾਮਲੇ ਸਬੰਧੀ ਕਾਫ਼ੀ ਹੰਗਾਮਾ ਕੀਤਾ ਗਿਆ ਸੀ ਪਰ ਸੈਕਟਰ 16 ਜਿਆਦਾ ਦੂਰ ਨਹੀਂ ਹੋਣ ਕਾਰਨ ਮਾਮਲਾ ਠੱਪ ਹੋ ਗਿਆ ਸੀ ਪਰ ਹੁਣ ਸੈਕਟਰ 16 ਦੀ ਥਾਂ ‘ਤੇ 39 ਸੈਕਟਰ ਕੋਠੀ ਅਲਾਟ ਕੀਤੀ ਗਈ ਹੈ, ਜਿਹੜੀ ਕਾਫ਼ੀ ਜਿਆਦਾ ਦੂਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।