2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਫੌਜੀਆਂ ਨੇ ਦੇਖਿਆ ਕਿ ਗੁਰੇਜ ਸੈਕਟਰ ਦੇ ਰਾਹੀਂ ਪੀਓਕੇ ਤੋਂ ਸਰਹੱਦ ਕੋਲ ਅੱਤਵਾਦੀਆਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਫਿਰਾਕ ‘ਚ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀ ਦੇਣ ਤੇ ਆਤਮਸਮਰਪਣ ਦੀ ਚਿਤਾਵਨੀ ਦੇਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋ ਘੁਸਪੈਠੀਏ ਮਾਰ ਸੁੱਟੇ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਖਰੀ ਰਿਪੋਰਟ ਆਉਣ ਤੱਕ ਅੱਤਵਾਦੀਆਂ ਦੇ ਖਿਲਾਫ਼ ਅਭਿਆਨ ਜਾਰੀ ਸੀ। ਗੁਰੇਜ ਸੈਕਟਰ ਤਿੰਨੇ ਪਾਸਿਓਂ ਪੀਓਕੇ ਨਾਲ ਘਿਰਿਆ ਹੋਇਆ ਹੈ।
ਇਲਾਕੇ ‘ਚ ਫੌਜ ਨੇ ਸ਼ੁਰੂ ਕੀਤਾ ਵੱਡਾ ਸਰਚ ਆਪ੍ਰੇਸ਼ਨ
ਜਵਾਬੀ ਕਾਰਵਾਈ ਦੌਰਾਨ ਫੌਜ ਦੇ ਇੱਕ ਮੇਜਰ ਤੇ 3 ਫੌਜ ਜਵਾਨ ਸ਼ਹੀਦ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ. ਸਿੰਘ, ਵਿਕਰਮਜੀਤ ਸਿੰਘ ਰਾਈਫਲਮੈਨ ਮਨਦੀਪ ਇਸ ਅਪ੍ਰੇਸ਼ਨ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਨ। ਇਸ ਕਾਰਵਾਈ ਤੋਂ ਬਾਅਦ ਫੌਜ ਦੀਆਂ ਕਈ ਟੀਮਾਂ ਨੂੰ ਗੁਰੇਜ ਸੈਕਟਰ ‘ਚ ਭੇਜ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ‘ਚ ਕਿਸੇ ਵੱਡੀ ਅੱਤਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਜੰਮੂ ਕਸ਼ਮੀਰ ‘ਚ ਦਿੱਲੀ ਜਾਣ ਵਾਲੀ ਇੱਕ ਬੱਸ ‘ਚੋਂ 8 ਗ੍ਰੇਨੇਡ ਦੇ ਨਾਲ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਅੱਜ ਤੋਂ
ਬਰਾੜਾ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਅੱਜ ਸਵੇਰੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਚਾਰ ਜਵਾਨਾਂ ‘ਚੋਂ ਹਰਿਆਣਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦਾ ਪਾਰਥਿਵ ਸਰੀਰ ਬੁੱਧਵਾਰ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਵਿਕਰਮਜੀਤ (26) ਦੇ ਸ਼ਹੀਦ ਹੋਣ ਦੀ ਖਬਰ ਪਹੁੰਚਣ ਤੋਂ ਬਾਅਦ ਪਿੰਡ ‘ਚ ਸੋਗ ਦਾ ਮਾਹੌਲ ਹੈ।
ਵਿਕਰਮਜੀਤ ਦੀ ਸ਼ਾਦੀ ਇਸੇ ਸਾਲ 15 ਜਨਵਰੀ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਾਵਨੀ ਪਿੰਡ ਦੀ ਹਰਪ੍ਰੀਤ ਕੌਰ ਨਾਲ ਹੋਈ ਸੀ ਤੇ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਕਰਮਜੀਤ ਦੇ ਛੋਟੇ ਭਾਈ ਮੋਨੂੰ ਵੀ ਫੌਜ ‘ਚ ਹਨ ਤੇ ਗੁਹਾਟੀ ‘ਚ ਤਾਇਨਾਤ ਹਨ। ਵਿਕਰਮਜੀਤ ਦੇ ਪਿਤਾ ਬਲਜਿੰਦਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਵਿਕਰਮਜੀਤ ਦੇ ਦਾਦਾ ਕਰਤਾਰ ਸਿੰਘ ਵੀ ਫੌਜ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।