ਮੋਗਾ ਪੁਲਿਸ ਨੇ ਫੇਲ੍ਹ ਕੀਤੀ ਨਸ਼ਾ ਤਸਕਰਾਂ ਦੀ ਸਕੀਮ, ਭੁੱਕੀ ਦੇ ਟਰੱਕ ਸਮੇਤ ਦੋ ਵਿਅਕਤੀ ਕਾਬੂ
ਰਾਜਸਥਾਨ ਦੇ ਚਿਤੌੜਗੜ੍ਹ ਤੋਂ ਆ ਰਿਹਾ ਸੀ ਭੁੱਕੀ ਦਾ ਟਰੱਕ
ਮੋਗਾ, ਲਖਵੀਰ ਸਿੰਘ/ਸੱਚ ਕਹੂੰ ਨਿਊਜ਼
ਮੋਗਾ ਦੀ ਥਾਣਾ ਮੈਹਿਣਾ ਪੁਲਿਸ ਨੇ ਲੁਧਿਆਣਾ ਰੋਡ ‘ਤੇ ਇੱਕ ਟਰੱਕ ਵਿੱਚ ਕੇਲਿਆਂ ਥੱਲੇ ਲੁਕਾ ਕੇ ਲਿਜਾਏ ਜਾ ਰਹੇ 180 ਬੋਰੇ 72 ਕੁਇੰਟਲ 200 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਦੇ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਏ ਇਸ ਸਬੰਧੀ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਡੀ.ਐਸ.ਪੀ. ਧਰਮਕੋਟ ਅਜੇ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਦੀ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਭੁੱਕੀ ਦੀ ਵੱਡੀ ਖੇਪ ਮੋਗਾ ਵੱਲ ਨੂੰ ਲਿਜਾਈ ਜਾ ਰਹੀ ਹੈ। ਸੂਚਨਾ ਮਿਲਣ ‘ਤੇ ਉਹਨਾਂ ਨੇ ਤਸਕਰਾਂ ਨੂੰ ਫੜਨ ਵਾਸਤੇ ਪੁਲਿਸ ਦਾ ਜਾਲ ਵਿਛਾ ਦਿੱਤਾ ਤੇ ਇਸ ਦੌਰਾਨ ਜਦ ਇੱਕ ਟਰੱਕ ਮੋਗਾ-ਲੁਧਿਆਣਾ ਰੋਡ ‘ਤੇ ਥਾਣਾ ਮੈਹਿਣਾ ਦੇ ਇਲਾਕੇ ਵਿੱਚ ਪੁੱਜਿਆ ਤਾਂ ਪੁਲਿਸ ਪਾਰਟੀ ਵੱਲੋਂ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚੋਂ 180 ਬੋਰੇ (ਪ੍ਰਤੀ ਬੋਰੀ 40 ਕਿਲੋਗ੍ਰਾਮ) ਵਜਨ 72 ਕੁਇੰਟਲ 200 ਗਾ੍ਰਮ ਭੁੱਕੀ ਚੂਰਾ ਪੋਸਤ ਜੋ ਕੇਲਿਆਂ ਦੇ ਥੱਲੇ ਛੁਪਾ ਕੇ ਲਿਜਾਈ ਜਾ ਰਹੀ ਸੀ।
ਬਰਮਾਦ ਕੀਤੀ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਟਰੱਕ ਸਵਾਰ ਗੁਰਬੀਰ ਸਿੰਘ ਵਾਸੀ ਰੱਤੀਆਂ ਅਤੇ ਧਰਮਵੀਰ ਸਿੰਘ ਵਾਸੀ ਲੰਢੇਕੇ ਨੂੰ ਮੌਕੇ ਤੇ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁਲਿਸ ਪਾਰਟੀ ਕੋਲ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਹ ਭੁੱਕੀ ਉਹ ਰਾਜਸਥਾਨ ਦੇ ਚਤੌਰਗੜ ਤੋ ਲੈਕੇ ਆ ਰਹੇ ਸੀ ਤੇ ਉਕਤ ਭੁੱਕੀ ਨਾਲ ਜਗਦੇਵ ਸਿੰਘ ਉਰਫ ਦੇਬਨ ਸਿੰਘ, ਛਿੰਦਰ ਸਿੰਘ ਵਾਸੀ ਦੌਲੇਵਾਲਾ ਅਤੇ ਬੂਟਾ ਸਿੰਘ ਵਾਸੀ ਚੜਿੱਕ ਵੀ ਸ਼ਾਮਲ ਹਨ। ਇਸ ਸਬੰਧੀ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਮੋਗਾ ਤੱਕ ਕਿਵੇਂ ਪੁੱਜਿਆ ਟਰੱਕ, ਪੰਜਾਬ ਪੁਲਿਸ ‘ਤੇ ਉੱਠੇ ਸਵਾਲ
ਭਾਵੇਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 72 ਕੁਇੰਟਲ ਭੁੱਕੀ ਬਰਾਮਦ ਕਰਕੇ ਉਨ੍ਹਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਆਖਰ ਰਾਜਸਥਾਨ ਦੀ ਹੱਦ ਤੋਂ ਪੰਜਾਬ ‘ਚ ਦਾਖਲ ਹੋਇਆ ਟਰੱਕ ਮੋਗੇ ਤੱਕ ਕਿਵੇਂ ਪਹੁੰਚ ਗਿਆ। ਪੰਜਾਬ ‘ਚ ਦਾਖਲ ਹੁੰਦਿਆਂ ਹੀ ਪੁਲਿਸ ਨੇ ਨਾਲ ਦੀ ਨਾਲ ਕਾਰਵਾਈ ਕਿਉਂ ਨਾ ਕੀਤੀ। ਰਾਜਸਥਾਨ ਦੀ ਹੱਦ ਤੋਂ ਬਾਅਦ ਇਹ ਟਰੱਕ ਪੰਜਾਬ ਅੰਦਰ 150 ਕਿੱਲੋਮੀਟਰ ਤੱਕ ਪੁਲਿਸ ਦੀ ਨਜ਼ਰ ਤੋਂ ਕਿਵੇਂ ਬਚਿਆ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।