ਆਂਗਣਵਾੜੀ ਕੇਂਦਰ ਬਦਹਾਲ, ਚੰਡੀਗੜ੍ਹ ‘ਚ ਲਾਏ ਜਾਣਗੇ ਏਅਰਕੰਡੀਸ਼ਨਰ (Children)
ਸਕੱਤਰੇਤ ਵਿਖੇ ਖੁੱਲ੍ਹੇਗਾ ਛੋਟੇ ਬੱਚਿਆਂ ਲਈ ਸੈਂਟਰ, ਦੇਖ-ਭਾਲ਼ ਰੱਖੇਗੀ ਸਰਕਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਮਹਿਲਾ ਕਰਮਚਾਰੀਆਂ ਨੂੰ ਹੁਣ ਆਪਣੇ ਛੋਟੇ ਬੱਚਿਆਂ (Children) ਦਾ ਫਿਕਰ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਹੁਣ ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਦੀ ਦੇਖ ਭਾਲ ਪੂਰੇ ਲਾਡ ਪਿਆਰ ਨਾਲ ਪੰਜਾਬ ਸਰਕਾਰ ਕਰੇਗੀ। ਇਸ ਲਈ ਬਕਾਇਦਾ ਪੰਜਾਬ ਸਰਕਾਰ ਸਿਵਲ ਸਕੱਤਰੇਤ 1 ਵਿਖੇ ਇੱਕ ਸੈਂਟਰ (ਕਰੱਚ) ਖੋਲ੍ਹਣ ਜਾ ਰਹੀ ਹੈ, ਜਿਸ ‘ਚ ਅਧਿਕਾਰੀ ਤੇ ਕਰਮਚਾਰੀ ਬੱਚਿਆਂ ਨੂੰ ਛੱਡ ਕੇ ਜਾ ਸਕਦੇ ਹਨ।
ਇਸ ਸੈਂਟਰ ‘ਚ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੱਚਿਆਂ ਨੂੰ ਬਹੁਤ ਹੀ ਲਾਡ ਪਿਆਰ ਨਾਲ ਰੱਖਣ ਲਈ ਸਰਕਾਰ ਨਾ ਸਿਰਫ਼ ਏਸੀ ਦਾ ਇੰਤਜ਼ਾਮ ਕਰੇਗੀ, ਸਗੋਂ ਬੱਚਿਆਂ ਦੇ ਖੇਡਣ ਲਈ ਖਿਡੌਣੇ ਤੇ ਖਾਣ-ਪੀਣ ਲਈ ਚੰਗਾ ਇੰਤਜ਼ਾਮ ਤੱਕ ਕੀਤਾ ਜਾਏਗਾ ਤਾਂ ਕਿ ਦੇਰ ਸ਼ਾਮ ਤੱਕ ਆਪਣੇ ਕੰਮਕਾਜ ‘ਚ ਲੱਗੀ ਹੋਈ ਮਹਿਲਾ ਕਰਮਚਾਰੀ ਤੇ ਅਧਿਕਾਰੀਆਂ ਨੂੰ ਆਪਣੇ ਬੱਚਿਆਂ ਦੀ ਜਿਆਦਾ ਫਿਕਰ ਕਰਨ ਦੀ ਜਰੂਰਤ ਨਾ ਪਵੇ। ਇਸ ਸੈਂਟਰ ‘ਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇੱਕ ਫਾਰਮ ਭਰਨਾ ਪਏਗਾ ਤਾਂ ਕਿ ਬੱਚਿਆਂ ਦੀ ਗਿਣਤੀ ਅਨੁਸਾਰ ਸਰਕਾਰ ਉਨ੍ਹਾਂ ਦੇ ਬੈਠਣ ਤੇ ਖਾਣ-ਪੀਣ ਸਣੇ ਹੋਰ ਸਹੂਲਤਾਂ ਦਾ ਇੰਤਜ਼ਾਮ ਕਰ ਸਕੇ। (Children)
ਖਿਡੌਣੇ ਤੋਂ ਲੈ ਕੇ ਖਾਣ ਪੀਣ ਦੀ ਹੋਏਗੀ ਸਹੂਲਤ, ਪੂਰੇ ਲਾਡ ਨਾਲ ਖਿਆਲ ਰੱਖੇਗੀ ਸਰਕਾਰ
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਮੁੱਖ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਖੇ ਮਹਿਲਾ ਕਰਮਚਾਰੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੋਣ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਛੋਟੇ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਸੀ, ਕਿਉਂਕਿ ਕਈ ਵਾਰ ਡਿਊਟੀ ਦਾ ਸਮਾਂ ਜਿਆਦਾ ਹੋਣ ਕਾਰਨ ਛੋਟੇ ਬੱਚਿਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਮਹਿਲਾ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਲਈ ਕਰੱਚ (ਸੈਂਟਰ) ਸਕੱਤਰੇਤ ਦੇ ਵਿੰਗ 1 ‘ਚ ਖੋਲ੍ਹਣ ਦਾ ਫੈਸਲਾ ਕਰ ਲਿਆ ਗਿਆ ਹੈ, ਜਿਸ ਵਿੱਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਤਾਂ ਕਿ ਮਹਿਲਾ ਕਰਮਚਾਰੀ ਤੇ ਅਧਿਕਾਰੀ ਨੂੰ ਆਪਣੇ ਛੋਟੇ ਬੱਚੇ ਪ੍ਰਤੀ ਜਿਆਦਾ ਚਿੰਤਾ ਨਾ ਕਰਨ ਦੀ ਜਰੂਰਤ ਪਵੇ। (Children)
ਬਾਲ ਵਿਕਾਸ ਵਿਭਾਗ ਦੇ ਜਿੰਮੇ ਸਾਰੀ ਜਿੰਮੇਵਾਰੀ
ਪੰਜਾਬ ਸਰਕਾਰ ਨੇ ਇਸ ਸਬੰਧੀ ਸਾਰੀ ਜਿੰਮੇਵਾਰੀ ਬਾਲ ਵਿਕਾਸ ਤੇ ਇਸਤਰੀ ਭਲਾਈ ਵਿਭਾਗ ਦੇ ਜਿੰਮੇ ਲਗਾਈ ਗਈ ਹੈ, ਕਿਉਂਕਿ ਪੰਜਾਬ ਭਰ ਵਿੱਚ ਆਂਗਣਵਾੜੀ ਕੇਂਦਰ ਵੀ ਇਹ ਵਿਭਾਗ ਚਲਾ ਰਿਹਾ ਹੈ। ਹੁਣ ਇਸ ਵਿਭਾਗ ਨੂੰ ਸਕੱਤਰੇਤ ਵਿਖੇ ਸਾਰੀ ਤਿਆਰੀ ਕਰਨ ਦੇ ਨਾਲ ਹੀ ਸਭ ਤੋਂ ਚੰਗੇ ਕਰਮਚਾਰੀ ਦੀ ਡਿਊਟੀ ਇੱਥੇ ਲਗਾਈ ਜਾਏਗੀ ਤਾਂ ਕਿ ਮਹਿਲਾ ਅਧਿਕਾਰੀ ਤੇ ਕਰਮਚਾਰੀ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਾ ਆਏ।
ਪੰਜਾਬ ਭਰ ‘ਚ ਹੋ ਸਕਦਾ ਐ ਲਾਗੂ
ਚੰਡੀਗੜ੍ਹ ਵਿਖੇ ਮਹਿਲਾ ਕਰਮਚਾਰੀਆਂ ਦੇ ਛੋਟੇ ਬੱਚਿਆਂ ਲਈ ਬਣਾਏ ਜਾ ਰਹੇ ਇਸ ਸੈਂਟਰ ਨੂੰ ਪੰਜਾਬ ਭਰ ਲਾਗੂ ਕੀਤਾ ਜਾ ਸਕਦਾ ਹੈ। ਹਰ ਜ਼ਿਲ੍ਹੇ ਦੀ ਜਰੂਰਤ ਅਨੁਸਾਰ ਜ਼ਿਲ੍ਹਾ ਹੈੱਡਕੁਆਟਰ ‘ਤੇ ਸਥਿਤ ਮਿੰਨੀ ਸਕੱਤਰੇਤ ਵਿਖੇ ਛੋਟੇ ਬੱਚਿਆਂ ਲਈ ਸੈਂਟਰ ਖੋਲ੍ਹਿਆ ਜਾ ਸਕਦਾ ਹੈ ਤਾਂ ਕਿ ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ਭਰ ਮਹਿਲਾ ਕਰਮਚਾਰੀਆਂ ਦੇ ਬੱਚਿਆਂ ਦੀ ਦੇਖ ਭਾਲ ਕੀਤੀ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।