ਸੁਖਬੀਰ ਬਾਦਲ ‘ਤੇ ਪੰਜਾਬ ‘ਚ ਨਿਵੇਸ਼ ਕਰਵਾਉਣ ਬਾਰੇ ਝੂਠ ਬੋਲਣ ਦਾ ਲਾਇਆ ਦੋਸ਼ | Navjot Singh Sidhu
- ਸੁਖਬੀਰ ਨੇ 1 ਲੱਖ 20 ਹਜ਼ਾਰ ਕਰੋੜ ਦਾ ਨਿਵੇਸ਼ ਆਉਣ ਦਾ ਐਲਾਨ ਕੀਤਾ ਪਰ ਆਇਆ ਸਿਰਫ਼ 6651 ਕਰੋੜ | Navjot Singh Sidhu
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਪਣੀ ਹੀ ਪਾਰਟੀ ਦੇ ਆਗੂਆਂ ਖਿਲਾਫ਼ ਵਿਵਾਦਤ ਬਿਆਨ ਦੇਣ ਲਈ ਮਸ਼ਹੂਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਸ੍ਰੀ ਸਿੱਧੂ ਨੇ ਸੁਖਬੀਰ ਬਾਦਲ ਲਈ ‘ਸੁੱਖਾ ਗੱਪੀ’ ਸ਼ਬਦ ਵਰਤਿਆ ਉਨ੍ਹਾਂ ‘ਤੇ ਨਿਵੇਸ਼ ਕਰਨ ‘ਚ ਝੂਠ ਬੋਲਣ ਦਾ ਦੋਸ਼ ਲਾਇਆ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਲਿਆਉਣ ਦੇ ਵੱਡੇ-ਵੱਡੇ ਗੱਪ ਮਾਰਨ ਵਾਲਾ ਸੁੱਖਾ ਗੱਪੀ ਸੱਚ ਵਿੱਚ ਹੀ ਇਹੋ ਜਿਹੇ ਵੱਡੇ-ਵੱਡੇ ਟੱਲੇ ਮਾਰ ਗਿਆ ਹੈ। ਵੱਡੇ-ਵੱਡੇ ਇਸ਼ਤਿਹਾਰ ਛਾਪ ਗੱਪ ਮਾਰਿਆ ਸੀ ਕਿ ਪੰਜਾਬ ਵਿੱਚ 1 ਲੱਖ 20 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆਉਣ ਵਾਲੀ ਹੈ, ਜਿਸ ਨਾਲ ਪੰਜਾਬ ਦੀ ਤਰੱਕੀ ਹੋਏਗੀ ਅਤੇ 3 ਲੱਖ 22 ਹਜ਼ਾਰ ਨੌਜਵਾਨਾ ਨੂੰ ਰੁਜ਼ਗਾਰ ਮਿਲੇਗਾ ਜਦੋਂ ਕਿ ਅਸਲ ਸਚਾਈ ਵਿੱਚ ਇਹ ਇਨਵੈਸਟਮੈਂਟ ਪ੍ਰੋਗਰਾਮ ਵੀ ਸੁੱਖੇ ਗੱਪੀ ਵਾਂਗ ਝੂਠਾ ਨਿਕਲਿਆ। ਨਾ ਹੀ ਪੰਜਾਬ ਵਿੱਚ ਕੋਈ ਜਿਆਦਾ ਇੰਡਸਟਰੀ ਆਈ ਅਤੇ ਨਾ ਹੀ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ। (Navjot Singh Sidhu)
ਨਵਜੋਤ ਸਿੱਧੂ ਅੱਜ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਉਪ ਪ੍ਰਧਾਨ ਸੁਖਬੀਰ ਬਾਦਲ ਨੂੰ ਸੁੱਖਾ ਗੱਪੀ ਹੀ ਕਿਹਾ। ਸਿੱਧੂ ਨੇ ਕਿਹਾ ਕਿ ਉਨਾਂ ਨੂੰ ਸੁਖਬੀਰ ਬਾਦਲ ਨੂੰ ਸੁੱਖਾ ਗੱਪੀ ਕਹਿਣ ਦਾ ਪੂਰਾ ਹੱਕ ਹੈ, ਕਿਉਂਕਿ ਉਹਨੇ ਜ਼ਿੰਦਗੀ ਭਰ ਗੱਪਾਂ ਹੀ ਮਾਰੀਆਂ ਹਨ ਕੋਈ ਚੰਗਾ ਕੰਮ ਨਹੀਂ ਕੀਤਾ।
ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇੰਨਾਂ ਜਿਆਦਾ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਸ਼ ਕੀਤੀ ਕਿ 3 ਐਮ.ਓ.ਯੂ. ਉਹਨਾਂ ਕੰਪਨੀਆਂ ਨਾਲ ਦਸਤਖ਼ਤ ਕਰ ਲਏ, ਜਿਨਾਂ ਨੇ ਪੰਜਾਬ ਵਿੱਚ ਕੋਈ ਇਨਵੈਸਟਮੈਂਟ ਹੀ ਨਹੀਂ ਕਰਨੀ ਸੀ। ਇਸ ਨਾਲ ਹੀ 2015 ਦੇ ਪ੍ਰੋਗੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਵਿੱਚ ਦਿਖਾਇਆ ਗਿਆ ਕਿ 391 ਕੰਪਨੀਆਂ ਵਲੋਂ 1 ਲੱਖ 20 ਹਜ਼ਾਰ 196 ਕਰੋੜ 70 ਲੱਖ ਰੁਪਏ ਪੰਜਾਬ ਵਿੱਚ ਇਨਵੈਸਟਮੈਂਟ ਕੀਤਾ ਜਾਏਗਾ, ਜਦੋਂ ਕਿ ਅਸਲ ਸਚਾਈ ਵਿੱਚ ਹੁਣ ਤੱਕ 391 ਕੰਪਨੀਆਂ ਵਿੱਚੋਂ ਸਿਰਫ਼ 46 ਕੰਪਨੀਆਂ ਨੇ ਹੀ ਪੰਜਾਬ ਵਿੱਚ ਆਪਣੇ ਪ੍ਰੋਜੈਕਟ ਲਗਾਏ ਹਨ, ਉਹ ਵੀ ਸਿਰਫ਼ 6651 ਕਰੋੜ 99 ਲੱਖ ਰੁਪਏ ਦੇ ਹਨ। ਜਿਹੜਾ ਕਿ ਕੁਲ ਐਮ.ਓ.ਯੂ. ਹੋਏ ਰਕਮ ਦਾ ਸਿਰਫ਼ 5.5 ਫੀਸਦੀ ਹੀ ਹਨ। ਜਿਸ ਤੋਂ ਸਾਫ਼ ਹੈ ਕਿ 95 ਫੀਸਦੀ ਐਮ.ਓ.ਯੂ. ਅਨੁਸਾਰ ਪੰਜਾਬ ਵਿੱਚ ਕੋਈ ਇਨਵੈਸਟਮੈਂਟ ਹੀ ਨਹੀਂ ਆਈ ਹੈ।
ਉਨਾਂ ਕਿਹਾ ਕਿ ਹੈਰਾਨੀਵਾਲੀ ਗਲ ਤਾਂ ਇਹ ਹੈ ਕਿ ਵੱਡੀ ਵੱਡੀ ਕੰਪਨੀਆਂ ਨੇ ਐਮ.ਓ.ਯੂ ਤਾਂ ਦਸਤਖ਼ਤ ਕੀਤੇ ਪਰ ਸੁਖਬੀਰ ਉਨਾਂ ਨੂੰ ਪੰਜਾਬ ਵਿੱਚ ਲਿਆਉਣ ਤੋਂ ਨਾਕਾਮਯਾਬ ਹੋਇਆ ਹੈ। ਉਨਾਂ ਕਿਹਾ ਕਿ ਇਥੇ ਤੱਕ ਉਨਾਂ ਨੂੰ ਲਗਦਾ ਹੈ ਕਿ ਜਿਆਦਾਤਰ ਐਮ.ਓ.ਯੂ. ਸਿਰਫ਼ ਧੱਕੇ ਨਾਲ ਹੀ ਕਰਵਾਏ ਗਏ ਸਨ, ਜਿਸ ਕਾਰਨ ਹੀ ਕੋਈ ਪ੍ਰੋਜੈਕਟ ਨਹੀਂ ਆਇਆ ਹੈ। ਇਨਾਂ ਵਿੱਚ ਕੁਝ ਅਕਾਲੀ ਲੀਡਰ ਵੀ ਸ਼ਾਮਲ ਹਨ। ਇਥੇ ਹੀ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉਨਾਂ ਦੀ ਕਾਂਗਰਸ ਸਰਕਾਰ ਵਿੱਚ ਹੁਣ ਤੱਕ 47 ਹਜ਼ਾਰ ਕਰੋੜ ਰੁਪਏ ਦੇ 170 ਐਮ.ਓ.ਯੂ ਕੀਤੇ ਹਨ, ਜਿਹੜੇ ਕਿ ਬਿਨਾਂ ਸੱਦੇ ਅਤੇ ਕਿਸੇ ਪ੍ਰੋਗਰਾਮ ਤੋਂ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਤੱਕ 3 ਹਜ਼ਾਰ 112 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ।
ਜਿਹੜੇ ਐੱਮਓਯੂ ਹੋਏ ਪਰ ਨਹੀਂ ਆਏ ਪ੍ਰੋਜੈਕਟ | Navjot Singh Sidhu
ਕੰਪਨੀ ਐਮ.ਓ.ਯੂ ਦੀ ਰਕਮ ਇੰਨਵੈਸਟਮੈਂਟ
ਜੀ.ਵੀ.ਕੇ. 5 ਹਜ਼ਾਰ ਕਰੋੜ ਜ਼ੀਰੋ
ਡੀ.ਐਲ.ਐਫ. 9 ਹਜ਼ਾਰ 200 ਕਰੋੜ ਜ਼ੀਰੋ
ਰਿਲਾਇੰਸ ਜੀਓ 3 ਹਜ਼ਾਰ 500 ਕਰੋੜ ਜ਼ੀਰੋ
ਸ਼ਿਪਰਾ ਇੰਡੀਆ 6 ਹਜ਼ਾਰ ਕਰੋੜ ਜ਼ੀਰੋ
ਸੀ.ਵੀ.ਸੀ. 5 ਹਜ਼ਾਰ ਕਰੋੜ ਜ਼ੀਰੋ
ਜੇ.ਐੱਲ.ਪੀ.ਐੱਲ. 4 ਹਜ਼ਾਰ 500 ਕਰੋੜ ਜ਼ੀਰੋ
ਗਿਲਕੋ 1 ਹਜ਼ਾਰ 250 ਕਰੋੜ ਜ਼ੀਰੋ
ਨਿਊਰੋਨ 2 ਹਜ਼ਾਰ 910 ਕਰੋੜ ਜ਼ੀਰੋ
ਐਨ.ਕੇ.ਸ਼ਰਮਾ 1 ਹਜ਼ਾਰ 250 ਕਰੋੜ ਜ਼ੀਰੋ
ਪੇਡਾ (ਮਜੀਠੀਆ) 3 ਹਜ਼ਾਰ 500 ਕਰੋੜ ਜ਼ੀਰੋ
ਟ੍ਰਾਈਡੈਂਟ ਗਰੁੱਪ 1 ਹਜ਼ਾਰ ਕਰੋੜ ਜ਼ੀਰੋ
ਵਾਹੀਦ ਸੰਧਾਰ 100 ਕਰੋੜ ਜ਼ੀਰੋ