ਬਰਨਾਲਾ, (ਜੀਵਨ ਰਾਮਗੜ੍ਹ)। ਮੌਸਮ ਦਾ ਸੁਹੱਪਣ ਵੀ ਆਰਥਿਕ ਪੱਖੋਂ ਮਜ਼ਬੂਤ ਘਰਾਂ ਦੀਆਂ ਰੂਹਾਂ ‘ਤੇ ਹੀ ਜਾਦੂ ਕਰਦਾ ਹੋਵੇਗਾ ਮਜ਼ਦੂਰਾਂ ਦੇ ਵੇਹੜੇ ਤਾਂ ਸਾਉਣ ‘ਚ ਸਮੱਸਿਆਵਾਂ ਹੀ ਸੈਨਤਾਂ ਮਾਰਦੀਆਂ ਹਨ ਦੁਸ਼ਵਾਰੀਆਂ ਦੇ ਮੱਲੇ ਮਜ਼ਦੂਰ ਵੇਹੜਿਆਂ ‘ਚ ਤਾਂ ਸਾਉਣ ‘ਚ ਵੀ ਸੋਕਾ ਰਹਿੰਦਾ ਹੈ ਪੰਜਾਬ ਦੇ ਬਹੁਤੇ ਪਿੰਡਾਂ ਦੀ ਹੋਣੀ ਇੱਕੋ ਜਿਹੀ ਹੀ ਹੈ ਸੂਬੇ ਦੇ ਪਿੰਡਾਂ ‘ਚ ਮਜ਼ਦੂਰਾਂ ਦੇ ਵਿਹੜਿਆਂ ‘ਚ ਟੰਗੇ ਵਿਕਾਸ ਬੋਰਡਾਂ ਦੇ ਰੰਗ ਤਾਂ ਸਰਕਾਰਾਂ ਬਦਲਣ ‘ਤੇ ਬਦਲ ਜਾਂਦੇ ਹਨ, ਮਜ਼ਦੂਰਾਂ ਦੀ ਕਿਸਮਤ ਨਹੀਂ ਇਹੀ ਕਾਰਨ ਹੈ ਕਿ ਸਾਉਣ ਮਹੀਨੇ ਦੇ ਬੱਦਲਾਂ ‘ਤੇ ਕਿਸਾਨ ਬੇਸ਼ਕ ਬਾਗੋ-ਬਾਗ ਹੋਣ ਪ੍ਰੰਤੂ ਕਰੜੇ ਜਿਹੇ ਮੀਂਹ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ‘ਚ ਹੋਰ ਵਾਧਾ ਕਰ ਦਿੱਤਾ ਮਜ਼ਦੂਰ ਆਗੂ ਮੱਖਣ ਸਿੰਘ ਨੇ ਕਿਹਾ ਕਿ ਅਸਮਾਨੀ ਉੱਡਦੇ ਬੱਦਲ ਘਟਾਵਾਂ ਤੇ ਕਿਣ ਮਿਣ ਮਜ਼ਦੂਰਾਂ ਨੂੰ ਹੁਲਾਸ ਨਹੀਂ ਸਗੋਂ ਫ਼ਿਕਰਾਂ ਦੀ ਪੰਡ ਭੇਂਟ ਕਰਦੇ ਹਨ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਹੜਿਆਂ ਦੀ ਅਜ਼ਾਦੀ ਦੇ ਸੱਤਰ ਸਾਲ ਬੀਤ ਜਾਣ ਦੇ ਬਾਅਦ ਵੀ ਗਲੀਆਂ ਨਾਲੀਆਂ ਦੀ ਪੱਕੇ ਕਰਨ ਦੀ ਮੰਗ ਬਰਕਰਾਰ ਹੈ। (Barnala News)
ਇਹ ਵੀ ਪੜ੍ਹੋ : ਸੌਖਾ ਹੋਵੇਗਾ ਭਾਰਤੀ ਸਟਾਰਟਅੱਪਸ ਦਾ ਰਾਹ
ਬਜ਼ੁਰਗ ਸਰਕਾਰ ਤੋਂ ਨਿਗੂਣੀ ਪੈਨਸ਼ਨ ਲੈਣ ਲਈ ਤਰਲੇ ਕੱਢ ਰਹੇ ਹਨ ਮਜ਼ਦੂਰ ਵਿਹੜਿਆਂ ਦੀ ਹਾਲਤ ਸੌਣ ਮਹੀਨੇ ਨੇ ਹੋਰ ਵਿਗਾੜ ਦਿੱਤੀ ਹੈ ਚਿੱਕੜ ਚੰਭੇ ਨੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਜ਼ਿੱਲਤ ਭਰੀ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ 2800 ਇੱਟਾਂ ਦੇ ਭੱਠੇ ਹਨ, ਜਿੱਥੇ ਕੰਮ ਕਰਨ ਵਾਲੇ 4 ਲੱਖ ਦੇ ਕਰੀਬ ਮਜ਼ਦੂਰ ਮੀਂਹ ਦੇ ਮੌਸਮ ‘ਚ ਵਿਹਲੇ ਹੋ ਗਏ ਬਰਨਾਲਾ ਜ਼ਿਲ੍ਹੇ ਅੰਦਰ ਲਗਭਗ 150 ਦੇ ਕਰੀਬ ਇੱਟਾਂ ਦੇ ਭੱਠੇ ਹਨ ਜਿੱਥੇ ਕੰਮ ਕਰਨ ਵਾਲੇ ਹਜ਼ਾਰਾਂ ਦੀ ਤਾਦਾਦ ‘ਚ ਮਜ਼ਦੂਰਾਂ ਦੇ ਘਰੀਂ ਸਾਉਣ ਨੇ ਰੁਜ਼ਗਾਰ ਦਾ ਸੋਕਾ ਪਾ ਦਿੱਤਾ ਹੈ ਭੱਠੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਜੁਗਰਾਜ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਡੀ ਲੱਤ ਉਨ੍ਹਾਂ ਦੇ ਪੇਟ ‘ਚ ਸਾਉਣ ਦਾ ਮਹੀਨਾ ਹੀ ਮਾਰਦਾ ਹੈ ਇਸ ਮਹੀਨੇ ‘ਚ ਉਨ੍ਹਾਂ ਨੂੰ ਵੱਡਾ ਫਿਕਰ ਚੁੱਲ੍ਹੇ ਚੌਂਕੇ ਦੇ ਰਾਸ਼ਨ ਦਾ ਹੁੰਦਾ ਹੈ ਮਜ਼ਦੂਰ ਆਗੂ ਜਰਨੈਲ ਸਿੰਘ ਨੇ ਦੱਸਿਆ ਕਿ ਆਜ਼ਾਦੀ ਦੇ ਸੱਤਰ ਸਾਲ ਬਾਅਦ ਵੀ ਮਜ਼ਦੂਰਾਂ ਦੀ ਹਾਲਤ ਜਿਉਂ ਦੀ ਤਿਉਂ ਹੈ। (Barnala News)
ਮੀਂਹ ਕਣੀ ਦੇ ਮੌਸਮ ‘ਚ ਮਜ਼ਦੂਰਾਂ ਦੇ ਵੇਹੜਿਆਂ ‘ਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਘਰ ਭੀੜੇ ਹੋਣ ਕਾਰਨ ਜ਼ਿੰਦਗੀ ਮਸਲਾ ਬਣ ਜਾਂਦਾ ਹੈ ਬਿਜਲੀ ਦੇ ਕੱਟਾਂ ਕਾਰਨ ਮੀਂਹ ਕਣੀ ਦੇ ਮੌਸਮ ‘ਚ ਮਜ਼ਦੂਰਾਂ ਲਈ ਘਰ ਹੀ ਜੇਲ੍ਹ ਹੋ ਜਾਂਦਾ ਹੈ ਗਲੀਆਂ ‘ਚ ਚਿੱਕੜ ਕਾਰਨ ਮੱਖੀ, ਮੱਛਰ ਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋਣਾ ਮਜ਼ਦੂਰਾਂ ਦੀ ਮਜਬੂਰੀ ਬਣ ਜਾਂਦਾ ਹੈ ਮਜ਼ਦੂਰ ਬੰਤ ਸਿੰਘ ਨੇ ਕਿਹਾ ਕਿ ਸਾਉਣ ਦੇ ਸ਼ੁਗਲੇ ਸਰਦਿਆਂ ਪੁਜਦਿਆਂ ਦੇ ਹਿੱਸੇ ਆਉਂਦੇ ਹਨ ਉਨ੍ਹਾਂ ਦੇ ਹਿੱਸੇ ਤਾਂ ਸਿਰਫ ਸਾਉਣ ਦਾ ਸੰਤਾਪ ਹੀ ਰਹਿ ਜਾਂਦਾ ਹੈ ਦਵਾਈ-ਬੂਟੀ, ਰਾਸ਼ਨ-ਪਾਣੀ, ਲੀੜੇ-ਲੱਤੇ, ਕੱਖ-ਪੱਠਾ ਵੱਡਾ ਮਸਲਾ ਬਣ ਜਾਂਦਾ ਹੈ ਮਜ਼ਦੂਰ ਜੈਲਾ ਸਿੰਘ ਨੇ ਕਿਹਾ ਕਿ ਇਸ ਮਹੀਨੇ ‘ਚ ਮਜ਼ਦੂਰੀ ਘੱਟ ਹੋਣ ਕਾਰਨ ਕਈ ਵਾਰ ਮਜ਼ਦੂਰ ਭਾਈਚਾਰਾ ਆਪਸ ‘ਚ ਵੀ ਭਿੜ ਜਾਂਦਾ ਹੈ ਤੇ ਇੱਕ ਦੂਜੇ ਤੋਂ ਘੱਟ ਰੇਟ ‘ਤੇ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਲਈ ਉਮਰ ਸਬੂਤ ‘ਤੇ ਆ ਗਿਆ ਨਵਾਂ ਅਪਡੇਟ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
‘ਮੋਦੀ ਚੁੱਲ੍ਹਿਆਂ’ ਤੋਂ ਦੂਰ ਮਜਦੂਰਾਂ ਨੂੰ ਸੁੱਕੇ ਬਾਲਣ ਦਾ ਫ਼ਿਕਰ ਅੱਡ ਸਤਾਉਂਦਾ ਹੈ ਮਜ਼ਦੂਰ ਯੂਨੀਅਨ ਦੇ ਨੇਤਾ ਮੱਖਣ ਰਾਮਗੜ੍ਹ, ਸ਼ੇਰ ਫਰਵਾਹੀ, ਜਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਮਜ਼ਦੂਰ ਵਰਗ ਸਰਕਾਰ ਲਈ ਸਿਰਫ ਵੋਟਾਂ ਹਨ ਹੋਰ ਕੁਝ ਨਹੀਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਹੀ ਵੱਡੀ ਗਿਣਤੀ ਮਜ਼ਦੂਰ ਅਣਆਈ ਮੌਤ ਮਰ ਰਹੇ ਹਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਮੰਜਿਆਂ ਨਾਲ ਮੰਜੇ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਕਾਰਨ ਹੀ ਮਜ਼ਦੂਰ ਸਿਹਤ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਸਾਰੀ ਉਮਰ ਕਿਰਤ ਕਰਨ ਵਾਲੀ ਜਮਾਤ ਲਈ ਸਰਕਾਰ ਨੂੰ ਬਰਸਾਤੀ ਮੌਸਮ ‘ਚ ਰੁਜ਼ਗਾਰ ਭੱਤਾ ਦੇਣ ਦੇ ਨਾਲ-ਨਾਲ ਮਜਦੂਰ ਵੇਹੜਿਆਂ ਦੀ ਹਾਲਤ ਦੇਖ ਕੇ ਢੁਕਵਾਂ ਵਿਕਾਸ ਕਰਵਾਉਣਾ ਚਾਹੀਦਾ ਹੈ। (Barnala News)