ਸਿੱਖਿਆ ਮੰਤਰੀ ਨੇ ਐਲਾਨਿਆ ਇਨਾਮ, ਨਾਂਅ ਵੀ ਰੱਖਿਆ ਜਾਵੇਗਾ ਗੁਪਤ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸਰਗਰਮ ਤਬਾਦਲਾ ਮਾਫੀਆ ਦੀ ਜਾਣਕਾਰੀ ਦੇਣ ਵਾਲੇ ਅਧਿਆਪਕ ਜਾਂ ਫਿਰ ਕਰਮਚਾਰੀਆਂ ਦਾ ਨਾ ਸਿਰਫ਼ ਨਾਂਅ ਗੁਪਤ ਰੱਖਿਆ ਜਾਵੇਗਾ, ਸਗੋਂ ਉਸ ਨੂੰ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਵਿੱਚੋਂ ਕਾਂਗਰਸ ਸਰਕਾਰ ਤਬਾਦਲਾ ਮਾਫੀਆ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਸਰਗਰਮੀ ਨਾਲ ਹਰ ਤਬਾਦਲੇ ਪਿੱਛੇ ਲੱਖਾਂ ਰੁਪਏ ਲੈਣ ਦਾ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦੇ ਦੋਸ਼ ਕਈ ਸਿਅਸੀ ਆਗੂਆਂ ‘ਤੇ ਵੀ ਲੱਗਦੇ ਆਏ ਹਨ ਕਿ ਉਹ ਹਰ ਤਬਾਦਲੇ ਪਿੱਛੇ ਮੋਟੀ ਰਕਮ ਭਾਲਦੇ ਹਨ। (Transfer Mafia)
ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਚਲਦੀ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਰਿਸ਼ਵਤ ਲੈਣ ਜਾਂ ਦੇਣ ਬਾਰੇ ਪੱਕੇ ਸਬੂਤਾਂ ਸਹਿਤ ਜਾਣਕਾਰੀ ਦੇਵੇਗਾ, ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲੀਆਂ ਦਾ ਕੰਮ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਇਸ ਵਿੱਚ ਕਿਸੇ ਵੀ ਤਰਾਂ ਦਾ ਸਿਆਸੀ ਦਬਾਅ ਜਾਂ ਪੈਸੇ ਦਾ ਦਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। (Transfer Mafia)
ਇੱਥੇ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨੀ ਨੇ ਆਖਿਆ ਕਿ ਬੋਰਡ ਵਿੱਚ ਹਰ ਸਾਲ ਕਾਫ਼ੀ ਗਿਣਤੀ ਕਿਤਾਬਾਂ ਵੰਡਣ ਖੁਣੋਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਰੱਦੀ ਐਲਾਨਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਕਿਤਾਬਾਂ ਦੀ ਛਪਾਈ ਤੇ ਵੰਡ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਗਾਈਡਾਂ ਦੇ ਵਧਦੇ ਰੁਝਾਨ ਨੂੰ ਠੱਲ ਪਾਉਣ ਲਈ ਸਾਰੀਆਂ ਕਿਤਾਬਾਂ ਮਾਹਿਰਾਂ ਦੀ ਸਲਾਹ ਨਾਲ ਬੋਰਡ ਵੱਲੋਂ ਹੀ ਛਪਵਾਉਣ ਲਈ ਆਖਿਆ।