ਕੋਈ ਵੀ ਵੀਆਈਪੀ ਡੋਪ ਟੈਸਟ ਲਈ ਨਹੀਂ ਆਇਆ ਅੱਗੇ
- ਵਿਧਾਇਕਾਂ ਸਮੇਤ ਮੇਅਰ, ਚੇਅਰਮੈਨ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਡੋਪ ਟੈਸਟ ‘ਚ ਨਹੀਂ ਦਿਖਾ ਰਹੇ ਦਿਲਚਸਪੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਸਖ਼ਤ ਕਦਮ ਦੇ ਬਾਵਜ਼ੂਦ ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸਬੰਧਿਤ ਮੰਤਰੀ ਜਾਂ ਵਿਧਾਇਕ ਸਮੇਤ ਇੱਕ ਵੀ ਵੀਆਈਪੀ ਆਪਣਾ ਡੋਪ ਟੈਸਟ ਕਰਵਾਉਣ ਲਈ ਅੱਗੇ ਨਹੀਂ ਆਇਆ। ਉਂਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਡੋਪ ਟੈਸਟ ਕਰਵਾਉਣ ਦੀ ਹਾਮੀ ਜ਼ਰੂਰ ਭਰੀ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੱਈ ਮੁਲਾਜ਼ਮਾਂ ਦਾ ਪਤਾ ਲਗਵਾਉਣ ਲਈ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਈ ਕਾਂਗਰਸੀ ਐੱਮ. ਪੀ., ਵਿਧਾਇਕਾਂ ਸਮੇਤ ਹੋਰ ਪਾਰਟੀਆਂ ਦੇ ਚੁਣੇ ਗਏ ਵਿਧਾਇਕਾਂ ਵੱਲੋਂ ਵੀ ਆਪਣਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ। ਇੱਧਰ ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸਬੰਧਿਤ ਅਜੇ ਕੋਈ ਵੀ ਮੰਤਰੀ ਜਾਂ ਵਿਧਾਇਕ ਡੋਪ ਟੈਸਟ ਕਰਵਾਉਣ ਲਈ ਅੱਗੇ ਨਹੀਂ ਆ ਰਿਹਾ।
ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਗੇ ਆਉਂਦਿਆ ਆਪਣਾ ਡੋਪ ਟੈਸਟ ਕਰਵਾਉਣ ਦੀ ਹਾਮੀ ਭਰੀ ਗਈ ਹੈ, ਪਰ ਜ਼ਿਲ੍ਹੇ ਨਾਲ ਸਬੰਧਿਤ ਸਰਕਾਰ ‘ਚ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਸਮੇਤ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਪਣਾ ਡੋਪ ਟੈਸਟ ਕਰਵਾਉਣ ‘ਚ ਅਜੇ ਆਪਣੀ ਦਿਲਚਸਪੀ ਨਹੀਂ ਦਿਖਾਈ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਿਤ ਪੰਜ ਵਿਧਾਇਕਾਂ ਵਿੱਚੋਂ ਵੀ ਡੋਪ ਟੈਸਟ ਕਰਵਾਉਣ ਦੀ ਪਹਿਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਮੇਅਰ ਸਮੇਤ ਪੀਆਰਟੀਸੀ ਦੇ ਚੇਅਰਮੈਨ ਵੱਲੋਂ ਵੀ ਆਪਣਾ ਡੋਪ ਟੈਸਟ ਨਹੀਂ ਕਰਵਾਇਆ ਗਿਆ। ਹੋਰ ਤਾਂ ਹੋਰ ਜ਼ਿਲ੍ਹੇ ਨਾਲ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚੋਂ ਵੀ ਅਜੇ ਡੋਪ ਟੈਸਟ ਕਰਵਾਉਣ ਦੀ ਕੋਈ ਖ਼ਬਰ ਨਹੀਂ ਹੈ। ਜ਼ਿਲ੍ਹੇ ਨਾਲ ਸਬੰਧਿਤ ਕੋਈ ਕਾਂਗਰਸੀ ਵੀਆਈਪੀ ਨੇ ਵੀ ਆਪਣਾ ਡੋਪ ਟੈਸਟ ਕਰਵਾਉਣ ਦੀ ਪਹਿਲਕਦਮੀ ਨਹੀਂ ਕੀਤੀ ਗਈ।
ਇੱਧਰ ਇੱਕ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਅਤੇ ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਆਪਣਾ ਡੋਪ ਟੈਸਟ ਕਰਵਾ ਕੇ ਜ਼ਿਲ੍ਹੇ ਅੰਦਰ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਡੋਪ ਟੈਸਟ ਦੀ ਠੰਢੀ ਚਾਲ ਹੋਰਨਾਂ ਜ਼ਿਲ੍ਹਿਆਂ ਦੇ ਕਾਰਕੁੰਨਾਂ ਲਈ ਸੁਖਾਵਾ ਸੁਨੇਹਾ ਨਹੀਂ ਦੇ ਰਹੀ। ਇੱਧਰ ਕਈ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਤਾਂ ਆਪਣਾ ਡੋਪ ਟੈਸਟ ਕਰਵਾ ਲੈਣਗੇ, ਪਰ ਜ਼ਿਲ੍ਹੇ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਵਿੱਚ ਵੀ ਨਸ਼ਿਆਂ ਖਿਲਾਫ਼ ਵਿੱਢੀ ਇਸ ਮੁਹਿੰਮ ਦਾ ਸਾਰਥਕ ਸੁਨੇਹਾ ਜਾਵੇ।
ਅਜੇ ਡੋਪ ਟੈਸਟ ਕਰਵਾਉਣ ਦੀ ਕੋਈ ਜਾਣਕਾਰੀ ਨਹੀਂ : ਸਿਵਲ ਸਰਜਨ
ਜ਼ਿਲ੍ਹੇ ਅੰਦਰ ਡੋਪ ਟੈਸਟ ਸਬੰਧੀ ਜਦੋਂ ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵੀਆਈਪੀ ਦੀ ਡੋਪ ਟੈਸਟ ਕਰਵਾਉਣ ਦੀ ਉਨ੍ਹਾਂ ਕੋਲ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਡੋਪ ਟੈਸਟ ਵਾਲੀਆਂ ਕਿੱਟਾਂ ਸਬੰਧੀ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਕੁਝ ਤਾਂ ਰੱਖੀਆਂ ਹੋਈਆਂ ਹਨ, ਪਰ ਜ਼ਿਆਦਾ ਨਹੀਂ ਹਨ। ਉਂਜ ਉਨ੍ਹਾਂ ਕਿਹਾ ਕਿ ਰੁਟੀਨ ‘ਚ ਵਿਭਾਗ ਵੱਲੋਂ ਡੋਪ ਟੈਸਟ ਕੀਤੇ ਜਾਂਦੇ ਰਹਿੰਦੇ ਹਨ।