ਸੜਕ ‘ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚੋਂ ਉੱਤਰ ਕੇ ਵੇਖਣ ਲਈ ਓਧਰ ਨੂੰ ਚੱਲ ਪਿਆ।
ਸੜਕ ਦੇ ਖ਼ਤਾਨਾਂ ਵਿੱਚ ਇੱਕ ਵੱਡੀ ਫੌਰਚੂਨਰ ਗੱਡੀ ਦਰੱਖ਼ਤ ਨਾਲ ਟਕਰਾ ਕੇ ਚੂਰੋ-ਚੂਰ ਹੋਈ ਪਈ ਸੀ। ਤੇ ਨਾਲ ਹੀ ਥੋੜ੍ਹੀ ਦੂਰੀ ‘ਤੇ ਇੱਕ ਸਾਈਕਲ ਪਿਆ ਸੀ ਜੋ ਕਿ ਵੇਖਣ ਨੂੰ ਹੀ ਸਾਈਕਲ ਲੱਗਦਾ ਸੀ ਪਰ ਬਚਿਆ ਤਾਂ ਉਸਦਾ ਕੱਖ ਵੀ ਨਹੀਂ ਸੀ। ਸੜਕ ਦੇ ਸੱਜੇ ਹੱਥ ਇੱਕ ਨੌਜਵਾਨ ਦੀ ਲਾਸ਼ ਪਈ ਸੀ ਜਿਸ ਦੇ ਦੁਆਲੇ ਬਹੁਤ ਜ਼ਿਆਦਾ ਭੀੜ ਸੀ। ਚਿੱਟੇ ਕੱਪੜਿਆਂ ਵਾਲੇ ਸੇਠਾਂ ਦੀਆਂ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਪਈਆਂ ਸਨ। ਮੈਂ ਵੀ ਭੀੜ ਨੂੰ ਚੀਰਦਾ ਹੋਇਆ ਲਾਸ਼ ਦੇ ਕੋਲ ਪਹੁੰਚ ਗਿਆ।
ਨੌਜਵਾਨ ਵੇਖਣ ਨੂੰ ਹੀ ਕਿਸੇ ਵੱਡੇ ਘਰ ਦਾ ਲੱਗਦਾ ਸੀ। ਹਰ ਕੋਈ ਏਹੀ ਕਹਿ ਰਿਹਾ ਸੀ, ‘ਕੱਲਾ-ਕੱਲਾ ਪੁੱਤ ਸੀ ਘਰਦਿਆਂ ਦਾ।’ ਕੁਝ ਕੁ ਦੱਬੀ ਜਿਹੀ ਅਵਾਜ਼ ‘ਚ ਇਹ ਵੀ ਕਹਿ ਰਹੇ ਸਨ, ‘ਕੱਲਾ-ਕੱਲਾ ਸੀ, ਪੈਸਾ ਵਾਧੂ ਸੀ, ਨਸ਼ੇੜੀ ਸੀ, ਗੱਡੀ ਬਹੁਤ ਤੇਜ਼ ਚਲਾਉਂਦਾ ਸੀ।’ ਉਸਦੀ ਮਾਂ ਨੇ ਪੁੱਤ ਦਾ ਲਹੂ ਨਾਲ ਲਿੱਬੜਿਆ ਹੋਇਆ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਸੀ ਤੇ ਦੁਹੱਥੜੇ ਮਾਰ-ਮਾਰ ਕੇ ਕਹਿ ਰਹੀ ਸੀ, ‘ਵੇ ਮੇਰਾ ਕੱਲਾ-ਕੱਲਾ ਪੁੱਤ, ਤੂੰ ਕਿੱਥੇ ਚਲਿਆ ਗਿਐਂ? ਐਨੀ ਜ਼ਮੀਨ-ਜਾਇਦਾਦ ਛੱਡ ਕੇ, ਵੇ ਤੇਰੀਆਂ ਐਨੀਆਂ ਕੋਠੀਆਂ, ਐਨੀਆਂ ਕਾਰਾਂ, ਹੁਣ ਏਨਾ ਦਾ ਕੌਣ ਵਾਲੀ ਵਾਰਿਸ ਹੋਊ?’ ਇਹ ਕਹਿੰਦੀ-ਕਹਿੰਦੀ ਉਹ ਬੇਸੁੱਧ ਹੋ ਜਾਂਦੀ। (Vali Varis)
ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਐਕਸੀਡੈਂਟ ਹੋਇਆ ਕਿਵੇਂ ਸੀ? ਮੈਂ ਭੀੜ ਵਿੱਚੋਂ ਬਾਹਰ ਆ ਗਿਆ। ਸੜਕ ਦੇ ਦੂਜੇ ਪਾਸੇ ਵੀ ਰੋਣਾ-ਕੁਰਲਾਉਣਾ ਪਿਆ ਹੋਇਆ ਸੀ। ਪਰ ਉੱਥੇ ਭੀੜ ਘੱਟ ਸੀ । ਮੈਂ ਉਸ ਪਾਸੇ ਨੂੰ ਤੁਰ ਪਿਆ। ਵੇਖਿਆ, ਇੱਕ ਮਜ਼ਦੂਰ ਮੈਲੇ-ਕੁਚੈਲੇ ਕੱਪੜਿਆਂ ਵਿੱਚ ਬੁਰੀ ਤਰ੍ਹਾਂ ਕੁਚਲਿਆ ਹੋਇਆ ਆਪਣੀ ਮਾਂ ਦੀ ਗੋਦੀ ਵਿੱਚ ਮਰਿਆ ਪਿਆ ਸੀ ਤੇ ਉਸਦੀ ਮਾਂ ਵੀ ਦੁਹੱਥੜੇ ਮਾਰ-ਮਾਰ ਕੇ ਕਹਿ ਰਹੀ ਸੀ, ‘ਵੇ ਮੇਰਾ ਕੱਲਾ-ਕੱਲਾ ਪੁੱਤ, ਤੂੰ ਤਾਂ ਸਾਡੇ ਵਾਸਤੇ ਰੋਟੀ ਕਮਾਉਣ ਗਿਆ ਸੀ, ਹੁਣ ਤੇਰੇ ਬਿਨਾਂ ਸਾਡਾ ਕੌਣ ਵਾਲੀ ਵਾਰਿਸ ਹੋਊ, ਇਹਨਾਂ ਨਿੱਕੇ-ਨਿੱਕੇ ਜਵਾਕਾਂ ਦਾ ਕੌਣ ਵਾਲੀ ਵਾਰਿਸ ਹੋਊ?’ ਇਹ ਕਹਿੰਦੀ-ਕਹਿੰਦੀ ਉਹ ਬੇਸੁੱਧ ਹੋ ਜਾਂਦੀ। ਮੈਂ ਆ ਕੇ ਬੱਸ ਵਿੱਚ ਬੈਠ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸਲੀ ਵਾਲੀ ਵਾਰਿਸ ਕੌਣ ਸੀ? ਉਹ ਅਮੀਰ ਵਿਗੜਿਆ ਹੋਇਆ ਨੌਜਵਾਨ ਜੋ ਆਪਣੇ ਪਿੱਛੇ ਬੇਹਿਸਾਬ ਜ਼ਮੀਨ-ਜਾਇਦਾਦ ਛੱਡ ਗਿਆ ਸੀ ਜਾਂ ਉਹ ਗਰੀਬ ਮਜ਼ਦੂਰ ਜੋ ਆਪਣੇ ਪਿੱਛੇ ਬੁੱਢੀ ਮਾਂ, ਪਤਨੀ ਤੇ ਤਿੰਨ ਨਿੱਕੇ-ਨਿੱਕੇ ਜਵਾਕਾਂ ਨੂੰ ਰੋਂਦੇ ਛੱਡ ਕੇ ਤੁਰ ਗਿਆ ਸੀ। (Vali Varis)