ਹੁਣ ਜਾਗਦੇ ਰਹਿਓ ਪੰਜਾਬੀਓ! ਸੰਭਾਲ ਲਓ ਪੰਜਾਬ…

Keep,Watching,now,Punjab

ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ | Punjab

ਅੰਮ੍ਰਿਤਸਰ, (ਰਾਜਨ ਮਾਨ)। ਅੱਜ ਪੰਜਾਬ (Punjab) ਦੀ ਫਿਜ਼ਾ ਵਿੱਚ ਨਸ਼ਾ ਮੁਕਤ ਪੰਜਾਬ ਦੀ ਲਹਿਰ ਦੀ ਆਵਾਜ਼ ਗੂੰਜ ਰਹੀ ਹੈ ਪੰਜਾਬੀਓ ਅੱਜ ਮੁੜ ਵਕਤ ਤੁਹਾਡੀ ਅਣਖ ਤੇ ਸ਼ਾਨ ਦੀ ਪਰਖ ਦਾ ਹੈ ਆਪਣੇ ਪਿੰਡਾਂ ਦੇ ਸਿਵਿਆਂ ‘ਚੋਂ ਨਿੱਕਲਦੀ ਅੱਗ ਤੁਸਾਂ ਕਿਵੇਂ ਬੁਝਾਉਣੀ ਹੈ, ਤੁਸੀਂ ਖੁਦ ਭਲੀ-ਭਾਂਤ ਜਾਣ ਚੁੱਕੇ ਹੋ ਤੁਹਾਡੇ ਵੱਲੋਂ ਕੁਝ ਦਿਨ ਕੀਤੇ ਸਖ਼ਤ ਵਿਰੋਧ ਨੇ ਹਾਕਮਾਂ ਨੂੰ ਸੁਚੇਤ ਕਰ ਦਿੱਤਾ ਹੈ ਹਾਕਮ ਅੱਜ ਇਸ ਨਸ਼ਿਆਂ ਦੇ ਮਾਮਲੇ ‘ਤੇ ਕੁਝ ਕਰਨ ਲਈ ਹੱਥ-ਪੈਰ ਮਾਰ ਰਹੇ ਹਨ ਜੋ ਅਲਖ ਤੁਸਾਂ ਅੱਜ ਆਪਣੇ ਅੰਦਰ ਪੰਜਾਬ ਦੇ ਦਰਦ ਨੂੰ ਲੈ ਕੇ ਜਗਾਈ ਹੈ, ਇਸ ਅਲਖ ਨੂੰ ਜਗਾਈ ਰੱਖਿਓ ਇਸ ਦੌੜ ਵਿੱਚ ਤੁਹਾਨੂੰ ਕਈ ਸਿਆਸੀ ਹਡਲਾਂ ਵੀ ਪਾਰ ਕਰਨੀਆਂ ਪੈਣੀਆਂ ਹਨ ਸਿਆਸਤਦਾਨਾਂ ਵੱਲੋਂ ਕਈ ਸਿਆਸੀ ਠਿੱਬੀਆਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ, ਪਰ ਹੌਂਸਲਾ ਨਾ ਛੱਡਿਓ ਸਿਆਸੀ ਹਨ੍ਹੇਰੀਆਂ, ਮੀਂਹਾਂ, ਝੱਖੜਾਂ ਵਿੱਚ ਵੀ ਇਹ ਨਸ਼ਾ ਵਿਰੋਧੀ ਮਸ਼ਾਲ ਬੁਝਣ ਨਾ ਦਿਉ ਜੇ ਤੁਹਾਡੇ ਇਰਾਦੇ ਮਜਬੂਤ ਨੇ ਤਾਂ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ।

ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਦੀ ਬੇਬਸੀ ਤੇ ਸਿਆਸਤਦਾਨਾਂ ਦੇ ਝੂਠੇ ਲਾਰਿਆਂ ਤੋਂ ਤੰਗ ਆਈ ਪੰਜਾਬ ਦੀ ਅਵਾਮ ਨੇ ਆਪਣੇ ਘਰ ਆਪ ਬਚਾਉਣ ਲਈ ਕਦਮ ਚੁੱਕ ਲਏ ਹਨ ਹਰ ਪਾਸੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਕਾਰਨ ਮਾਤਮ ਛਾਇਆ ਹੋਇਆ ਹੈ ਨਿੱਤ ਦਿਨ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਿਵਿਆਂ ‘ਚੋਂ ਅੱਗ ਨਿੱਕਲ ਰਹੀ ਹੈ. ਮਾਂਵਾਂ, ਭੈਣਾਂ ਤੇ ਸੁਹਾਗਣਾਂ ਦੇ ਵੈਣਾਂ ਨਾਲ ਪੰਜਾਬ ਦੀ ਫਿਜ਼ਾ ਵਿੱਚ ਚੀਕਾਂ ਗੂੰਜ ਰਹੀਆਂ ਹਨ ਇਸ ਨਸ਼ਿਆਂ ਦੇ ਵਹਿਣ ਨੂੰ ਰੋਕਣ ਲਈ ਅੱਜ ਪੰਜਾਬ ਵਿੱਚ ਵੱਡੇ ਪੱਧਰ ‘ਤੇ ਲਹਿਰ ਚੱਲ ਰਹੀ ਹੈ ਸਮੇਂ-ਸਮੇਂ ਦੀਆਂ ਹਕੂਮਤਾਂ ਤੇ ਸਿਆਸਤਦਾਨਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਅੰਦੋਲਨ ਸ਼ੁਰੂ ਕੀਤੇ ਜਾਂਦੇ ਰਹੇ ਹਨ, ਜਿਨਾਂ ਅੰਦੋਲਨਾਂ ਨੂੰ ਅਵਾਮ ਨੇ ਸੰਜੀਦਗੀ ਨਾਲ ਲੜਿਆ ਹੈ ਤੇ ਕਾਮਯਾਬੀ ਨੇ ਆ ਕੇ ਲੋਕਾਂ ਦੇ ਕਦਮ ਚੁੰਮੇ ਹਨ।

ਕਈ ਪਿੰਡਾਂ ਵਿੱਚ ਲੋਕ ਇਸ ਦੇ ਵਿਰੋਧ ਵਿੱਚ ਆ ਖੜ੍ਹੇ ਹੋਏ ਹਨ

ਉਧਰ ਸੋਸ਼ਲ ਮੀਡੀਆ ਰਾਹੀਂ ਕੁਝ ਵਿਅਕਤੀਆਂ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਵਿਰੁੱਧ ਕਾਲਾ ਹਫਤ’ ਮਨਾਉਣ ਦੇ ਦਿੱਤੇ ਸੱਦੇ ਉੱਪਰ ਲੋਕ ਲਹਿਰ ਖੜ੍ਹੀ ਹੋ ਰਹੀ ਹੈ ਇਸ ਤਹਿਤ 1 ਜੁਲਾਈ ਤੋਂ 7 ਜੁਲਾਈ ਤੱਕ ਸੂਬੇ ਭਰ ਵਿੱਚ ਕਾਲੇ ਕੱਪੜੇ, ਪੱਗਾਂ ਅਤੇ ਚੁੰਨੀਆਂ ਪਹਿਨ ਕੇ ਅਤੇ ਕਾਲੇ ਬਿੱਲੇ ਲਾ ਕੇ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ ਅੱਜ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਕਿ ਕਿਧਰੇ ਇਹ ਅੰਦੋਲਨ ਸੋਸ਼ਲ ਮੀਡੀਆ ਤੱਕ ਹੀ ਨਾ ਸੀਮਤ ਰਹਿ ਜਾਵੇ ਇਸਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਅਤੀ ਜਰੂਰੀ ਹੈ. ਕਈ ਪਿੰਡਾਂ ਵਿੱਚ ਲੋਕ ਇਸ ਦੇ ਵਿਰੋਧ ਵਿੱਚ ਆ ਖੜ੍ਹੇ ਹੋਏ ਹਨ ਕਈ ਥਾਵਾਂ ‘ਤੇ ਪਿੰਡਾਂ ਦੇ ਲੋਕਾਂ ਵੱਲੋਂ ਨਸ਼ੇੜੀ ਨੌਜਵਾਨਾਂ ਦੀ ਵੱਢ-ਫੱਟ ਵੀ ਕੀਤੀ ਗਈ ਹੈ ਪਰ ਇਹ ਗਲਤ ਹੈ ਅਤੇ  ਅੰਦੋਲਨ ਦੇ  ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ

ਨਸ਼ੇੜੀਆਂ ਨੂੰ ਫੜ੍ਹੋ, ਸਮਝਾਉ ਉਹ ਵੀ ਤੁਹਾਡੇ ਹੀ ਪੁੱਤ ਹਨ ਵਕਤ ਤੇ ਸਿਆਸਤਾਂ ਦੀ ਮਾਰ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈ ਉਹਨਾਂ ਨੂੰ ਗਲਵੱਕੜੀ ਵਿੱਚ ਲੈ ਕੇ ਸਮਝਾਉ ਕਿ ਵੀਰੋ ਕਿਸੇ ਵੀ ਸਿਆਸੀ ਪਾਰਟੀ ਦਾ ਹੱਥ-ਠੋਕਾ ਨਾ ਬਣਿਓ, ਨਹੀਂ ਤਾਂ ਵਰਤੇ ਜਾਉਗੇ ਪਾਰਟੀ ਭਾਵੇਂ ਕੋਈ ਵੀ ਹੋਵੇ ਉਸਦਾ ਮਕਸਦ ਅਵਾਮ ਨੂੰ ਪਿੱਛੇ ਲਾਉਣਾ ਹੁੰਦਾ ਹੈ ਇਸ ਲਹਿਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਆਮ ਆਦਮੀ ਪਾਰਟੀ, ਅਕਾਲੀ, ਭਾਜਪਾ ਤੇ ਕਾਂਗਰਸ ਹੀ ਹੈ, ਵੱਲੋਂ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਕੀਤੇ ਜਾਂਦੇ ਰਹਿਣਗੇ ਸਭ ਨੂੰ ਪਰਖ ਲਿਆ ਏ ਤੁਸਾਂ ਨੇ ਸੀਨੇ ‘ਤੇ ਪੱਥਰ ਰੱਖ ਕੇ ਹੁਣ ਤਾਂ ਆਪਣੀ ਲੜਾਈ ਆਪ ਹੀ ਲੜਨੀ ਪੈਣੀ ਹੈ।

ਕਿਤੇ ਨਾ ਕਿਤੇ  ਬੇਬਸੀ ਕੋਈ ਰੰਗ ਨਾ ਲਿਆ ਸਕੀ

ਆਪਣੀ ਲੜਾਈ ਆਪ ਲੜਿਓ ਕਿਸੇ ਦੇ ਮੋਢਿਆਂ ‘ਤੇ ਰੱਖ ਕੇ ਬੰਦੂਕਾਂ ਨਹੀਂ ਚੱਲਦੀਆਂ ਜੇ ਪੰਜਾਬ ਵਿੱਚ ਇੱਕ ਦਹਾਕਾ ਅੱਤਵਾਦ ਦੀ ਕਾਲੀ ਹਨ੍ਹੇਰੀ ਝੁੱਲੀ ਸੀ ਤਾਂ ਉਸਨੂੰ ਸਰਕਾਰਾਂ ਨੇ ਨਹੀਂ ਸਗੋਂ ਤੁਸਾਂ ਲੋਕਾਂ ਨੇ ਹੀ ਖਤਮ ਕੀਤਾ ਸੀ ਹੁਣ ਪਾਣੀ ਸਿਰੋਂ ਲੰਘ ਗਿਆ ਹੈ ਗੋਤੇ ਖਾ ਕੇ ਮਰਨ ਨਾਲੋਂ ਨਸ਼ਿਆਂ ਖਿਲਾਫ਼ ਆਰ ਜਾਂ ਪਾਰ ਦੀ ਲੜਾਈ ਲੜਨਾ ਬਿਹਤਰ ਹੈ. ਜੇ ਅੱਜ ਸਰਕਾਰ ਕੋਈ ਕਦਮ ਚੁੱਕਦੀ ਹੈ ਤਾਂ ਇਸਦਾ ਸਿਹਰਾ ਤੁਹਾਨੂੰ ਜਾਵੇਗਾ ਉਂਝ ਤਾਂ ਪੰਜਾਬ ਵਿੱਚ ਕਾਂਗਰਸ ਹਕੂਮਤ ਬਣ ਤੋਂ ਕੁਝ ਸਮਾਂ ਬਾਅਦ ਹੀ ਪਾਰਟੀ ਦੇ 40 ਦੇ ਕਰੀਬ ਵਿਧਾਇਕਾਂ, ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਸ਼ਾਮਲ ਸਨ, ਨੇ ਮੁੱਖ ਮੰਤਰੀ ਨੂੰ ਸਾਂਝਾ ਪੱਤਰ ਲਿਖ ਕੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਫਰਿਆਦ ਕੀਤੀ ਸੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਠੋਸ ਸਬੂਤ ਮਿਲਣ ‘ਤੇ ਹੀ ਕਿਸੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

ਸਿੱਧੂ ਤੇ ਰੰਧਾਵਾ ਵੱਲੋਂ ਭਾਵੇਂ ਸਮੇਂ-ਸਮੇਂ ਪੰਜਾਬ ਦੇ ਦਰਦ ਦੀ ਗੱਲ ਸ਼ਰੇਆਮ ਸਟੇਜ਼ਾਂ ‘ਤੇ ਕੀਤੀ ਜਾਂਦੀ ਰਹੀ ਪਰ ਕਿਤੇ ਨਾ ਕਿਤੇ ਉਹਨਾਂ ਦੀ ਬੇਬਸੀ ਕੋਈ ਰੰਗ ਨਾ ਲਿਆ ਸਕੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਇਸ ਮੁੱਦੇ ਉੱਪਰ ਆਪਣੀ ਭੜਾਸ ਕੱਢ ਚੁੱਕੇ ਹਨ. ਇਸ ਲਹਿਰ ਦੇ ਚਲਦਿਆਂ ਹੀ ਵਿਧਾਇਕ ਬੈਂਸ ਭਰਾਵਾਂ ਦੀ ਜੋੜੀ ਨੇ ਵੀ ਨਸ਼ਿਆਂ ਦੇ ਮੁੱਦੇ ਉੱਪਰ ਪੀੜਤ ਕੁੜੀਆਂ ਨੂੰ ਲੈ ਕੇ ਸੂਬੇ ਵਿੱਚ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ

ਪਿਛਲੇ ਇੱਕ ਮਹੀਨੇ ਦੌਰਾਨ ਸਿਰਫ ਮਾਝੇ ਵਿੱਚ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ  ਨਸ਼ਿਆਂ ਕਾਰਨ ਮੌਤਾਂ ਜਾਂ ਸੰਗੀਨ ਅਪਰਾਧਾਂ ਸਬੰਧੀ ਅੰਕੜਿਆਂ ਦਾ ਵਾਧਾ ਪੁਲਿਸ ਪ੍ਰਬੰਧ ਦੀ ਨਾਕਾਮੀ ਦਾ ਸਬੂਤ ਸਮਝਿਆ ਜਾਂਦਾ ਹੈ . ਲੋਕਾਂ ਵਿੱਚ ਆਈ ਜਾਗਰੂਕਤਾ ਕਾਰਨ ਹੀ ਕਈ ਨਸ਼ਿਆਂ ਦੇ ਸ਼ਿਕਾਰ ਨੌਜਵਾਨ ਮੁੰਡੇ-ਕੁੜੀਆਂ ਨੇ ਆਪਣੀ ਅਵਾਜ਼ ਬੁਲੰਦ ਕੀਤੀ ਹੈ ਅਤੇ ਆਪਣੇ-ਆਪ ਨੂੰ ਇਸ ਦਲਦਲ ਵਿਚੋਂ ਕੱਢਣ ਦੀ ਗੁਹਾਰ ਲਾਈ ਹੈ

ਪੁਲਿਸ ਦੇ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਉੱਠ ਰਹੇ ਸਵਾਲਾਂ ਨੇ ਖਾਕੀ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ. ਅੱਜ ਨਸ਼ਾ ਵਿਰੋਧੀ ਲਹਿਰ ਪੰਜਾਬ ਦੇ ਘਰ-ਘਰ ਵਿਚ ਪਹੁੰਚ ਗਈ ਹੈ ਲੋੜ ਹੈ ਇਸ ਲਹਿਰ ਨੂੰ ਬਣਾਈ ਰੱਖਣ ਦੀ ਸਿਆਸਤਦਾਨਾਂ ਵੱਲੋਂ ਅਕਸਰ ਇੱਕ ਤਾਹਨਾ ਤੁਹਾਨੂੰ ਮਾਰਿਆ ਜਾਂਦਾ ਰਿਹਾ ਹੈ ਕਿ ਅਖੇ ਪੰਜਾਬੀ ਚਾਰ ਦਿਨਾਂ ਵਿੱਚ ਸਭ ਭੁੱਲ ਜਾਂਦੇ ਹਨ ਪਰ ਇਸ ਵਾਰ ਇਹ ਗੱਲ ਝੂਠੀ ਸਾਬਤ ਕਰ ਦਿਓ ਇੱਕ ਆਖਰੀ ਗੱਲ, ਜੇ ਨਿੱਕਲੇ ਹੋ ਸਿਰਾਂ ‘ਤੇ ਕਫਨ ਬੰਨ੍ਹ ਕੇ ਤਾਂ ਫਿਰ ਪੰਜਾਬ ਦੀ ਜਵਾਨੀ ਨੂੰ ਬਚਾ ਕੇ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਹੀ ਛੱਡਿਓ। (Punjab)