ਸਰਵ ਪਾਰਟੀ ਬੈਠਕ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਮੰਗਿਆ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਖ਼ਿਲਾਫ਼ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਵਿੱਚ ਫੇਲ੍ਹ ਸਾਬਤ ਹੋਈ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੀਟਿੰਗ ਲਈ ਸਮਾਂ ਦੇ ਦਿੱਤਾ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦਾ 6 ਮੈਂਬਰੀ ਵਫ਼ਦ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਐਮ.ਐਲ.ਏ ਹੋਸਟਲ ਤੋਂ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਰੋਸ ਮਾਰਚ ਜਿਵੇਂ ਹੀ ਸ਼ੁਰੂ ਕੀਤਾ।
ਵੱਡੀ ਗਿਣਤੀ ‘ਚ ਮੌਜੂਦ ਪੁਲਿਸ ਫੋਰਸ ਨੇ ‘ਆਪ’ ਆਗੂਆਂ ਨੂੰ ਐਮ.ਐਲ.ਏ ਹੋਸਟਲ ਦੇ ਗੇਟ ਦੇ ਅੰਦਰ ਹੀ ਘੇਰ ਲਿਆ ਅਤੇ ‘ਆਪ’ ਲੀਡਰਸ਼ਿਪ ਉੱਥੇ ਹੀ ਰੋਸ ਧਰਨੇ ਉੱਪਰ ਬੈਠ ਗਈ ਇਸ ਮੌਕੇ ਭਗਵੰਤ ਮਾਨ ਨੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਨਸ਼ਿਆਂ ਦੀ ਦਲਦਲ ‘ਚ ਇਸ ਕਦਰ ਧੱਕਣ ਲਈ ਸਾਬਕਾ ਅਕਾਲੀ ਮੰਤਰੀ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਮੁੱਖ ਸਰਗਨਾ ਕਰਾਰ ਦਿੱਤਾ। (Captain Amarinder Singh)
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੇਕਰ 4 ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਲਈ ਸ੍ਰੀ ਗੁਟਕਾ ਸਾਹਿਬ ਹੱਥ ‘ਚ ਚੁੱਕ ਸਹੁੰ ‘ਤੇ ਅਮਲ ਕੀਤਾ ਹੁੰਦਾ ਤਾਂ ਅੱਜ ਨਾ ਇਹ ਧਰਨਾ ਲੱਗਦਾ, ਨਾ ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ ਮਨਾਏ ਜਾਣ ਦੀ ਸਮਾਜਿਕ ਮੁਹਿੰਮ ਸ਼ੁਰੂ ਹੁੰਦੀ ਅਤੇ ਨਾ ਹੀ ਪੰਜਾਬ ਦੇ ਜਵਾਨ ਪੁੱਤ ਨਸ਼ਿਆਂ ਦੀ ਓਵਰਡੋਜ਼ ਨਾਲ ਅਣਹੋਣੀ ਮੌਤ ਮਰਦੇ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਸਿੱਧਾ ਦੋਸ਼ ਲਗਾਇਆ ਕਿ ਇਹ ਸਰਕਾਰ ਅਕਾਲੀ ਦਲ ਅਤੇ ਕਾਂਗਰਸ ਦੀ ਸਾਂਝੀ ਸਰਕਾਰ ਹੈ ਅਤੇ ਮੁੱਖ ਮੰਤਰੀ ਆਪਣੇ ਭਤੀਜੇ (ਮਜੀਠੀਆ) ਨੂੰ ਬਚਾ ਰਹੇ ਹਨ। (Captain Amarinder Singh)
ਪੰਜਾਬ ਲੋਕ ਨਸ਼ਿਆਂ ਦੇ ਮੁੱਦੇ ‘ਤੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਜਵਾਬ-ਤਲਬੀ ਕਰਨ : ਮਾਨ
ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਮੁੱਦੇ ‘ਤੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਜਵਾਬ-ਤਲਬੀ ਕਰਨ। ਭਗਵੰਤ ਮਾਨ ਨੇ ਉਨਾਂ 40 ਕਾਂਗਰਸੀ ਵਿਧਾਇਕਾਂ ਨੂੰ ਵੀ ਤਾਅਨਾ ਮਾਰਿਆਂ ਕਿ ਚਿੱਠੀ ਲਿਖ ਕੇ ਮਜੀਠੀਆ ‘ਤੇ ਕਾਰਵਾਈ ਮੰਗਣ ਵਾਲੇ ਕਾਂਗਰਸੀ ਵਿਧਾਇਕ ਬੱਸ ਮੰਤਰੀ ਜਾਂ ਚੇਅਰਮੈਨੀਆਂ ਲੈਣ ਲਈ ਹੀ ਬੋਲ ਰਹੇ ਸਨ, ਜੋ ਹੁਣ ਮੌਨ ਹੋ ਗਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਦੀ ਥਾਂ ਪੰਜਾਬ ਦੇ ਪਿੰਡਾਂ ‘ਚ ਜਾਣ ਜਿੱਥੇ ‘ਚਿੱਟੇ’ ਨੇ ਸੱਥਰ ਵਿਛਾ ਦਿੱਤੇ ਹਨ। (Captain Amarinder Singh)
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਖ਼ਾਸ ਕਰਕੇ ਨਸ਼ਿਆਂ ਤੋਂ ਪੀੜਤ ਅਤੇ ਆਪਣੇ ਜਵਾਨ-ਪੁੱਤ-ਧੀਆਂ ਗੁਆ ਚੁੱਕੇ ਮਾਪੇ ਕੈਪਟਨ ਅਮਰਿੰਦਰ ਸਿੰਘ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਜਵਾਬ ਮੰਗਣਾ ਚਾਹੁੰਦੇ ਹਨ ਕਿ ਨਸ਼ੇ ਅਤੇ ਨਸ਼ਿਆਂ ਦੇ ਵਪਾਰੀਆਂ ਨੂੰ ਖ਼ਤਮ ਕਰਨ ਵਾਲੀ ਸਹੁੰ ਦਾ ਕੀ ਬਣਿਆ? ਇਸ ਮੌਕੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਵਿਧਾਇਕ ਕੰਵਰ ਸੰਧੂ ਅਤੇ ਅਮਨ ਅਰੋੜਾ ਨੇ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਬਾਦਲਾਂ ਨੂੰ ਵੀ ਰੱਜ ਕੇ ਕੋਸਿਆ। (Captain Amarinder Singh)