ਮਾਲਵੇ ਚ ਭਾਜਪਾ ਆਪਣੀ ਮਜਬੂਤੀ ਲਈ ਹੋਈ ਪੱਬਾਭਾਰ
ਸੰਗਰੂਰ (ਸੱਚ ਕਹੂੰ ਨਿਊਜ਼)। ਪਿਛਲਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿੱਚ 15 ਸਾਲ ਸੱਤਾ ਦਾ ਸੁਖ਼ ਭੋਗ ਚੁੱਕੀ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਦੇ ਮਾਲਵਾ ਖ਼ੇਤਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਪੱਬਾਂ ਭਾਰ ਹੋ ਗਈ ਹੈ ਮਾਲਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਤੋਂ ਹੀ ਆਪਣਾ ਦਾਅਵਾ ਰੱਖਿਆ ਹੈ, ਮਾਲਵੇ ਵਿੱਚ ਨਾਮਾਤਰ ਸੀਟਾਂ ਹੀ ਭਾਜਪਾ ਨੂੰ ਦਿੱਤੀਆਂ ਗਈਆਂ ਸਨ ਪਰ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ ਬਣੇ ਹਨ, ਉਦੋਂ ਤੋਂ ਹੀ ਪਾਰਟੀ ਪ੍ਰਧਾਨ ਦਾ ਨਿਸ਼ਾਨਾ ਪਾਰਟੀ ਨੂੰ ਮਾਲਵੇ ਵਿੱਚ ਮਜ਼ਬੂਤੀ ਪ੍ਰਦਾਨ ਕਰਨਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਉਨ੍ਹਾਂ ਮਾਲਵੇ ਵਿੱਚ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜਣ ਲਈ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਦੀ ਸ਼ੁਰੂਆਤ ਮਾਲਵੇ ਦੇ ਪੇਂਡੂ ਇਲਾਕੇ ਧਨੌਲਾ ਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਹਸਪਤਾਲਾਂ ਲਈ ਮੰਤਰੀ ਅਨਿਲ ਵਿੱਜ ਦਾ ਨਵਾਂ ਹੁਕਮ ਜਾਰੀ
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਨ੍ਹਾਂ ਪੰਦਰਾਂ ਸਾਲਾਂ ਵਿੱਚ ਇਹ ਯਤਨ ਪਹਿਲੀ ਵਾਰ ਕੀਤੇ ਜਾ ਰਹੇ ਹਨ 24 ਜੂਨ ਐਤਵਾਰ ਨੂੰ ਭਾਜਪਾ ਵੱਲੋਂ ਮਾਲਵੇ ਵਿੱਚ ਆਪਣੀ ਪਾਰਟੀ ਬਿਗਲ ਵਜਾਇਆ ਜਾਵੇਗਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਦੀਆਂ ਇਨ੍ਹਾਂ ਗਤੀਵਿਧੀਆਂ ‘ਤੇ ਬਾਜ਼ ਅੱਖ ਰੱਖ ਰਹੇ ਹਨ ਉਹ ਬੇਸ਼ੱਕ ਆਪਣੇ ਮੂੰਹੋਂ ਖੁੱਲ੍ਹ ਕੇ ਕੁਝ ਨਹੀਂ ਆਖ ਰਹੇ ਪਰ ਦੱਬੀ ਜ਼ੁਬਾਨ ਵਿੱਚ ਇਹ ਆਖ ਰਹੇ ਹਨ ਕਿ ਮਾਲਵੇ ਦੇ ਪੇਂਡੂ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਪਕੜ ਬਣੀ ਰਹੇਗੀ ਭਾਵੇਂ ਕੋਈ ਪਾਰਟੀ ਕਿੰਨਾ ਮਰਜ਼ੀ ਜ਼ੋਰ ਲਾ ਲਵੇ।
ਭਾਜਪਾ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੇਂ ਚੁਣੇ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਜ਼ੋਰਦਾਰਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾਈ ਆਗੂ ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਭਾਜਪਾ ਸਮੁੱਚੇ ਪੰਜਾਬ ਨਾਲ ਨਾਲ-ਨਾਲ ਹੁਣ ਮਾਲਵੇ ਇਲਾਕੇ ਵਿੱਚ ਮਜ਼ਬੂਤ ਹੋਵੇਗੀ ਉਨ੍ਹਾਂ ਕਿਹਾ ਕਿ ਭਾਵੇਂ ਮਾਲਵੇ ਵਿੱਚ ਪਾਰਟੀ ਸੰਗਠਨ ਪੂਰੀ ਤਰ੍ਹਾਂ ਕਾਇਮ ਹੈ ਪਰ ਹਾਲੇ ਤੱਕ ਹੇਠਲੇ ਪੱਧਰ ਤੱਕ ਆਮ ਲੋਕਾਂ ਨਾਲ ਪਹੁੰਚ ਨਹੀਂ ਬਣੀ ਪਰ ਇਨ੍ਹਾਂ ਰੈਲੀਆਂ ਕਾਰਨ ਭਾਜਪਾ ਵਿੱਚ ਇੱਕ ਨਵੀਂ ਜਾਨ ਆਵੇਗੀ ਉਨ੍ਹਾਂ ਕਿਹਾ ਕਿ ਸਾਰੇ ਵਰਕਰ ਪੂਰੇ ਉਤਸ਼ਾਹ ਵਿੱਚ ਹਨ ਅਤੇ ਇਨ੍ਹਾਂ ਰੈਲੀਆਂ ਵਿੱਚ ਵੱਡੇ ਇਕੱਠ ਕਰਨ ਲਈ ਕਾਹਲੇ ਹਨ।