ਚੰਡੀਗੜ੍ਹ (ਏਜੰਸੀ)। ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ। ਜਿਨ੍ਹਾਂ ਨਾਲ ਜੁੜਿਆ ਹਰ ਮਾਮਲਾ ਦਿਲ ਦਾ ਮਾਮਲਾ ਹੈ। ਮਿਟੀ ਨਾਲ ਜੁੜੀ ਅਜਿਹੀ ਹਰਫ਼ਨਮੌਲਾ ਸ਼ਕਸੀਅਤ ਜਿਸਨੂੰ ਕਦੇ ਇਸ਼ਕ ਦਾ ਵਾਰਿਸ ਕਿਹਾ ਗਿਆ, ਕਦੇ ਮਾਨ ਸਾਹਿਬ ਤੇ ਇਨ੍ਹਾਂ ਦੇ ਛੱਲੇ ਨੇ ਤਾਂ ਜਿਵੇਂ ਦੁਨੀਆਂ ਤੇ ਜਾਦੂ ਹੀ ਕਰ ਦਿੱਤਾ ਸੀ।
ਓਹੀ ਜਾਦੂ ਇਕ ਵਾਰ ਫ਼ੇਰ ਵੱਡੇ ਪਰਦੇ ਤੇ 6 ਜੁਲਾਈ 2018 ਚੱਲੇਗਾ, ਕਿਓਂਕਿ ਮਾਨ ਸਾਹਿਬ ਲੈਕੇ ਆ ਰਹੇ ਹਨ ‘ਨਨਕਾਣਾ’। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਟਰੇਲਰ ਆਖਿਰਕਾਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਜਦੋਂ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ, ਓਦੋਂ ਤੋਂ ਹੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਇਸ ਬੇਸਬਰੀ ਦਾ ਪੂਰਾ ਮੁੱਲ ਅੱਜ ਪਿਆ ਹੈ ਜਦੋਂ ਇੱਕ ਵਾਰ ਫੇਰ ਮਾਨ ਸਾਹਿਬ ਦੇ ਫੈਨਜ਼ ਨੇ ਉਨ੍ਹਾਂ ਨੂੰ ਟਰੇਲਰ ‘ਚ ਦੇਖਿਆ। ਹਾਲਾਂਕਿ ਇਸਤੋਂ ਬਾਅਦ ਫ਼ਿਲਮ ਲਈ ਉਤਸੁਕਤਾ ਹੋਰ ਵੀ ਵੱਧ ਗਈ ਹੈ।
ਦੱਸਣਯੋਗ ਹੈ ਕਿ ਫ਼ਿਲਮ ‘ਨਨਕਾਣਾ’ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਮਸ਼ਹੂਰ ਟੀਵੀ ਅਦਾਕਾਰ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਓਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਹੈ ਤੇ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਹੋਰਾਂ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।
ਵੰਡ ਤੋਂ ਪਹਿਲਾਂ ਦਾ ਪੰਜਾਬ, ਤੇ ਵੰਡ ਵੇਲੇ ਦਾ ਕਹਿਰ ਦਰਸ਼ਾਉਂਦੀ ਇਹ ਫ਼ਿਲਮ ਸੱਭ ਦੇ ਦਿਲ ਚੀਰ ਜਾਣ ਵਾਲੀ ਹੈ। ਟਰੇਲਰ ਦੇ ਅੰਤ ਵਿਚ ਬੱਚੇ ਦੇ ਗਾਇਬ ਹੋਣ ਵਾਲਾ ਦ੍ਰਿਸ਼ ਜਿੱਦਾਂ ਦਿਲ ‘ਚ ਇਕ ਕਮਬਣੀ ਜਿਹੀ ਛੇੜ ਜਾਂਦਾ ਹੈ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਰੂਹ ਦੇ ਨੇੜੇ ਤੇ ਪੰਜਾਬ ਦੇ ਸੰਤਾਪ ਨਾਲ ਜੁੜੀ ਇਸ ਫ਼ਿਲਮ ਨੂੰ ਪਰਦੇ ਤੇ ਪੇਸ਼ ਵੀ ਉਹ ਕਰਨ ਜਾ ਰਹੇ ਹਨ, ਪੰਜਾਬ ਜਿਨ੍ਹਾਂ ਦੇ ਦਿਲ ‘ਚ ਵੱਸਦਾ ਹੈ। ਸਾਨੂੰ ਪੂਰੀ ਉੱਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਉੱਤੇ ਡੂੰਘੀ ਛਾਪ ਛੱਡੇਗੀ ਤੇ ਜਾਂਦੀ ਜਾਂਦੀ ਸਭਦੀਆਂ ਅੱਖਾਂ ਵੀ ਨਮ ਜ਼ਰੂਰ ਕਰੇਗੀ।