ਚੁਣਾਵੀ ਖਰਚਿਆਂ ਦੀ ਤਜਵੀਜ਼ ਸਬੰਧੀ ਪਟੀਸ਼ਨ ਦਾਖਲ

Submit, Petition, Proposal, Election, Expenses

ਨਵੀਂ ਦਿੱਲੀ, (ਏਜੰਸੀ)। ਉਮੀਦਵਾਰਾਂ ਲਈ ਚੁਣਾਵੀ ਖਰਚਿਆਂ ਨਾਲ ਸਬੰਧਿਤ ਵੱਖ ਬੈਂਕ ਖਾਤੇ ਰੱਖਣ ਦੀ ਤਜਵੀਜ਼ ਦੇ ਨਿਰਦੇਸ਼ ਨੂੰ ਲੈ ਕੇ ਇੱਕ ਪਟੀਸ਼ਨ ਸੁਪਰੀਮ ਕੋਰਟ ‘ਚ ਦਾਖਲ ਹੋਈ ਹੈ। ਪੇਸ਼ੇ ਤੋਂ ਵਕੀਲ ਤੇ ਭਾਜਪਾ ਆਗੂ ਅਸ਼ਵਿਨੀ ਉਪਾਧਿਆਏ ਨੇ ਅੱਜ ਇੱਕ ਲੋਕਹਿੱਤ ਪਟੀਸ਼ਨ ਦਾਖਲ ਕਰਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਧਿਸੂਚਨਾ ਜਾਰੀ ਹੋਣ ਤੋਂ ਲੈ ਕੇ ਨਤੀਜਿਆਂ ਦੇ ਐਲਾਨ ਵਾਲੇ ਦਿਨ ਤੱਕ ਦੇ ਖਰਚਿਆਂ ਦਾ ਲੇਖਾ-ਜੋਖਾ ਰੱਖਣ ਦਾ ਨਿਰਦੇਸ਼ ਦੇਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ।

ਪਟੀਸ਼ਨ ‘ਚ ਇਸ ਗੱਲ ਦੇ ਵੀ ਨਿਰਦੇਸ਼ ਦਿੱਤੇ ਜਾਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੀ ਚੁਣਾਵੀ ਵਿੱਤੀ ਸਹਾਇਤਾ ਜਨ ਪ੍ਰਤੀਨਿਧੀ ਕਾਨੂੰਨ (ਆਰਪੀਏ) 1951 ਦੀ ਧਾਰਾ 77 (ਤਿੰਨ) ਤਹਿਤ ਤੈਅ ਰਾਸ਼ੀ ਤੋਂ ਵੱਧ ਨਾ ਹੋਵੇ। ਪਟੀਸ਼ਨਰ ਨੇ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰ ਵੱਲੋਂ ਦੋ ਹਜ਼ਾਰ ਰੁਪਏ ਤੋਂ ਵੱਧ ਦਾ ਵਿੱਤੀ ਲੈਣ-ਦੇਣ ਜੇਕਰ ਨਿਰਧਾਰਿਤ ਬੈਂਕ ਖਾਤਿਆਂ ਰਾਹੀਂ ਨਹੀਂ ਕੀਤਾ ਜਾਂਦਾ ਹੈ ਤਾਂ ਉਸ ਨੂੰ ਚੁਣਾਵੀ ਖਾਤਿਆਂ ‘ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਮਾਮਲਿਆਂ ਨੂੰ  171-ਆਈ ਦੇ ਤਹਿਤ ਅਪਰਾਧ ਦੇ ਰੂਪ ‘ਚ ਦਰਜ ਕੀਤਾ ਜਾਣਾ ਚਾਹੀਦਾ ਹੈ।