ਸਰਪੰਚ ਦੇ ਨਾਂਅ ‘ਤੇ ਚਲਦੇ ਪੰਚਾਇਤ ਦੇ ਖਾਤੇ ਸੀਲ ਕਰਨ ਦੀਆਂ ਹਦਾਇਤਾਂ
ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੌਂ ਦੇ ਸਰਪੰਚ ਨੂੰ ਵਾਟਰ ਵਰਕਸ ਦੇ ਪਾਣੀ ਦੀ ਦੁਰਵਰਤੋਂ ਕਰਨ ਦੇ ਦੋਸ਼ ‘ਚ ਮੁਅੱਤਲ ਕਰ ਦੇਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਨਵਰੀ 2018 ‘ਚ ਕੀਤੀ ਸ਼ਿਕਾਇਤ ਅਨੁਸਾਰ ਸੁਖਜਿੰਦਰ ਸਿੰਘ ਉਰਫ ਕਾਕਾ ਸਿੰਘ ਸਰਪੰਚ, ਗ੍ਰਾਮ ਪੰਚਾਇਤ ਕਿਲਾ ਨੌ, ਬਲਾਕ ਤੇ ਜ਼ਿਲ੍ਹਾ ਫਰੀਦਕੋਟ ਵੱਲੋਂ ਵਾਟਰ ਵਰਕਰ ਦੇ ਟੈਂਕਾਂ ‘ਚ ਜਾਣ ਵਾਲਾ ਪਾਣੀ ਧੱਕੇ ਨਾਲ ਆਪਣੇ ਖੇਤਾਂ ਨੂੰ ਲਗਾਇਆ ਤੇ ਇਹ ਪਾਣੀ ਵਰਤਣ ਲਈ ਪਾਈਪਾਂ ਪਾਈਆਂ ਗਈਆਂ ਤੇ ਬਾਅਦ ‘ਚ ਪੱਟ ਦਿੱਤੀਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਪੱਤਰ ਨੰ. 2187 ਰਾਹੀਂ ਪ੍ਰਾਪਤ ਹੋਈ ਰਿਪੋਰਟ ਦੀ ਕਾਪੀ ਮਿਲਣ ਤੋਂ ਬਾਅਦ ਸੁਖਜਿੰਦਰ ਸਿੰਘ ਸਰਪੰਚ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ, ਪਰ ਸਰਪੰਚ ਵੱਲੋਂ ਜਵਾਬ ਪ੍ਰਾਪਤ ਨਹੀਂ ਹੋਇਆ। ਕੇਸ ਦੀ ਨਿੱਜੀ ਸੁਣਵਾਈ 10 ਮਾਰਚ 2018 ਨੂੰ ਨਿਸ਼ਚਿਤ ਸੀ ਤੇ ਸੁਣਵਾਈ ਦੌਰਾਨ ਸਰਪੰਚ ਵੱਲੋਂ ਪੇਸ਼ ਕੀਤੇ ਲਿਖਤੀ ਜਵਾਬ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਰੀਦਕੋਟ ਨੂੰ ਟਿੱਪਣੀ ਕਰਨ ਲਈ ਭੇਜਿਆ ਸੀ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਰਿਪੋਰਟ ਅਨੁਸਾਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਹਿਮਤ ਹੁੰਦੇ ਹੋਏ ਸਰਪੰਚ ਵੱਲੋਂ ਵਾਟਰ ਵਰਕਸ ਦਾ ਪਾਣੀ ਆਪਣੇ ਖੇਤਾਂ ਨੂੰ ਪਾਈਪ ਰਾਹੀਂ ਲਗਾਇਆ ਗਿਆ ਤੇ ਫਿਰ ਪਾਈਪਾਂ ਪੁੱਟੀਆਂ ਗਈਆਂ। ਪ੍ਰਾਪਤ ਹੋਈ ਟਿੱਪਣੀ ਰਿਪੋਰਟ ਦੀ ਘੋਖ ਉਪਰੰਤ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਨੇ 7 ਜੂਨ ਦੇ ਆਪਣੇ ਫੈਸਲੇ ਵਿਚ ਸਰਪੰਚ ਸੁਖਜਿੰਦਰ ਸਿੰਘ ਉਰਫ਼ ਕਾਕਾ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਤਹਿਤ ਮੁਅੱਤਲ ਕੀਤਾ ਹੈ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (5) ਅਨੁਸਾਰ 20 ਅਧੀਨ ਮੁਅੱਤਲ ਹੋਣ ਵਾਲਾ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ‘ਚ ਭਾਗ ਨਹੀਂ ਲੈ ਸਕਦਾ ਤੇ ਉਸ ਦੀ ਮੁਅੱਤਲੀ ਦੇ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਰੀਦਕੋਟ ਵੱਲੋਂ ਬਾਕੀ ਦੇ ਪੰਚਾਂ ਵਿਚੋਂ ਚੁਣਿਆ ਜਾਵੇਗਾ।
ਇਸ ਦੇ ਨਾਲ ਹੀ ਪੰਚਾਇਤ ਅਫਸਰ ਫਰੀਦਕੋਟ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਬੈਂਕਾਂ ਵਿਚ ਸਰਪੰਚ ਦੇ ਨਾਂਅ ‘ਤੇ ਗ੍ਰਾਮ ਪੰਚਾਇਤ ਦੇ ਖਾਤੇ ਚੱਲਦੇ ਹਨ ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਦਫਤਰ ਨੂੰ ਭੇਜੀ ਜਾਵੇ। ਉਪਰੋਕਤ ਪੱਤਰ ਦਾ ਉਤਾਰਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਬਲਾਕ ਵਿਕਾਸ ਤੇ ਪੰਚਾਇਤ ਤੇ ਮੁਅੱਤਲ ਕੀਤੇ ਸਰਪੰਚ ਸੁਖਜਿੰਦਰ ਸਿੰਘ ਨੂੰ ਵੀ ਭੇਜਿਆ ਗਿਆ ਹੈ।