ਸ਼ਿਲਾਂਗ, (ਏਜੰਸੀ)। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਵੀਰਵਾਰ ਨੂੰ ਪੰਜਾਬੀ ਮੂਲ ਤੇ ਖਾਸੀ ਵਿਚਾਲੇ ਝੜਪ ਪਿੱਛੋਂ ਤਣਾਓ ਹੋਰ ਵਧ ਗਿਆ ਹੈ। ਅਜਿਹੇ ‘ਚ ਭਾਰਤੀ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਤੇ ਪੂਰੇ ਇਲਾਕੇ ਵਿੱਚ ਫਲੈਗ ਮਾਰਚ ਕੀਤਾ। ਫੌਜ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ 200 ਔਰਤਾਂ ਤੇ ਬੱਚੇ ਸ਼ਾਮਲ ਹਨ।
ਮਾਮਲਾ ਵੱਡਾ ਬਾਜ਼ਾਰ ਇਲਾਕੇ ‘ਚ ਨਿੱਜੀ ਟਰੈਵਲਰ ਦੀ ਬੱਸ ਚਲਾਉਣ ਵਾਲੇ ਡਰਾਈਵਰ ਨੇ ਕੁੜੀ ਨਾਲ ਕਥਿਤ ਤੌਰ ‘ਤੇ ਛੇੜਖਾਨੀ ਕੀਤੀ ਸੀ। ਉਸ ਪਿੱਛੋਂ ਕੁੜੀ ਦੇ ਜਾਣਨ ਵਾਲਿਆਂ ਨੇ ਡਰਾਈਵਰ ਦੀ ਕੁੱਟਮਾਰ ਕੀਤੀ। ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਰਾਜੀਨਾਵਾਂ ਹੋ ਗਿਆ ਪਰ ਰਾਤ ਹੁੰਦਿਆਂ ਅੱਗਜ਼ਨੀ ਤੇ ਤੋੜਭੰਨ੍ਹ ਸ਼ੁਰੂ ਹੋ ਗਈ ਸੀ।
ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੌਜ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਕਾਨਰਾਡ ਦੇ ਸੰਗਮਾ ਨੇ ਉੱਚ ਪੱਧਰੀ ਮੀਟਿੰਗ ਕਰ ਕੇ ਹਾਲਾਤ ਦੀ ਜਾਣ ਸਮੀਖਿਆ ਕੀਤੀ। ਸ਼ਹਿਰ ਵਿੱਚ ਸ਼ੁੱਕਰਵਾਰ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਹਨ। ਥਾਣਾ ਲੂਮਡੇਨਗਿਰੀ ਦੇ 14 ਇਲਾਕਿਆਂ ‘ਚ ਕਰਫਿਊ ਲਾਇਆ ਗਿਆ ਹੈ। ਪੂਰੇ ਸ਼ਿਲਾਂਗ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸ਼ਿਲਾਂਗ ਪੰਜਾਬੀ ਮੂਲ ਭਾਈਚਾਰੇ ਦੇ ਲੋਕਾਂ ਨੇ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਦਦ ਮੰਗੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੇ ਸਿੱਖਾਂ ਲਈ ਸੁਰੱਖਿਆ ਅਤੇ ਮੁਆਵਜ਼ੇ ਦੀ ਮੰਗ ਕੀਤੀ।