ਬੇਕਾਬੂ ਹੋ ਕੇ ਖਤਾਨਾਂ ‘ਚ ਡਿੱਗੀ ਸੀ ਬੱਸ ਤੇ ਪਲਟੀ ਖਾਣ ਪਿੱਛੋਂ ਲੱਗੀ ਅੱਗ
- ਨਿਤਿਸ਼ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਵੇਗੀ 4-4 ਲੱਖ ਰੁਪਏ
ਮੁਜੱਫਰਪੁਰ (ਏਜੰਸੀ)। ਬਿਹਾਰ ‘ਚ ਮੁਜ਼ੱਫਰਪੁਰ ਤੋਂ ਦਿੱਲੀ ਜਾ ਰਹੀ ਬੱਸ ਮੋਤੀਹਾਰੀ ਦੇ ਐਨਐਚ-28 ‘ਤੇ ਕੋਟਵਾ ਖੇਤਰ ‘ਚ ਪਲਟ ਗਈ, ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਹਾਦਸੇ ‘ਚ 27 ਵਿਅਕਤੀਆਂ ਦੇ ਝੁਲਸਣ ਨਾਲ ਦਰਦਨਾਕ ਮੌਤ ਹੋ ਗਈ ਜਦੋਂਕਿ ਪੰਜ ਗੰਭੀਰ ਜ਼ਖਮੀ ਹੋ ਗਏ। ਬੱਸ ‘ਚ 32 ਜਣੇ ਸਵਾਰ ਸਨ। ਜਾਣਕਾਰੀ ਅਨੁਸਾਰ ਬੱਸ ਦੀ ਰਫ਼ਤਾਰ ਤੇਜ਼ ਸੀ ਤੇ ਇੱਕ ਖੱਡੇ ਦੀ ਵਜ੍ਹਾ ਕਾਰਨ ਬੇਕਾਬੂ ਹੋ ਕੇ ਪਲਟ ਗਈ ਤੇ ਇਸ ‘ਚ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਬੱਸ ਧੂ-ਧੂ ਕਰਕੇ ਸੜਨ ਲੱਗੀ ਬੱਸ ‘ਚ ਸਵਾਰ ਵਿਅਕਤੀਆਂ ਨੂੰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਸਥਾਨਕ ਲੋਕਾਂ ਨੇ ਧੂੰਆਂ ਨਿਕਲਦੇ ਵੇਖਿਆ ਤਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ।
ਲੋਕਾਂ ਨੇ ਖੁਦ ਬੱਸ ਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਲੋਕਾਂ ਨੂੰ ਬਚਾਉਣ ‘ਚ ਮੁਸ਼ਕਲ ਆਈ ਤੇ ਸਿਰਫ਼ ਪੰਜ ਵਿਅਕਤੀਆਂ ਨੂੰ ਹੀ ਬੱਸ ‘ਚੋਂ ਬਾਹਰ ਕੱਢਿਆ ਜਾ ਸਕਿਆ ਬੱਸ ਦੇ ਹੇਠਾਂ ਇੱਕ ਕਾਰ ਤੇ ਬਾਈਕ ਦੇ ਵੀ ਦਬੇ ਹੋਣ ਦੀ ਸੂਚਨਾ ਹੈ। ਘਟਨਾ ‘ਤੇ ਰਾਜਪਾਲ ਸਤਿਆਪਾਲ ਮਲਿਕ ਤੇ ਨਿਤਿਸ਼ ਕੁਮਾਰ ਨੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਨੂੰ ਚਾਰ-ਚਾਰ ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।