ਦਿੱਲੀ ਜਿੱਤਣ ਤੋਂ ਬਾਅਦ ਵਧੇ ਮਨੋਬਲ ਨਾਲ ਨਿੱਤਰੇਗੀ ਬੰਗਲੂਰੁ
ਬੇਂਗਲੂਰੁ (ਏਜੰਸੀ)। ਦਿੱਲੀ ਡੇਅਰਡੇਵਿਲਜ਼ ਵਿਰੁੱਧ ਪਿਛਲੇ ਮੈਚ ਵਿੱਚ ਜਿੱਤ ਦੀ ਪਟੜੀ ‘ਤੇ ਮੁੜਦੀ ਦਿਸ ਰਹੀ ਰਾਇਲ ਚੈਲੰਜ਼ਰਸ ਬੰਗਲੂਰੁ ਦੇ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਘਰੇਲੂ ਮੈਦਾਨ ‘ਤੇ ਮਜ਼ਬੂਤ ਚੇਨਈ ਸੁਪਰ ਕਿੰਗਜ਼ ਨਾਲ ਨਿਪਟਣਾ ਹੋਵੇਗਾ ਜੋ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਜ਼ਬਰਦਸਤ ਖੇਡ ਦਿਖਾ ਰਹੀ ਹੈ ਅਤੇ ਆਖ਼ਰੀ ਗੇਂਦ ‘ਚ ਵੀ ਮੈਚ ਪਲਟ ਸਕਦੀ ਹੈ। ਆਈ.ਪੀ.ਐਲ. ਟੂਰਨਾਮੈਂਟ ‘ਚ ਦੋ ਸਾਲ ਬਾਅਦ ਵਾਪਸੀ ਕਰ ਰਹੀ ਚੇਨਈ ਟਵੰਟੀ-20 ਲੀਗ ਦੀਆਂ ਸਭ ਤੋਂ ਸਫ਼ਲ ਟੀਮਾਂ ‘ਚੋਂ ਹੈ ਜੋ ਦੋ ਵਾਰ ਦੀ ਚੈਂਪੀਅਨ ਵੀ ਹੈ। ਲੀਗ ਦੇ 11ਵੇਂ ਸੰਸਕਰਨ ‘ਚ ਟੀਮ ਆਪਣੇ ਕੁਝ ਪੁਰਾਣੇ ਅਤੇ ਨਵੇਂ ਚਿਹਰਿਆਂ ਨਾਲ ਉੱਤਰੀ ਹੈ ਪਰ ਕਪਤਾਨ ਧੋਨੀ ਦੀ ਅਗਵਾਈ ‘ਚ ਉਸਦੇ ਖੇਡਣ ਦਾ ਅੰਦਾਜ਼ ਪਹਿਲਾਂ ਦੀ ਤਰ੍ਹਾਂ ਹੈ।
ਬੰਗਲੂਰੁ ਨੇ ਵੀ ਆਪਣਾ ਪਿਛਲਾ ਮੁਕਾਬਲਾ ਜਿੱਤਿਆ ਹੈ ਅਤੇ ਅਜਿਹੇ ਵਿੱਚ ਚੇਨਈ ਉਸਨੂੰ ਘੱਟ ਨਹੀਂ ਸਮਝੇਗੀ। ਚੇਨਈ ਨੂੰ ਮੈਚ ਜਿੱਤਣ ਲਈ ਕੋਹਲੀ ਅਤੇ ਏ.ਬੀ.ਡਿਵਿਲਿਅਰਸ ਦੀ ਜੋੜੀ ‘ਤੇ ਕਾਬੂ ਪਾਉਣਾ ਹੋਵੇਗਾ। ਉੱਧਰ ਭਾਰਤੀ ਟੀਮ ਦੇ ਤਿੰਨੇ ਫਾਰਮੈਟ ਦੇ ਕਪਤਾਨ ਵਿਰਾਟ ਦੀ ਅਗਵਾਈ ‘ਚ ਬੰਗਲੂਰੁ ਨਿਰਾਸ਼ਾਜਨਕ ਤੌਰ ‘ਤੇ ਛੇਵੇਂ ਨੰਬਰ ‘ਤੇ ਹੈ। ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਦੇ ਬਾਵਜ਼ੂਦ ਬੰਗਲੂਰੁ ਨੇ ਮੈਚ ਗੁਆਏ ਹਨ ਅਤੇ ਲਗਾਤਾਰ ਹਾਰ ਤੋਂ ਬਾਅਦ ਪਿਛਲੇ ਮੈਚ ਵਿੱਚ ਉਸਨੇ ਫਾਡੀ ਚੱਲ ਰਹੀ ਦਿੱਲੀ ‘ਤੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਵਿਰਾਟ ਦੀ ਟੀਮ ਲਈ ਇਹ ਜਿੱਤ ਮਨੋਬਲ ਵਧਾਉਣ ਵਾਲੀ ਸੀ ਅਤੇ ਆਪਣੇ ਘਰੇਲੂ ਮੈਦਾਨ ‘ਤੇ ਵੀ ਉਹ ਇਸ ਲੈਅ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ।
ਧੋਨੀ-ਰੈਨਾ ਨਾਲ ਸ੍ਰੇਸ਼ਠਤਾ ਦੀ ਜੰਗ ਲੜੇਗਾ ਵਿਰਾਟ ਕੋਹਲੀ
ਇਹ ਮੈਚ ਇਸ ਲਈ ਵੀ ਰੋਮਾਂਚਕ ਹੋ ਸਕਦਾ ਹੈ ਕਿਉਂਕਿ ਕੋਹਲੀ ਅਤੇ ਰੈਨਾ ਦਰਮਿਆਨ ਆਈ.ਪੀ.ਐਲ. ‘ਚ ਦੌੜਾਂ ਦੀ ਬਾਦਸ਼ਾਹਤ ਲਈ ਟੱਕਰ ਚੱਲ ਰਹੀ ਹੈ। ਰੈਨਾ 4658 ਦੌੜਾਂ ਦੇ ਨਾਲ ਕੋਹਲੀ(4649) ਤੋਂ 9 ਦੌੜਾਂ ਅੱਗੇ ਹਨ। ਇਸ ਮੈਚ ‘ਚ ਦੇਖਣਾ ਰੋਮਾਂਚਕ ਹੋਵੇਗਾ ਕਿ ਕਿਹੜਾ ਖਿਡਾਰੀ ਇਸ ਕ੍ਰਮ ‘ਚ ਅੱਗੇ ਨਿਕਲਦਾ ਹੈ। ਆਈ.ਪੀ.ਐਲ. 2018 ਦੀ ਸ਼ੁਰੂਆਤ ‘ਚ ਰੈਨਾ ਦੀਆਂ ਜ਼ਿਆਦਾ ਦੌੜਾਂ ਸਨ ਪਰ ਸੱਟ ਕਾਰਨ ਕੁਝ ਮੈਚ ਨਾ ਖੇਡਣ ‘ਤੇ ਕੋਹਲੀ ਨੇ ਉਸ’ਤੇ ਵਾਧਾ ਬਣਾ ਲਿਆ ਸੀ।
ਪਿਛਲੇ ਮੈਚ ‘ਚ ਰੈਨਾ ਨੇ ਹੈਦਰਾਬਾਦ ਵਿਰੁੱਧ 54 ਦੌੜਾਂ ਦੀ ਪਾਰੀ ਖੇਡ ਕੇ ਇਸ ਮੁਕਾਬਲੇ ‘ਚ ਕੋਹਲੀ ਨੂੰ ਪਛਾੜਿਆ ਸੀ ਹਾਲਾਂਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਭਾਰਤੀ ਟੀਮ ਦੇ ਵਰਤਮਾਨ ਕਪਤਾਨ ਵਿਰਾਟ ਕੋਹਲੀ ਦੀ ਟੱਕਰ ਵੀ ਬਹੁਤ ਸੁਰਖ਼ੀਆਂ ‘ਚ ਹੈ ਮੈਚ ਦਾ ਨਤੀਜਾ ਕਾਫ਼ੀ ਹੱਦ ਤੱਕ ਇਹ ਸਾਬਤ ਕਰੇਗਾ ਕਿ ਇਨਾਂ ਵਿੱਚੋਂ ਜ਼ਿਆਦਾ ਕਾਬਲ ਕਪਤਾਨ ਕਿਹੜਾ ਹੈ।