ਅਸਾਮ ਦੀ ਮੱਝ ਦੇ ਸੈੱਲ ਨਾਲ 2000 ਕਿਮੀ. ਦੂਰ ਸਰਸਾ ‘ਚ ਤਿਆਰ ਕੀਤਾ ਕਲੋਨ
- 10 ਮਹੀਨੇ ‘ਚ ਪੈਦਾ ਹੋਇਆ 54.2 ਕਿਲੋ ਭਾਰੀ ਦੁਨੀਆ ਦਾ ਪਹਿਲਾ ਕਲੋਨ ਕੱਟਰੂ
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰੀ ਮੱਝ ਖੋਜ ਸੰਸਥਾਨ ਹਿਸਾਰ ਦੇ ਵਿਗਿਆਨੀਆਂ ਤੇ ਡੇਰਾ ਸੱਚਾ ਸੌਦਾ ਸਥਿੱਤ ਹਾਈਟੈਕ ਸੱਚ ਡੇਅਰੀ ਨੇ ਦੁਨੀਆ ‘ਚ ਪਹਿਲੀ ਵਾਰ ਲੈਬੋਰੇਟਰੀ ਤੋਂ ਬਾਹਰ ਕਲੋਨ ਕੱਟਰੂ ਪੈਦਾ ਕਰਕੇ ਪਸ਼ੂ ਪਾਲਣ ਦੇ ਖੇਤਰ ‘ਚ ਸ਼ਾਨਦਾਰ ਸਫ਼ਲਤਾ ਹਾਸਲ ਕਰਕੇ ਸੁਨਹਿਰੀ ਇਤਿਹਾਸ ਰਚਿਆ ਹੈ ਲੈਬੋਰੇਟਰੀ ਤੋਂ ਬਾਹਰ ਸਾਢੇ ਦਸ ਮਹੀਨੇ ‘ਚ ਪੈਦਾ ਹੋਏ 54.2 ਕਿੱਲੋ ਭਾਰੀ ਦੁਨੀਆ ਦੇ ਇਸ ਪਹਿਲੇ ਕਲੋਨ ਕੱਟਰੂ ਦੇ ਸੀਮਨ ਰਾਹੀਂ ਹੋਰ ਜ਼ਿਆਦਾ ਕਲੋਨ ਤਿਆਰ ਕੀਤੇ ਜਾਣਗੇ, ਜਿਸ ਨਾਲ ਚੰਗੀ ਨਸਲ ਦੀਆਂ ਮੱਝਾਂ ਤਿਆਰ ਹੋਣਗੀਆਂ ਤੇ ਇਹ ਤਕਨੀਕ ਪਸ਼ੂ ਪਾਲਣ ਦੇ ਖੇਤਰ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਸਾਮ ਦੀਆਂ ਮੱਝਾਂ ਦੇ ਸੈੱਲ ਨੂੰ ਹਾਈਟੈਕ ਸੱਚ ਡੇਅਰੀ ਦੀ ਮੁਰਾਹ ਨਸਲ ਦੀ ਮੱਝ ‘ਚ ਟਰਾਂਸਪਲਾਂਟ ਕਰਕੇ ਪੈਦਾ ਕੀਤੇ ਗਏ ਦੁਨੀਆ ਦੇ ਇਸ ਪਹਿਲੇ ਕਲੋਨ ਕੱਟਰੂ ਦਾ ਨਾਂਅ ‘ਸੱਚ ਗੌਰਵ’ ਰੱਖਿਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਕਲੋਨਿੰਗ ਕੱਟਰੂ ਦਾ ਭਾਰ ਰੋਜ਼ਾਨਾ 750 ਗ੍ਰਾਮ ਵਧ ਰਿਹਾ ਹੈ ਜੋ ਕਿ ਹੈਰਾਨੀਜਨਕ ਹੈ ਆਮ ਤੌਰ ‘ਤੇ ਲੈਬੋਰੇਟਰੀ ਦੇ ਅੰਦਰ ਪੈਦਾ ਕੀਤੇ ਗਏ ਕਲੋਨ ਦਾ ਭਾਰ 35 ਕਿੱਲੋਗ੍ਰਾਮ ਹੁੰਦਾ ਹੈ ਪਰ ਲੈਬੋਰੇਟਰੀ ਤੋਂ ਬਾਹਰ ਪੈਦਾ ਹੋਏ ਇਸ ਕਲੋਨ ਦਾ ਭਾਰ ਕਈ ਗੁਣਾ ਜ਼ਿਆਦਾ ਹੋਣ ਨਾਲ ਪਸ਼ੂ ਵਿਗਿਆਨੀ ਵੀ ਹੈਰਾਨ ਹਨ ਰਿਸਰਚ ਟੀਮ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਸ ਕਲੋਨਿੰਗ ਕੱਟਰੂ ਦੇ ਸਿੰਗ ਮੁਰਾਹ ਨਸਲ ਦੀ ਤਰ੍ਹਾਂ ਮੁੜੇ ਹੋਏ ਨਹੀਂ ਸਗੋਂ ਬਿਲਕੁਲ ਸਿੱਧੇ ਹੋਣਗੇ ਇਸ ਤੋਂ ਪਹਿਲਾਂ ਕਲੋਨਿੰਗ ਰਿਸਰਚ ਟੀਮ ਦੇ ਮੈਂਬਰਾਂ ਨੇ ਹਾਈਟੈਕ ਸੱਚ ਡੇਅਰੀ ਫਾਰਮ ਦਾ ਨਿਰੀਖ਼ਣ ਵੀ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਮੈਂਬਰਾਂ ਤੋਂ ਇਲਾਵਾ ਹਾਈਟੈਕ ਸੱਚ ਡੇਅਰੀ ਤੋਂ ਡਾ. ਕਸ਼ਮੀਰ ਇੰਸਾਂ ਤੇ ਯਾਦਵੇਂਦਰ ਸ਼ਰਮਾ ਸਮੇਤ ਸੱਚ ਡਾਇਰੀ ਦਾ ਸਮੂਹ ਸਟਾਫ਼ ਮੌਜ਼ੂਦ ਰਿਹਾ।
ਸੱਚ ਡੇਅਰੀ ‘ਚ ਨਵੀਂ ਯੋਜਨਾ ਕਲੋਨ ਪ੍ਰੀਖਣ ਨੂੰ ਕੇਂਦਰ ਦੀ ਮਨਜ਼ੂਰੀ
ਕੇਂਦਰੀ ਮੱਝ ਖੋਜ ਸੰਸਥਾਨ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਨੁਸਾਰ ਇਸ ਤਰ੍ਹਾਂ ਦੀ ਕਲੋਨਿੰਗ ਤਕਨੀਕ ਨੂੰ ਉਤਸ਼ਾਹ ਦੇਣ ਲਈ ਕੇਂਦਰ ਸਰਕਾਰ ਨੇ ਇੱਕ ਹੋਰ ਯੋਜਨਾ ‘ਕਲੋਨ ਪ੍ਰੀਖਣ’ ਨੂੰ ਮਨਜ਼ੂਰੀ ਦੇ ਦਿੱਤੀ ਹੈ ਆਉਂਦੇ ਦੋ-ਤਿੰਨ ਸਾਲਾਂ ਤੱਕ 2-4 ਹਜ਼ਾਰ ਮੱਝਾਂ ‘ਤੇ ਕੀਤੇ ਜਾਣ ਵਾਲੇ ਇਸ ਰਿਸਰਚ ‘ਚ ਜੋ ਕਲੋਨ ਕੱਟਰੂ ਤਿਆਰ ਹੋਣਗੇ ਉਨ੍ਹਾਂ ਨਾਲ ਚੰਗੀ ਨਸਲ ਦੀਆਂ ਮੱਝਾਂ ਪੈਦਾ ਕੀਤੀਆਂ ਜਾ ਸਕਣਗੀਆਂ ਨਾਲ ਹੀ ਦੁੱਧ ਉਤਪਾਦਨ ‘ਚ ਵੀ ਉਤਸ਼ਾਹ ਮਿਲੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ ਤੇ ਕੇਂਦਰ ਤੇ ਸੂਬਾ ਸਰਕਾਰ ਦਾ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਆਮਦਨੀ ਦੁੱਗਣੀ ਕਰਨ ਦਾ ਸੁਫ਼ਨਾ ਵੀ ਸਾਕਾਰ ਹੋਵੇਗਾ।
ਰਿਸਰਚ ਲਈ ਕਾਫ਼ੀ ਸਮੇਂ ਤੋਂ ਸਾਂ ਯਤਨਸ਼ੀਲ, ਪਰ ਨਹੀਂ ਮਿਲਿਆ ਸੀ ਮੰਚ
ਮੱਝ ਕਲੋਨਿੰਗ ਰਿਸਰਚ ਟੀਮ ਇੰਚਾਰਜ਼ ਡਾ. ਪ੍ਰੇਮ ਸਿੰਘ ਯਾਦਵ ਅਨੁਸਾਰ ਅਸੀਂ ਕਾਫ਼ੀ ਸਮੇਂ ਤੋਂ ਲੈਬੋਰੇਟਰੀ ਤੋਂ ਬਾਹਰ ਫੀਲਡ ‘ਚ ਤਕਨਾਲੋਜੀ ‘ਤੇ ਰਿਸਰਚ ਕਰਨ ਲਈ ਯਤਨਸ਼ੀਲ ਸਾਂ ਡੇਰਾ ਸੱਚਾ ਸੌਦਾ ਨੇ ਸਾਡਾ ਸਹਿਯੋਗ ਕੀਤਾ ਅਸੀਂ ਅਸਾਮ ਦੀ ਮੱਝ ਤੋਂ ਸੈੱਲ ਤੇ ਦਿੱਲੀ ਤੋਂ ਇੱਕ ਮੱਝ ਦੀ ਓਵਰੀ ਦਾ ਅੰਡਾ ਲੈ ਕੇ ਸੀਆਈਆਰਬੀ ਹਿਸਾਰ ਦੀ ਲੈਬ ‘ਚ ਭਰੂਣ ਤਿਆਰ ਕਰਕੇ ਉਸ ਨੂੰ ਸਿਰਫ ਦੋ ਘੰਟਿਆਂ ‘ਚ ਸਰਸਾ ਸਥਿੱਤ ਹਾਈਟੈਕ ਸੱਚ ਡੇਅਰੀ ਦੀ ਇੱਕ ਮੁਰਾਹ ਨਸਲ ਦੀ ਮੱਝ ‘ਚ ਯੂਨੀਕ ਤਰੀਕੇ ਦੀ ਵਰਤੋਂ ਕਰਕੇ ਟਰਾਂਸਪਲਾਂਟ ਕੀਤਾ।
ਨਤੀਜੇ ਵਜੋਂ 22 ਦਸੰਬਰ 2017 ਨੂੰ ‘ਸੱਚ ਗੌਰਵ’ ਕਲੋਨ ਕੱਟਰੂ ਦਾ ਜਨਮ ਹੋਇਆ ਜਦੋਂ ਸਾਨੂੰ ਪਤਾ ਚੱਲਿਆ ਕਿ ਕੱਟਰੂ ਦਾ ਰੰਗ ਅਸਾਮ ਦੀ ਮੱਝ ਦੀ ਤਰ੍ਹਾਂ ਭੂਰਾ ਹੈ ਤਾਂ ਸਾਡੀ ਟੀਮ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਅਸੀਂ ਸਮਝ ਗਏ ਕਿ ਸਾਨੂੰ ਸਫ਼ਲਤਾ ਮਿਲ ਗਈ ਹੈ ਫਿਰ ਵੀ ਅਸੀਂ ਕਲੋਨਿੰਗ ਦੀ ਹੈਦਰਾਬਾਦ ਸਥਿੱਤ ਲੈਬ ‘ਚ ਜਾਂਚ ਕਰਵਾਈ ਉਦੋਂ ਸਾਨੂੰ ਪੂਰੀ ਤਰ੍ਹਾਂ ਭਰੋਸਾ ਹੋਇਆ ਕਿ ਸਾਨੂੰ ਸਫ਼ਲਤਾ ਮਿਲ ਗਈ ਹੈ।
ਡੇਰਾ ਸੱਚਾ ਸੌਦਾ ਸਹਿਯੋਗ ਨਾ ਕਰਦਾ ਤਾਂ ਸੰਭਵ ਨਹੀਂ ਸੀ ਸਫ਼ਲਤਾ
ਦੁਨੀਆ ਭਰ ‘ਚ ਇਸ ਤੋਂ ਪਹਿਲਾਂ ਵੱਖ-ਵੱਖ ਪਸ਼ੂ ਵਿਗਿਆਨੀਆਂ ਵੱਲੋਂ 12 ਕਲੋਨ ਤਿਆਰ ਕੀਤੇ ਜਾ ਚੁੱਕੇ ਹਨ ਪਰ ਹੁਣ ਤੱਕ ਕਿਸੇ ‘ਚ ਵੀ ਸਫ਼ਲਤਾ ਨਹੀਂ ਮਿਲੀ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਲੈਬੋਰੇਟਰੀ ਤੋਂ ਬਾਹਰ ਕਲੋਨ ਕੱਟਰੂ ਤਿਆਰ ਕਰਨ ‘ਚ ਸਫ਼ਲਤਾ ਮਿਲੀ ਹੋਵੇ ਜੇਕਰ ਡੇਰਾ ਸੱਚਾ ਸੌਦਾ ਦਾ ਸਹਿਯੋਗ ਨਾ ਮਿਲਦਾ ਤਾਂ ਇਹ ਸਭ ਅਸੰਭਵ ਸੀ ਡੇਰਾ ਸੱਚਾ ਸੌਦਾ ਨੂੰ ਇਸ ‘ਚ ਕੋਈ ਆਰਥਿਕ ਲਾਭ ਨਹੀਂ ਹੈ ਸਗੋਂ ਇਹ ਮਾਨਵਤਾ ਲਈ ਇੱਕ ਬਹੁਤ ਵੱਡੀ ਸੇਵਾ ਹੈ ਸਾਡੀ ਪੂਰੀ ਟੀਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਸਾਨੂੰ ਇੱਥੇ ਰਿਸਰਚ ਦਾ ਮੌਕਾ ਦਿੱਤਾ ਡੇਅਰੀ ਪ੍ਰਬੰਧਕੀ ਕਮੇਟੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ।