ਲੋਕ ਸਭਾ ਉਪ ਚੋਣਾਂ : ਭਾਜਪਾ ਨਾਲ ਮੁਕਾਬਲੇ ਲਈ ਨਵੀਂ ਰਣਨੀਤੀ ਘੜੀ
- 25 ਸਾਲਾਂ ਬਾਅਦ ਸਮਾਜਵਾਦੀ ਪਾਰਟੀ ਤੇ ਬੀਐਸਪੀ ‘ਚ ਚੋਣਾਵੀ ਤਾਲਮੇਲ ਹੋਇਆ
ਨਵੀਂ ਦਿੱਲੀ (ਏਜੰਸੀ) ਯੂਪੀ ‘ਚ ਲੋਕ ਸਭਾ ਦੀਆਂ ਦੋ ਸੀਟਾਂ ‘ਤੇ ਹੋ ਰਹੀਆਂ ਉਪ ਚੋਣਾਂ ਲਈ ਮਾਇਆਵਤੀ ਨੇ ਅਖਿਲੇਸ਼ ਯਾਦਵ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਗੋਰਖਪੁਰ ਤੇ ਫੂਲਪੁਰ ‘ਚ ਬੀਐੱਸਪੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਹੋਇਆ। ਪੂਰੇ 25 ਸਾਲਾਂ ਬਾਅਦ ਸਮਾਜਵਾਦੀ ਪਾਰਟੀ ਤੇ ਬੀਐਸਪੀ ‘ਚ ਚੋਣਾਵੀ ਤਾਲਮੇਲ ਹੋਇਆ ਹੈ, ਪਰ ਦੋਵੇਂ ਹੀ ਪਾਰਟੀਆਂ ਦੇ ਆਗੂ ਨਾ ਤਾਂ ਮੰਚ ਸਾਂਝਾ ਕਰਨਗੇ ਤੇ ਨਾ ਹੀ ਇਕੱਠੇ ਪ੍ਰਚਾਰ ਕਰਨਗੇ ਨਾਲ ਹੀ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਗਠਜੋੜ ਸਿਰਫ਼ ਉਪ ਚੋਣਾਂ ਲਈ ਹੈ ਤੇ ਹਾਲੇ ਲੋਕ ਸਭਾ ਚੋਣਾਂ ਸਬੰਧੀ ਅਜਿਹੀ ਕੋਈ ਸਹਿਮਤੀ ਨਹੀਂ ਬਣੀ ਹੈ।
ਮਾਇਆਵਤੀ ਨੇ ਰਾਜ ਸਭਾ ਪਹੁੰਚਣ ਲਈ ਸਮਾਜਵਾਦੀ ਪਾਰਟੀ ਨੂੰ ਲੋਕ ਸਭਾ ਉਪ ਚੋਣਾਂ ‘ਚ ਹਮਾਇਤ ਦੇ ਦਿੱਤੀ ਹੈ। ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਤੋਂ ਬਾਅਦ ਗੋਰਖਪੁਰ ਦੀ ਸੀਟ ਖਾਲੀ ਹੋਈ ਹੈ। ਇੱਥੋਂ ਲਗਾਤਾਰ 5 ਵਾਰ ਸਾਂਸਦ ਰਹੇ ਫੂਲਪੁਰ ਤੋਂ ਐਮਪੀ ਰਹੇ ਕੇਸ਼ਵ ਪ੍ਰਸਾਦ ਮੌਰਿਆ ਹੁਣ ਯੂਪੀ ਦੇ ਡਿਪਟੀ ਸੀਐੱਮ ਹਨ।
ਗਠਜੋੜ ਨਹੀਂ, ਇਸ ਹੱਥ ਲਓ ਉਸ ਹੱਥ ਦਿਓ’ ਸਮਝੌਤਾ : ਮਾਇਆਵਤੀ
ਲਖਨਊ, ਬੀਐਸਪੀ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਨਾਲ 2019 ਲੋਕ ਸਭਾ ਚੋਣਾਂ ਲਈ ਗਠਜੋੜ ਦੀਆਂ ਖਬਰਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੋ ਸੀਟਾਂ ‘ਤੇ ਉਪ ਚੋਣਾਂ ਤੇ ਰਾਜ ਸਭਾ ਚੋਣਾਂ ਲਈ ਹਾਲੇ ‘ਇਸ ਹੱਥ ਲਓ ਉਸ ਹੱਥ ਦਿਓ’ ਸਮਝੌਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਬੀਐਸਪੀ ਪਹਿਲਾਂ ਵਾਂਗ ਉਪ ਚੋਣਾਂ ‘ਚ ਨਹੀਂ ਉਤਰੀ ਹੈ ਤੇ ਵਰਕਰਾਂ ਨੂੰ ਬੀਜੇਪੀ ਖਿਲਾਫ਼ ਸਭ ਤੋਂ ਮਜ਼ਬੂਤ ਉਮੀਦਵਾਰ ਨੂੰ ਵੋਟ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੀਐਸਪੀ ਨੇ ਰਾਜ ਸਭਾ ਚੋਣਾਂ ‘ਚ ਵੀ ਐਸਪੀ ਉਮੀਦਵਾਰਾਂ ਨੂੰ ਹਮਾਇਤ ਦੇਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਮੀਡੀਆ ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ 2019 ‘ਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜਨਗੀਆਂ।
ਰਾਜ ਸਭਾ ਲਈ ਹੋ ਰਹੀ ਹੈ ਤਿਆਰੀ
ਖਬਰ ਹੈ ਕਿ ਰਾਜ ਸਭਾ ਚੋਣਾਂ ਤੱਕ ਲਈ ਹੀ ਤਾਲਮੇਲ ਹੋਇਆ ਹੈ। ਇਸ ਖਬਰ ‘ਤੇ ਹੁਣ ਖੁਦ ਮਾਇਆਵਤੀ ਵੀ ਮੋਹਰ ਲਾ ਚੁੱਕੀ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਰਾਜ ਸਭਾ ਪਹੁੰਚਣ ਲਈ ਸਮਾਜਵਾਦੀ ਪਾਰਟੀ ਨੂੰ ਲੋਕ ਸਭਾ ਉਪ ਚੋਣਾਂ ‘ਚ ਹਮਾਇਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਯੂਪੀ ਤੋਂ ਦਸ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ ਭਾਜਪਾ ਅਸਾਨੀ ਨਾਲ 8 ਆਗੂਆਂ ਨੂੰ ਰਾਜ ਸਭਾ ਭੇਜ ਸਕਦੀ ਹੈ 47 ਵਿਧਾਇਕਾਂ ਵਾਲੀ ਸਮਾਜਵਾਦੀ ਪਾਰਟੀ ਆਸਾਨੀ ਨਾਲ 9ਵੀਂ ਸੀਟ ਜਿੱਤ ਲਵੇਗੀ ਬੀਐਸਪੀ ਦੇ 19 ਤੇ ਕਾਂਗਰਸ ਦੇ 7 ਐਨਐਸਏ ਹਨ। ਰਾਜ ਸਭਾ ਸੀਟ ਜਿੱਤਣ ਲਈ 37 ਵਿਧਾਇਕਾਂ ਦੀ ਵੋਟ ਚਾਹੀਦੀ ਹੈ।