ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਲਈ ਸਮਝਾਉਂਦਿਆਂ ਸਾਡੀ ਕਲਾਸ ‘ਚ ਨਵੇਂ ਲੱਗੇ ਚਿੱਟੇ ਰੰਗ ਦੇ ਬੋਰਡ ‘ਤੇ ਇੱਕ ਕਾਲੇ ਪਿੰਨ ਨਾਲ ਬਿੰਦੂ ਬਣਾ ਕੇ ਸਾਡੀ ਸਾਰੀ ਕਲਾਸ ਨੂੰ ਕਿਹਾ ਕਿ ਇਹ ਕੀ ਹੈ, ਦੱਸੋ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਕਲਾਸ ਨੇ ਤਕਰੀਬਨ ਇੱਕੋ-ਜਿਹਾ ਹੀ ਜਵਾਬ ਦਿੱਤਾ ਸੀ ਕਿ ਇਹ ਕਾਲੇ ਰੰਗ ਦਾ ਬਿੰਦੂ ਹੈ। ਟੀਚਰ ਨੇ ਬਾਅਦ ਵਿੱਚ ਦੱਸਿਆ ਕਿ ਬੇਟਾ ਵੇਖਿਆ ਤੁਸੀਂ ਕਿਸੇ ਨੇ ਵੀ ਕਾਲੇ ਰੰਗ ਵਾਲੇ ਬਿੰਦੂ ਤੋਂ ਇਲਾਵਾ ਇਸ ਚਿੱਟੇ ਰੰਗ ਵਾਲੇ ਹਿੱਸੇ ਬਾਰੇ ਕੁਝ ਵੀ ਨਹੀਂ ਕਿਹਾ। ਸੋ, ਬੇਟਾ ਤੁਸੀਂ ਵੀ ਆਪਣੇ ਚਰਿੱਤਰ ਨੂੰ ਸਾਫ਼ ਬਣਾ ਕੇ ਰੱਖਣਾ ਹੈ। ਇੱਕ ਗਲਤ ਫੈਸਲਾ ਤੁਹਾਡੇ ਚਰਿੱਤਰ ‘ਤੇ ਇਸ ਕਾਲੇ ਰੰਗ ਦੇ ਬਿੰਦੂ ਵਾਂਗ ਦਿਸੇਗਾ। ਇਹ ਗੱਲ ਅੱਜ ਮੇਰੇ ਇਸ ਕਰਕੇ ਯਾਦ ਆ ਗਈ ਕਿਉਂਕਿ ਹੁੰਦੀਆਂ ਤਾਂ ਇਹੋ-ਜਿਹੀਆਂ ਗੱਲਾਂ ਆਮ ਹੀ ਨੇ ਪਰ ਫਿਰ ਵੀ ਜ਼ਿਆਦਾਤਰ ਲੋਕ ਨੂੰ ਦੂਜਿਆਂ ਦੀ ਨਿੱਕੀ ਜਿਹੀ ਗਲਤੀ ਵੀ ਦਿਸ ਜਾਂਦੀ ਹੈ, ਆਪ ਉਹ ਚਾਹੇ ਕਿਹੋ ਜੇ ਵੀ ਹੋਣ।
ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਮਾਂ ਆਉਂਦਾ ਹੈ, ਵੋਟਾਂ ਪੈਂਦੀਆਂ ਹਨ, ਲੀਡਰ ਵੀ ਵੱਡੇ-ਵੱਡੇ ਵਾਅਦੇ ਕਰਦੇ ਹਨ ਤੇ ਦੂਜਿਆਂ ਦੀ ਪਾਰਟੀ ਦੀਆਂ ਕਮੀਆਂ ਕੱਢਕੇ ਵੋਟਾਂ ਮੰਗਦੇ ਨੇ। ਫਿਰ ਇੱਕ ਸਰਕਾਰ ਬਣਦੀ ਹੈ। ਸਰਕਾਰਾਂ ਕੰਮ ਕਰਨ ਜਾਂ ਨਾ, ਪੂਰੇ ਸਿਸਟਮ ਨੂੰ ਗਾਲ੍ਹਾਂ ਕੱਢਣ ਵਾਲੇ ਲੋਕ ਆਮ ਹੀ ਮਿਲ ਜਾਂਦੇ ਹਨ। ਸਰਕਾਰ ਦਾ ਕੰਮ ਹੈ ਆਪਣੇ ਖੇਤਰ ਦੀ ਕਾਮਯਾਬੀ, ਭਲਾਈ ਅਤੇ ਉਸਦੀ ਬਿਹਤਰੀ ਲਈ ਕਦਮ ਚੁੱਕਣੇ, ਜੇ ਉਹ ਨਹੀਂ ਕਰਦੀ ਤਾਂ ਗਲਤ ਹੈ। ਪਰ ਜੇ ਅਸੀਂ ਸਿਸਟਮ ਨੂੰ ਮਾੜਾ ਕਹਿਣ ਲੱਗਦੇ ਹਾਂ ਤਾਂ ਇੱਕ ਗੱਲ ਜਰੂਰ ਸੋਚਣ ਵਾਲੀ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਉਸ ਸਿਸਟਮ ਦਾ ਹਿੱਸਾ ਹਾਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਰੀ ਗਲਤੀ ਸਾਡੀ ਹੀ ਹੈ, ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕੁਝ ਬਦਲਾਅ ਤਾਂ ਅਸੀਂ ਕਰ ਹੀ ਸਕਦੇ ਹਾਂ ਇਹ ਵੀ ਨਹੀਂ ਕਿ ਕੋਈ ਕੋਸ਼ਿਸ਼ ਨਹੀਂ ਕਰਦਾ ਸਮਾਜ ਬਦਲਣ ਲਈ, ਐਸੇ ਬੁੱਧੀਜੀਵੀ ਵੀ ਬਹੁਤ ਨੇ ਪਰ ਉਹਨਾਂ ਨਾਲ ਮਿਲ ਕੇ ਚੱਲਣ ਵਾਲੇ ਘੱਟ ਹੋਣ ਕਰਕੇ ਪਤਾ ਨਹੀਂ ਲੱਗਦਾ।
ਟਰੈਫ਼ਿਕ ਨਿਯਮ, ਸਾਫ-ਸਫਾਈ, ਭ੍ਰਿਸ਼ਟਾਚਾਰ, ਸੱਚਾਈ, ਵਫਾਦਾਰੀ, ਇੱਕਜੁਟਤਾ ਤੇ ਸਮਾਜ ਭਲਾਈ ਆਦਿ ਵੱਲ ਧਿਆਨ ਦੇ ਕੇ ਅਸੀਂ ਵੀ ਤਾਂ ਸਿਸਟਮ ਬਦਲ ਸਕਦੇ ਹਾਂ। ਅਸੀਂ ਇਹ ਜਾਣਦੇ ਹੋਏ ਕਿ ਬੈਲਟ ਸਾਡੇ ਬਚਾਅ ਲਈ ਹੈ, ਅਸੀਂ ਆਮ ਹੀ ਸੁਣਦੇ ਹਾਂ, ਬਈ ਉਹਦੇ ਬੈਲਟ ਲੱਗੀ ਸੀ ਤਾਂ ਬਚ ਗਿਆ, ਉਹਨੇ ਹੈਲਮਟ ਪਾਇਆ ਸੀ ਤਾਂ ਬਚ ਗਿਆ। ਇਹ ਸਭ ਜਾਣਦੇ ਹੋਏ ਵੀ ਅਸੀਂ ਇਹਨਾਂ ਤੋਂ ਇਵੇਂ ਕਿਨਾਰਾ ਕਰ ਲੈਂਦੇ ਹਾਂ ਜਿਵੇਂ ਸਾਡੇ ਨਾਲ ਤਾਂ ਕੁਝ ਹੋ ਹੀ ਨਹੀਂ ਸਕਦਾ। ਅੱਜ ਤੋਂ ਬਾਅਦ ਮੈਂ ਗੱਡੀ ‘ਚ ਬੈਲਟ ਤੋਂ ਬਿਨਾ ਨਹੀਂ ਚੱਲਾਂਗਾ ਤੇ ਨਾ ਹੀ ਕਿਸੇ ਨੂੰ ਚੱਲਣ ਦੇਵਾਂਗਾ, ਹੈਲਮੇਟ ਖੁਦ ਤਾਂ ਲਵਾਂਗਾ ਬਾਕੀਆਂ ਨੂੰ ਵੀ ਪ੍ਰੇਰਿਤ ਕਰਾਂਗਾ।
ਇਹ ਵੀ ਪੜ੍ਹੋ : ਮਹਾਂ-ਪਰਲੋ ਦਾ ਸੰਕੇਤ, ਦੇਖੋ ਬਿਪਰਜੋਏ ਦੀਆਂ ਭਿਆਨਕ ਤਸਵੀਰਾਂ
ਲਾਲ ਬੱਤੀ ਕਦੀ ਪਾਰ ਨਾ ਕਰਨ ਦਾ ਜਾਂ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਇਰਾਦਾ ਕਰਕੇ ਵੀ ਤਾਂ ਸਿਸਟਮ ਦੀ ਭਲਾਈ ਦਾ ਕਦਮ ਹੋ ਸਕਦਾ ਹੈ। ਬੱਸ ਸਟੈਂਡ ਵਿੱਚ ਸਿਰਫ ਇਸ ਗੱਲ ‘ਤੇ ਲੜਾਈ ਹੋ ਗਈ ਕਿ ਇੱਕ ਬੰਦੇ ਦਾ ਸੁੱਟਿਆ ਹੋਇਆ ਖਾਲੀ ਲਿਫਾਫ਼ਾ ਹਵਾ ਨਾਲ ਉੱਡ ਕੇ ਦੂਸਰੇ ਦੇ ਮੂੰਹ ‘ਤੇ ਵੱਜਾ। ਪਰ ਜੇ ਨੇੜੇ ਪਏ ਡਸਟਬਿਨ ਵਿੱਚ ਸੁੱਟਿਆ ਹੁੰਦਾ ਉਹ ਖਾਲੀ ਲਿਫਾਫ਼ਾ ਤਾਂ ਸ਼ਾਇਦ ਉਹ ਆਪੋ ਵਿੱਚ ਨਾ ਖਹਿਬੜਦੇ! ਉਸ ਤੋਂ ਬਾਅਦ ਆਪਾਂ ਤਾਂ ਕਦੀ ਨਹੀਂ ਕੀਤੀ ਇਹ ਗਲਤੀ ਕਿ ਡਸਟਬਿਨ ਤੋਂ ਬਿਨਾ ਟਾਫੀ ਦਾ ਕਵਰ ਵੀ ਸੁੱਟਿਆ ਹੋਵੇ। ਮੰਨਿਆ ਮੈਂ ਇੱਕ ਕਾਗਜ਼ ਨਾ ਸੁੱਟ ਕੇ ਗੰਦਗੀ ਨਹੀਂ ਘਟਾ ਸਕਦਾ ਪਰ ਮੈਨੂੰ ਵੇਖ ਕੇ ਦੋ-ਚਾਰ ਨੇ ਵੀ ਜੇ ਡਸਟਬਿਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਤਾਂ ਮੈਂ ਇਸ ਸਿਸਟਮ ‘ਚ ਬਦਲਾਅ ਲਿਆਉਣ ‘ਚ ਹਿੱਸਾ ਪਾ ਸਕਦਾ ਹਾਂ!
ਅਕਸਰ ਹੀ ਅਸੀਂ ਵੇਖਿਆ ਹੋਣਾ ਏ ਕਿ ਕਿਤੇ ਕੋਈ ਕੰਮ ਲਾਈਨ ਵਿੱਚ ਖੜ੍ਹ ਕੇ ਹੋ ਰਿਹਾ ਹੁੰਦਾ ਹੈ, ਅਚਾਨਕ ਕੋਈ ਇੱਕ ਐਸਾ ਆਉਂਦਾ ਹੈ ਜੋ ਲਾਈਨ ਤੋੜਨ ਦੀ ਕੋਸ਼ਿਸ਼ ਕਰਕੇ ਆਪਣਾ ਕੰਮ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਮੇਰੇ ਹਿਸਾਬ ਨਾਲ ਉਹ ਆਪਣਾ ਮਤਲਬ ਕੱਢਣ ਲਈ ਇੱਕ ਸਿਸਟਮ ਨੂੰ ਦਾਅ ‘ਤੇ ਲਾ ਦਿੰਦਾ ਹੈ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਿਸਟਮ ਬਣਿਆ ਰਹੇ ਤਾਂ ਨਜਾਇਜ਼ ਤੇ ਗਲਤ ਕਦਮ ਨਾ ਚੁੱਕ ਕੇ ਸਿਸਟਮ ਨੂੰ ਬਚਾ ਸਕਦੇ ਹਾਂ। ਕੋਈ ਸਿਸਟਮ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਉਹਨੂੰ ਰੋਕ ਕੇ ਸਿਸਟਮ ਦੀ ਰਾਖੀ ਹੋ ਸਕਦੀ ਹੈ। ਇੱਕ ਹੋਰ ਬੜਾ ਵੇਖਣ ਨੂੰ ਮਿਲਦਾ ਹੈ ਜੋ ਸ਼ਾਇਦ ਹਰ ਘਰ ਵਿੱਚ ਹੁੰਦਾ ਹੋਵੇ ਘਰ ਦੇ ਫਰਸ਼ਾਂ, ਕਾਰਾਂ, ਮੋਟਰਸਾਈਕਲ ਨੂੰ ਪੂਰੇ ਖੁੱਲ੍ਹੇ ਪਾਣੀ ਨਾਲ ਧੋਣ ਵਾਲੀ ਗੱਲ। ‘ਦੂਜੇ ਵੀ ਇਹੀ ਕਰਦੇ ਨੇ ਫਿਰ ਅਸੀਂ ਵੀ ਕਰਾਂਗੇ ਤਾਂ ਕੀ ਹੋ ਜਾਊ’ ਵਾਲੀ ਸ਼ਬਦਾਵਲੀ ਛੱਡ ਕੇ ਪਾਣੀ ਬਚਾਉਣ ਦੀ ਗੱਲ ਕਰਨੀ ਪਵੇਗੀ।
ਖੈਰ! ਹੋ ਤਾਂ ਬਹੁਤ ਕੁਝ ਗਲਤ ਰਿਹਾ ਹੈ ਪਰ ਮੈਂ ਕੋਈ ਸਿਸਟਮ ਸੁਧਾਰਨਾ ਨਹੀਂ ਸਿਖਾ ਰਿਹਾ ਮੈਂ ਤਾਂ ਸਿਰਫ ਆਪਣੇ ਵਿਚਾਰ ਹੀ ਸਾਂਝੇ ਹੀ ਕਰ ਰਿਹਾ ਹਾਂ। ਲੋਕ-ਤਾਕਤ ਬਹੁਤ ਵੱਡੀ ਤਾਕਤ ਹੈ। ਇਹ ਕੁਝ ਵੀ ਕਰ ਸਕਦੀ ਹੈ। ਹਵਾਵਾਂ ਦੇ ਰੁਖ਼ ਬਦਲਣ ਵਾਲੀ ਤਾਕਤ ਇਤਿਹਾਸ ਬਦਲ ਕੇ ਰੱਖ ਦਿੰਦੀ ਹੈ। ਪਰ ਇਹ ਲੋਕ-ਤਾਕਤ ਇੱਕ ਹੱਥ ਵਾਂਗ ਹੈ, ਜਿਵੇਂ ਹਰ ਉਂਗਲ ਅਲੱਗ-ਅਲੱਗ ਰਹਿ ਕੇ ਆਪਣੇ-ਆਪ ਨੂੰ ਤਾਕਤਵਾਰ ਨਹੀਂ ਬਣਾ ਨਹੀਂ ਸਕਦੀ। ਪਰ ਜੇ ਸਾਰੀਆਂ ਉਂਗਲਾਂ ਇੱਕ ਜਗ੍ਹਾ ਇਕੱਠੀਆਂ ਹੋ ਜਾਣ ਤਾਂ ਉਹ ਮੁੱਕਾ ਬਣ ਜਾਂਦਾ ਹੈ। ਉਹ ਮੁੱਕਾ ਜਿਸਦੇ ਵੱਜਦਾ ਹੈ ਉਸਨੂੰ ਹਿਲਾ ਦਿੰਦਾ ਹੈ। ਬੱਸ ਇਹ ਮੁੱਕਾ ਹੀ ਲੋਕ-ਤਾਕਤ ਹੈ।
ਇਹ ਮੁੱਕਾ ਆਪਣੇ-ਆਪ ਨਹੀਂ ਬਣਦਾ ਇਸ ਨੂੰ ਬਣਾਉਣ ਲਈ ਦਿਮਾਗ ਤੋਂ ਉਂਗਲਾਂ ਨੂੰ ਨਿਰਦੇਸ਼ ਮਿਲਦਾ ਹੈ, ਫਿਰ ਬਣਦਾ ਹੈ ਲੋਕ-ਤਾਕਤ ਮੁੱਕਾ, ਜਿਹੜੇ ਮੁੱਕੇ ਦੀਆਂ ਸਾਰੀਆਂ ਉਂਗਲਾਂ ਅੱਜ ਅਲੱਗ-ਅਲੱਗ ਹੋ ਆਪਣੇ-ਆਪ ਨੂੰ ਤਾਕਤਵਰ ਸਿੱਧ ਕਰਨ ‘ਚ ਲੱਗੀਆਂ ਨੇ। ਪਰ ਇਹ ਉਂਗਲਾਂ ਦਾ ਵੀ ਕੋਈ ਕਸੂਰ ਨਹੀਂ ਜਿਹਨਾਂ ਨੂੰ ਮੁੱਕਾ ਆਪਣੇ ਵੱਜਣ ਦਾ ਫਿਕਰ ਲੱਗਾ ਹੋਇਆ ਉਹ ਲੋਕ ਤਾਕਤ ਨੂੰ ਮੁੱਕਾ ਬਣਨ ਤੋਂ ਰੋਕ ਰਹੇ ਨੇ ਤੇ ਅਲੱਗ-ਅਲੱਗ ਦਿਸ਼ਾਵਾਂ ਵੱਲ ਖਿੱਚ ਰਹੇ ਨੇ। ਅੱਜ ਕੁਝ ਵੀ ਨਵਾਂ ਕਰਨ ਲਈ ਲੋਕ-ਤਾਕਤ ਨੂੰ ਇਕੱਠੇ ਹੋਣ ਦੀ ਲੋੜ ਹੈ। ਆਪੋ-ਆਪਣੇ ਫਾਇਦੇ ਬਾਰੇ ਸੋਚਣਾ ਛੱਡ ਕੇ ਸਿਰਫ ਸਿਸਟਮ ਨੂੰ ਵਧੀਆ ਬਣਾਉਣ ਬਾਰੇ ਸੋਚਣਾ ਸ਼ੁਰੂ ਕਰਨਾ ਹੋਵੇਗਾ। ਜਾਤ-ਪਾਤ ਵਰਗੇ ਹਰ ਤਰ੍ਹਾਂ ਦੇ ਸ਼ਿਕਵੇ ਭੁੱਲ ਕੇ ਇੱਕ ਨਵਾਂ ਏਕਤਾ ਦਾ ਸਮਾਜ ਸਿਰਜ ਕੇ ਨਵੀਂ ਅਤੇ ਸੋਹਣੀ ਦੁਨੀਆਂ ਬਣ ਸਕਦੀ ਹੈ।