ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਜ਼ਿਲ੍ਹੇ ਦੇ 35 ਸਕੂਲ ਕੀਤੇ ਬੰਦ
- ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਸ਼ਹਿਰ ਅਬੋਹਰ ਵੀ ਲਿਸਟ ‘ਚ ਸ਼ਾਮਲ
- ਪਹਿਲੀ ਸੂਚੀ ‘ਚ ਲੱਗੇ 35 ਸਕੂਲਾਂ ਨੂੰ ਜਿੰਦਰੇ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਵਿਰੋਧ ਕਰਨ ਵਾਲੀ ਹੀ ਕਾਂਗਰਸ ਸਰਕਾਰ ਨੇ ਨਵੇਂ ਸਿੱਖਿਆ ਸੈਸ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਸਰਕਾਰੀ ਸਕੂਲਾਂ ‘ਤੇ ਜਿੰਦਰੇ ਜੜਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚ 20 ਤੋਂ ਘੱਟ ਵਿਦਿਆਰਥੀ ਚਲਦੇ ਆ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਜਿੰਦਰੇ ਜੜਨ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਸਣੇ ਫਾਜ਼ਿਲਕਾ ਜਿਲ੍ਹੇ ਤੋਂ ਕੀਤੀ ਗਈ ਹੈ। ਫਾਜਿਲਕਾ ਜ਼ਿਲ੍ਹੇ ਵਿੱਚ 35 ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਨੇੜਲੇ ਸਕੂਲ ਵਿੱਚ ਸ਼ਿਫ਼ਟ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਡਿਜ਼ੀਟਲ ਦੌਰ ’ਚ ਸਕੱਤਰ ਅਹੁਦੇ ਦੀ ਵਧਦੀ ਡਿਮਾਂਡ
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ 800 ਤੋਂ ਜ਼ਿਆਦਾ ਸਕੂਲਾਂ ਨੂੰ ਬੰਦ ਕਰਦੇ ਹੋਏ ਉਨਾਂ ਨੂੰ ਸ਼ਿਫ਼ਟ ਕਰਨ ਦੀ ਪਲੈਨਿੰਗ ਤਿਆਰ ਕੀਤਾ ਗਈ ਸੀ, ਜਿਸ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰ ਵਿੱਚ ਚਲ ਰਹੀ ਕਾਂਗਰਸ ਨੇ ਵਿਧਾਨ ਸਭਾ ਵਿੱਚ ਹੰਗਾਮਾ ਕਰ ਦਿੱਤਾ ਸੀ ਅਤੇ ਵਿਧਾਨ ਸਭਾ ਵਿੱਚ ਹੰਗਾਮਾ ਕਰਨ ਵਿੱਚ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਭ ਤੋਂ ਅੱਗੇ ਸਨ।
ਸੱਤਾ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਤਾਂ ਹੋ ਗਈ ਪਰ ਸਕੂਲਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਨੂੰ ਨਹੀਂ ਰੋਕਿਆ ਗਿਆ। ਜਿਸ ਦੌਰਾਨ ਪੰਜਾਬ ਸਰਕਾਰ ਨੇ ਆਪਣੀ ਪਹਿਲੀ ਲਿਸਟ ਜਾਰੀ ਕਰਦੇ ਹੋਏ 35 ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਾਰੇ ਸਕੂਲ ਫਾਜ਼ਿਲਕਾ ਜ਼ਿਲ੍ਹੇ ‘ਚ ਅਬੋਹਰ ਤੇ ਜਲਾਲਾਬਾਦ ਦੇ ਹਨ। ਸੁਨੀਲ ਜਾਖੜ ਅਬੋਹਰ ਤੋਂ ਕਈ ਵਾਰ ਵਿਧਾਇਕ ਰਹਿਣ ਦੇ ਨਾਲ ਹੀ ਫਾਜ਼ਿਲਕਾ ਉਨ੍ਹਾਂ ਦਾ ਆਪਣਾ ਜਿਲ੍ਹਾ ਹੈ ਪਰ ਫਿਰ ਵੀ ਸ਼ੁਰੂਆਤ ਸੁਨੀਲ ਜਾਖੜ ਦੇ ਜ਼ਿਲ੍ਹੇ ਵਿੱਚੋਂ ਹੀ ਕੀਤੀ ਗਈ ਹੈ। 35 ਸਕੂਲਾਂ ਦੀ ਪਹਿਲੀ ਸੂਚੀ ਅਨੁਸਾਰ 16 ਸਕੂਲ ਅਬੋਹਰ ਅਤੇ 16 ਸਕੂਲ ਫਾਜ਼ਿਲਕਾ ਦੇ ਹਨ, ਜਦੋਂ ਕਿ 3 ਸਕੂਲ ਜਲਾਲਾਬਾਦ ਹਲਕੇ ਦੇ ਸ਼ਾਮਲ ਹਨ।
ਘੱਟ ਵਿਦਿਆਰਥੀ ਤੇ ਘੱਟ ਦੂਰੀ ਕਾਰਨ ਸ਼ਿਫ਼ਟ ਕੀਤੇ ਹਨ ਸਕੂਲ: ਕ੍ਰਿਸ਼ਨ ਕੁਮਾਰ
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘੱਟ ਵਿਦਿਆਰਥੀ ਅਤੇ ਘੱਟ ਦੂਰੀ ਵਾਲੇ ਸਕੂਲਾਂ ਨੂੰ ਦੂਜੇ ਸਕੂਲਾਂ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਹੈ, ਇਸ ਪ੍ਰਕਿਰਿਆ ਨੂੰ ਸਕੂਲ ਬੰਦ ਕਰਨਾ ਨਾ ਕਰਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਵਿੱਚ 20 ਤੋਂ ਘੱਟ ਸਕੂਲ ਹਨ ਜਾਂ ਫਿਰ 1-2 ਕਿਲੋਮੀਟਰ ਦੀ ਘੱਟ ਦੀ ਦੂਰੀ ‘ਤੇ ਹਨ, ਉਨ੍ਹਾਂ ਸਕੂਲਾਂ ਨੂੰ ਨੇੜਲੇ ਸਕੂਲ ਵਿੱਚ ਸ਼ਿਫ਼ਟ ਕਰਨਾ ਪੰਜਾਬ ਸਰਕਾਰ ਦੀ ਪਾਲਿਸੀ ਵਿੱਚ ਹੈ, ਜਿਸ ਤਹਿਤ ਹੀ ਇਹ ਕੀਤਾ ਜਾ ਰਿਹਾ ਹੈ।