Rajdhani Express Accident: ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਉਣ ਕਾਰਨ 7 ਹਾਥੀਆਂ ਦੀ ਮੌਤ, ਟ੍ਰੇਨ ਦੇ 5 ਡੱਬੇ ਪਟੜੀ ਤੋਂ ਉੱਤਰੇ

Rajdhani Express Accident
Rajdhani Express Accident: ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਉਣ ਕਾਰਨ 7 ਹਾਥੀਆਂ ਦੀ ਮੌਤ, ਟ੍ਰੇਨ ਦੇ 5 ਡੱਬੇ ਪਟੜੀ ਤੋਂ ਉੱਤਰੇ

ਧੁੰਦ ਕਾਰਨ ਹਾਦਸਾ ਹੋਣ ਦਾ ਸ਼ੱਕ

Rajdhani Express Accident: ਗੁਹਾਟੀ (ਏਜੰਸੀ)। ਸ਼ਨਿੱਚਰਵਾਰ ਸਵੇਰੇ ਅਸਾਮ ਦੇ ਹੋਜਈ ਜ਼ਿਲ੍ਹੇ ’ਚ ਹਾਥੀਆਂ ਦੇ ਝੁੰਡ ਦੀ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਸੱਤ ਹਾਥੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਬੱਚਾ ਹਾਥੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਦਾ ਇੰਜਣ ਤੇ ਪੰਜ ਡੱਬੇ ਵੀ ਪਟੜੀ ਤੋਂ ਉਤਰ ਗਏ। ਇਹ ਹਾਦਸਾ ਚਾਂਗਜੁਰਾਈ ਪਿੰਡ ਦੇ ਨੇੜੇ ਸਵੇਰੇ 2:17 ਵਜੇ ਵਾਪਰਿਆ। ਸ਼ੁਰੂ ਵਿੱਚ, ਅੱਠ ਹਾਥੀਆਂ ਦੇ ਮਾਰੇ ਜਾਣ ਦੀ ਖ਼ਬਰ ਸੀ, ਪਰ ਬਾਅਦ ’ਚ ਇਹ ਪੁਸ਼ਟੀ ਹੋਈ ਕਿ ਇੱਕ ਬੱਚਾ ਹਾਥੀ ਜ਼ਿੰਦਾ ਹੈ ਤੇ ਗੰਭੀਰ ਜ਼ਖਮੀ ਹੈ। ਹਾਦਸੇ ’ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਕਿਹਾ ਕਿ ਇਲਾਕੇ ’ਚ ਸੰਘਣੀ ਧੁੰਦ ਕਾਰਨ ਹਾਦਸਾ ਹੋਣ ਦਾ ਸ਼ੱਕ ਹੈ। ਮ੍ਰਿਤਕ ਹਾਥੀਆਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਦੋਂ ਕਿ ਸਥਾਨਕ ਪਸ਼ੂਆਂ ਦੇ ਡਾਕਟਰ ਜ਼ਖਮੀ ਹਾਥੀ ਦਾ ਇਲਾਜ ਕਰ ਰਹੇ ਹਨ।

ਐਮਰਜੈਂਸੀ ਬ੍ਰੇਕਿੰਗ ਦੇ ਬਾਵਜੂਦ ਹਾਥੀ ਟ੍ਰੇਨ ਨਾਲ ਟਕਰਾਏ

ਉੱਤਰ-ਪੂਰਬੀ ਸਰਹੱਦੀ ਰੇਲਵੇ (ਐਨਐਫਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕਪਿੰਜਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਗੁਹਾਟੀ ਤੋਂ ਲਗਭਗ 126 ਕਿਲੋਮੀਟਰ ਦੂਰ ਲੁਮਡਿੰਗ ਡਿਵੀਜ਼ਨ ਦੇ ਜਮੁਨਾਮੁਖ-ਕਾਨਪੁਰ ਸੈਕਸ਼ਨ ’ਚ ਵਾਪਰਿਆ। ਹਾਦਸੇ ਵਾਲੀ ਥਾਂ ਹਾਥੀ ਲਾਂਘਾ ਨਹੀਂ ਹੈ। ਅਧਿਕਾਰੀ ਦੇ ਅਨੁਸਾਰ, ਹਾਥੀਆਂ ਦਾ ਇੱਕ ਝੁੰਡ ਅਚਾਨਕ ਟ੍ਰੇਨ ਸਾਹਮਣੇ ਆ ਗਿਆ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਵੀ ਲਾਈ, ਪਰ ਹਾਥੀ ਫਿਰ ਵੀ ਟ੍ਰੇਨ ਨਾਲ ਟਕਰਾ ਗਏ। ਇੱਕ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਹਾਥੀਆਂ ਦਾ ਅੰਤਿਮ ਸੰਸਕਾਰ ਹਾਦਸੇ ਵਾਲੀ ਥਾਂ ਦੇ ਨੇੜੇ ਕੀਤਾ ਜਾਵੇਗਾ।