Patiala News: ਚੋਣ ਡਿਊਟੀ ’ਤੇ ਜਾਂਦੇ ਜ਼ਖ਼ਮੀ ਹੋਏ ਮੁਲਾਜ਼ਮਾਂ ਦੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ

Patiala News
Patiala News: ਚੋਣ ਡਿਊਟੀ ’ਤੇ ਜਾਂਦੇ ਜ਼ਖ਼ਮੀ ਹੋਏ ਮੁਲਾਜ਼ਮਾਂ ਦੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ

Patiala News: ਜ਼ਖਮੀ ਅਧਿਆਪਕਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਤੇ ਤੰਦਰੁਸਤ ਹੋਣ ਤੱਕ ਤਨਖ਼ਾਹ ਸਮੇਤ ਛੁੱਟੀ ’ਤੇ ਮੰਨਿਆ ਜਾਵੇ: ਡੀਟੀਐੱਫ

Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੈਮੋਕ੍ਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਡਿਊਟੀ ’ਤੇ ਜਾਣ ਵੇਲੇ ਗੰਭੀਰ ਹਾਦਸੇ ਦਾ ਸ਼ਿਕਾਰ ਹੋਈ ਅਧਿਆਪਕਾ ਰਾਜਵੀਰ ਕੌਰ ਨੂੰ ਪਾਰਕ ਹਸਪਤਾਲ ਪਟਿਆਲਾ ਵਿਖੇ ਮਿਲਿਆ ਗਿਆ ਅਤੇ ਹਾਲ ਚਾਲ ਪੁੱਛਿਆ ਗਿਆ। ਮੈਡਮ ਰਾਜਵੀਰ ਕੌਰ, ਐਸੋਸੀਏਟ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਜਗਤ ਸਿੰਘ ਵਾਲਾ ਸੁਨਾਮ ਵਿਖੇ ਸੇਵਾ ਨਿਭਾ ਰਹੇ ਹਨ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਵਿਕਰਮ ਦੇਵ ਸਿੰਘ ਸੂਬਾ ਪ੍ਰਧਾਨ, ਗੁਰਜੀਤ ਘੱਗਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਹਰਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਮੈਡਮ ਰਾਜਵੀਰ ਕੌਰ ਨੂੰ ਚੋਣ ਡਿਊਟੀ ’ਤੇ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ਸੂਏ ਵਿੱਚ ਡਿੱਗਣ ਕਾਰਨ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹਨਾਂ ਦਾ ਇਲਾਜ ਪਟਿਆਲਾ ਦੇ ਪਾਰਕ ਹਸਪਤਾਲ ਵਿੱਚ ਚੱਲ ਰਿਹਾ ਹੈ।

Patiala News

ਆਗੂਆਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਚੋਣ ਡਿਊਟੀ ’ਤੇ ਜਾਣ ਸਮੇਂ ਐਕਸੀਡੈਂਟ ਕਾਰਨ ਫੌਤ ਹੋ ਗਏ ਸਨ ਅਤੇ ਇਸੇ ਤਰ੍ਹਾਂ ਕਈ ਹੋਰ ਅਧਿਆਪਕ ਵੀ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋਏ ਸਨ, ਜਿਸ ਦੇ ਰੋਸ ਵਜੋਂ ਅਧਿਆਪਕ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ 16 ਦਸੰਬਰ ਨੂੰ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

Read Also : ਸਪੀਕਰ ਸੰਧਵਾਂ ਵੱਲੋਂ ਸਰਪੰਚਾਂ, ਪੰਚਾਂ ਅਤੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਡੀਟੀਐੱਫ ਆਗੂਆਂ ਜਗਜੀਤ ਜਟਾਣਾ, ਪ੍ਰਿਤਪਾਲ ਚਹਿਲ, ਹਰਗੋਪਾਲ ਸਿੰਘ ਅਤੇ ਰਵਿੰਦਰ ਕੰਬੋਜ਼ ਨੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਨਿਖੇਧੀ ਕਰਦਿਆਂ ਕਿਹਾ ਕਿ 14 ਦਸੰਬਰ ਤੋਂ ਮੈਡਮ ਰਾਜਵੀਰ ਕੌਰ ਹਸਪਤਾਲ ਵਿੱਚ ਦਾਖ਼ਲ ਹਨ ਪਰ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਵੱਲੋਂ ਹਾਲੇ ਤੱਕ ਉਨਾਂ ਦਾ ਹਾਲ-ਚਾਲ ਵੀ ਨਹੀਂ ਪੁੱਛਿਆ ਗਿਆ।

ਅਧਿਆਪਕ ਆਗੂਆਂ ਨੇ ਜ਼ਿਲ੍ਹਾ ਮੋਗਾ ਦੇ ਫੋਤ ਹੋਏ ਅਧਿਆਪਕਾਂ ਦੇ ਪਰਿਵਾਰ ਨੂੰ ਦੋ-ਦੋ ਕਰੋੜ ਰੁਪਏ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਸਰਕਾਰ ਨੂੰ ਚੁੱਕਣ ਅਤੇ ਡਿਊਟੀ ਦੌਰਾਨ ਜ਼ਖਮੀ ਹੋਏ ਮੁਲਾਜ਼ਮਾਂ ਦਾ ਇਲਾਜ ਕਰਵਾਉਣ ਤੋਂ ਇਲਾਵਾ ਉਹਨ੍ਹਾਂ ਨੂੰ 20-20 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ। ਇਸੇ ਤਰ੍ਹਾਂ ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਤੌਰ ’ਤੇ ਤੰਦਰੁਸਤ ਹੋਣ ਤੱਕ ਅਧਿਆਪਕਾ ਰਾਜਵੀਰ ਕੌਰ ਅਤੇ ਅਧਿਆਪਕਾ ਪਰਮਜੀਤ ਕੌਰ, ਜਿਹਨਾਂ ਦਾ ਹਾਦਸਾ ਸਮਾਣਾ ਸ਼ਹਿਰ ਦੇ ਨੇੜੇ ਪਿੰਡ ਚੁਪਕੀ ਵਿਖੇ ਹੋਇਆ ਸੀ, ਨੂੰ ਮੈਡੀਕਲ ਤੌਰ ’ਤੇ ਫਿੱਟ ਹੋਣ ਤੱਕ ਤਨਖਾਹ ਸਮੇਤ ਛੁੱਟੀ ਉੱਪਰ ਮੰਨਿਆ ਜਾਵੇ।