Punjab News: ਰਾਜਾ ਵੜਿੰਗ ਨੂੰ ਬਘੇਲ ਦਾ ਥਾਪੜਾ, ਸਿੱਧੂ ਜੋੜੀ ਦੀ ਟੇਕ ਪ੍ਰਿਅੰਕਾ ਗਾਂਧੀ ’ਤੇ

Punjab News: ਪ੍ਰਿਅੰਕਾ ਗਾਂਧੀ ਨਾਲ 19 ਨੂੰ ਹੋਵੇਗੀ ਸਿੱਧੂ ਦੀ ਮੁਲਾਕਾਤ, ਬਘੇਲ ਦੀ ਵੜਿੰਗ ਨਾਲ ਹੋਈ ਬੰਦ ਕਮਰਾ ਮੀਟਿੰਗ

  • 500 ਕਰੋੜ ਰੁਪਏ ਦੇ ਬਿਆਨ ਨੇ ਕਾਂਗਰਸ ਵਿੱਚ ਮਚਾਈ ਹੋਈ ਐ ਤਰਥੱਲੀ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਵਿੱਚ 500 ਕਰੋੜ ਰੁਪਏ ਦੇ ਬਿਆਨ ਸਬੰਧੀ ਮੱਚੀ ਹੋਈ ਤਰਥੱਲੀ ਦਰਮਿਆਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਨ ਦਾ ਆਖਰਕਾਰ ਸਮਾਂ ਮਿਲ ਗਿਆ ਹੈ ਨਵਜੋਤ ਸਿੰਘ ਸਿੱਧੂ ਅਤੇ ਪ੍ਰਿਅੰਕਾ ਗਾਂਧੀ ਦੀ 19 ਦਸੰਬਰ ਨੂੰ ਦਿੱਲੀ ਵਿਖੇ ਮੁਲਾਕਾਤ ਹੋਏਗੀ ਇਸ ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਵੱਲੋਂ ਦਿੱਤੇ ਗਏ ਬਿਆਨਾਂ ਸਬੰਧੀ ਸਪੱਸ਼ਟੀਕਰਨ ਦੇ ਸਕਦੇ ਹਨ, ਉਥੇ ਹੀ ਪੰਜਾਬ ਵਿੱਚ ਮੌਜ਼ੂਦਾ ਸਮੇਂ ਦੌਰਾਨ ਕਾਂਗਰਸ ਦੀ ਸਥਿਤੀ ਬਾਰੇ ਵੀ ਚਰਚਾ ਹੋ ਸਕਦੀ ਹੈ।

ਇਸ ਮੁਲਾਕਾਤ ਦਾ ਸਮਾਂ ਤੈਅ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੂਬਾ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਉਨ੍ਹਾਂ ਦੇ ਦਫਤਰ ਵਿੱਚ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਸਖਤ ਕਾਰਵਾਈ ਚਾਹੁੰਦੇ ਹਨ, ਜਿਸ ਕਾਰਨ ਹੀ ਉਹ ਭੂਪੇਸ਼ ਬਘੇਲ ਨੂੰ ਮਿਲਣ ਲਈ ਉਨ੍ਹਾਂ ਦੇ ਦਫਤਰ ਵਿੱਚ ਗਏ । ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਇਸ ਗਰਮ ਮਾਹੌਲ ’ਚ ਜਾਂਚ ਕਰਨ ਲਈ ਬਣਾਈ ਗਈ ਕਮੇਟੀ ਦਾ ਜਿੰਮਾ ਵੀ ਭੁਪੇਸ਼ ਬਘੇਲ ਨੂੰ ਹੀ ਸੌਂਪਿਆਂ ਗਿਆ ਹੈ। ਹਾਲਾਂਕਿ ਜਾਂਚ ਤੋਂ ਪਹਿਲਾਂ ਹੀ ਹਾਈ ਕਮਾਨ ਦੇ ਇਸ਼ਾਰੇ ’ਤੇ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਰ ਫਿਰ ਵੀ ਪੂਰੇ ਮਾਮਲੇ ਦੀ ਰਿਪੋਰਟ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਮੰਗੀ ਗਈ ਹੈ।

Punjab News

ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀ ਕਾਂਗਰਸ ਪਾਰਟੀ ’ਤੇ ਹੀ ਗੰਭੀਰ ਦੋਸ਼ ਲਾਉਂਦੇ ਹੋਏ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਉਮੀਦਵਾਰ ਜਾਂ ਫਿਰ ਮੁੱਖ ਮੰਤਰੀ ਬਣਨ ਲਈ ਹੀ 500 ਕਰੋੜ ਰੁਪਏ ਦੀ ਅਟੈਚੀ ਦੇਣੀ ਪੈਂਦੀ ਹੈ। ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਪੰਜਾਬ ਦੀ ਸਾਰੀਆਂ ਸਿਆਸੀ ਧਿਰਾਂ ਵੱਲੋਂ ਕਾਂਗਰਸ ਪਾਰਟੀ ਅਤੇ ਕਾਂਗਰਸ ਹਾਈ ਕਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ, ਉਥੇ ਕੌਮੀ ਪੱਧਰ ’ਤੇ ਵੀ ਕਾਂਗਰਸ ਪਾਰਟੀ ਦੀ ਕਾਫੀ ਜ਼ਿਆਦਾ ਕਿਰਕਰੀ ਹੋ ਰਹੀ ਹੈ।

ਇਸ ਬਿਆਨ ਦੇ ਆਉਣ ਤੋਂ ਬਾਅਦ ਕਾਂਗਰਸ ਹਾਈ ਕਮਾਨ ਦੇ ਇਸ਼ਾਰੇ ’ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਪੂਰੇ ਵਿਵਾਦ ਨੂੰ ਖਤਮ ਕਰਨ ਅਤੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਹੋਈ ਕਾਰਵਾਈ ਨੂੰ ਵਾਪਸ ਕਰਨ ਲਈ ਆਪਣਾ ਪੂਰਾ ਜ਼ੋਰ ਲਾਉਣ ਵਿੱਚ ਲੱਗੇ ਹੋਏ ਹਨ।

ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਤੋਂ ਮਿਲਣ ਲਈ ਸਮਾਂ ਵੀ ਮੰਗਿਆ ਸੀ ਅਤੇ ਵੀਰਵਾਰ ਨੂੰ ਦਿੱਲੀ ਵੀ ਪੁੱਜੇ ਹੋਏ ਸਨ ਪਰ ਸੰਸਦ ਵਿੱਚ ਸੈਸ਼ਨ ਦੇ ਚੱਲਣ ਕਾਰਨ ਪਿਅੰਕਾ ਗਾਂਧੀ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਅਤੇ ਨਵਜੋਤ ਸਿੰਘ ਸਿੱਧੂ ਨੂੰ 19 ਦਸੰਬਰ ਦਾ ਸਮਾਂ ਦਿੱਤਾ ਗਿਆ ਹੈ।

ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਦੀ ਮੌਜ਼ੂਦਾ ਸਥਿਤੀ ਨੂੰ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰਦੇ ਹੋਏ ਸਾਰੀ ਜਾਣਕਾਰੀ ਦੇ ਦਿੱਤੀ ਹੈ।

ਜਦੋਂ ਪਾਰਟੀ ਤੋਂ ਹੀ ਕੱਢ ਦਿੱਤਾ ਗਿਆ ਤਾਂ ਬਾਕੀ ਕੀ ਰਹਿ ਗਿਆ : ਬਘੇਲ

ਪੰਜਾਬ ਸੂਬਾ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਮਾਮਲੇ ਵਿੱਚ ਪਹਿਲਾਂ ਹੀ ਸੂਬਾ ਕਾਂਗਰਸ ਪ੍ਰਧਾਨ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਨਵਜੋਤ ਕੌਰ ਸਿੱਧੂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਕਰਨੀ ਹੈ ਇਸ ਸਬੰਧੀ ਹਾਈ ਕਮਾਨ ਨੇ ਹੀ ਤੈਅ ਕਰਨਾ ਹੈ।