Navjot Kaur Sidhu: ‘ਕਾਂਗਰਸ ਸੀਐੱਮ ਓਹੀ ਬਣੇਗਾ, ਜਿਹੜਾ ਦਏਗਾ 500 ਕਰੋੜ ਰੁਪਏ ਭਰੀ ਅਟੈਚੀ’
Navjot Kaur Sidhu: ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ਵਿੱਚ ਸੀਐੱਮ ਦਾ ਉਮੀਦਵਾਰ ਜਾਂ ਫਿਰ ਸੀਐੱਮ ਉਹ ਹੀ ਬਣ ਸਕਦਾ ਹੈ ਜਿਹੜਾ 500 ਕਰੋੜ ਰੁਪਏ ਦੀ ਅਟੈਚੀ ਭਰ ਕੇ ਹਾਈ ਕਮਾਨ ਨੂੰ ਦੇ ਸਕਦਾ ਹੋਵੇ। ਸਾਡੇ ਕੋਲ ਦੇਣ ਲਈ 500 ਕਰੋੜ ਰੁਪਏ ਤਾਂ ਨਹੀਂ ਹੈ ਪਰ ਅਸੀਂ ਪੰਜਾਬ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ ਇਹ ਗੰਭੀਰ ਦੋਸ਼ ਕਾਂਗਰਸ ਪਾਰਟੀ ਦੀ ਆਗੂ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਵੱਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਏ ਗਏ ਹਨ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਕੰਮ ਕਿਵੇਂ ਕਰ ਸਕਦੇ ਹਨ ਕਿਉਂਕਿ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਪੰਜ-ਪੰਜ ਆਗੂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਰਗਰਮ ਸਿਆਸਤ ਵਿੱਚ ਉਸ ਸਮੇਂ ਹੀ ਵਾਪਸੀ ਕਰਨਗੇ, ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਲਈ ਐਲਾਨ ਦਿੱਤਾ ਜਾਵੇਗਾ, ਨਹੀਂ ਤਾਂ ਨਵਜੋਤ ਸਿੰਘ ਸਿੱਧੂ ਆਪਣੇ ਮੌਜ਼ੂਦਾ ਕੈਰੀਅਰ ਵਿੱਚ ਚੰਗੀ ਕਮਾਈ ਕਰ ਰਹੇ ਹਨ।
Read Also : ਹਿਮਾਚਲ ’ਚ ਭਾਰੀ ਠੰਢ, ਪਾਣੀ ਦੇ ਸਰੋਤ ਜੰਮੇ, ਪੰਜਾਬ-ਹਰਿਆਣਾ ’ਚ ਫਰੀਦਕੋਟ ਸਭ ਤੋਂ ਠੰਢਾ
ਨਵਜੋਤ ਕੌਰ ਸਿੱਧੂ ਨੇ ਇੱਥੇ ਸਪੱਸ਼ਟ ਕੀਤਾ ਕਿ ਉਨ੍ਹਾਂ ਤੋਂ 500 ਕਰੋੜ ਰੁਪਏ ਦੀ ਅਟੈਚੀ ਕਿਸੇ ਵੀ ਆਗੂ ਵੱਲੋਂ ਨਹੀਂ ਮੰਗੀ ਗਈ ਹੈ ਪਰ ਕਾਂਗਰਸ ਪਾਰਟੀ ਵਿੱਚ ਕਲਚਰ ਇਹੋ ਹੀ ਹੈ ਕਿ ਜਿਹੜਾ 500 ਕਰੋੜ ਰੁਪਏ ਦੀ ਅਟੈਚੀ ਦਿੰਦਾ ਹੈ ਉਹ ਹੀ ਸੀਐੱਮ ਦਾ ਉਮੀਦਵਾਰ ਜਾਂ ਫਿਰ ਸੀਐੱਮ ਬਣਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸਰਗਰਮ ਸਿਆਸਤ ਤੋਂ ਕਾਫੀ ਦੂਰ ਚੱਲ ਰਹੇ ਹਨ ਅਤੇ ਸਿਆਸਤ ਦੇ ਜੋੜ-ਤੋੜ ਵਿੱਚ ਕਾਫੀ ਘੱਟ ਹੀ ਨਜ਼ਰ ਆਉਂਦੇ ਹਨ ਪਰ ਅੱਜ ਨਵਜੋਤ ਕੌਰ ਸਿੱਧੂ ਨੇ ਸਾਹਮਣੇ ਆਉਂਦੇ ਹੋਏ ਆਪਣੀ ਹੀ ਪਾਰਟੀ ਹਾਈ ਕਮਾਨ ’ਤੇ ਵੱਡਾ ਦੋਸ਼ ਲਾ ਦਿੱਤਾ ਹੈ, ਜਿਹੜਾ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਭਾਰੀ ਪੈ ਸਕਦਾ ਹੈ।













