ਆਸ਼ੀਸ਼ ਚੋਪੜਾ ਗੈਂਗ ਦੇ ਸ਼ੂਟਰ ਯੁਵੀ ਦੇ ਸੰਪਰਕ ‘ਚ ਸਨ ਮੁਲਜ਼ਮ
Ferozepur Crime News: (ਜਗਦੀਪ ਸਿੰਘ) ਫਿਰੋਜ਼ਪੁਰ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਫਿਰੋਜ਼ਪੁਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਫਿਰੋਜ਼ਪੁਰ ਤੋਂ ਆਸ਼ੀਸ਼ ਚੋਪੜਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਚੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਸ਼ਪਾਲ ਉਰਫ਼ ਸੇਵਕ ਵਾਸੀ ਪਿੰਡ ਕੁੰਡੇ (ਫਿਰੋਜ਼ਪੁਰ) ਅਤੇ ਰਾਜੀਵ ਉਰਫ਼ ਜੱਸਾ, ਪਿੰਡ ਬੜੇ (ਫਿਰੋਜ਼ਪੁਰ) ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਆਸ਼ੀਸ਼ ਚੋਪੜਾ ਗੈਂਗ ਦੇ ਸ਼ੂਟਰ ਯੁਵੀ ਦੇ ਸੰਪਰਕ ਵਿੱਚ ਸਨ ਜੋ ਕਿ ਮਈ 2025 ਵਿੱਚ ਫਿਰੋਜ਼ਪੁਰ ਵਿਖੇ ਹੋਏ ਆਸ਼ੂ ਮੌਂਗਾ ਕਤਲ ਕੇਸ ਵਿੱਚ ਲੋੜੀਂਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਬੇਅਸਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Liver Health: ਲੀਵਰ ਦੀ ਲੰਮੀ ਉਮਰ ਲਈ ਫਾਇਦੇਮੰਦ ਹੋ ਸਕਦੇ ਨੇ ਇਹ ਪੀਣ ਵਾਲੇ ਪਦਾਰਥ, ਆਦਤ ’ਚ ਕਰੋ ਸ਼ਾਮਲ
ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏ.ਜੀ.ਟੀ.ਐਫ. ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਡੀ.ਐਸ.ਪੀ. ਏਜੀਟੀਐਫ ਰਾਜਨ ਪਰਮਿੰਦਰ ਦੀ ਅਗਵਾਈ ਹੇਠ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਫਿਰੋਜ਼ਪੁਰ ਪੁਲਿਸ ਦੇ ਤਾਲਮੇਲ ਨਾਲ ਫਿਰੋਜ਼ਪੁਰ ਦੇ ਪਿੰਡ ਮਧਰੇ ਵਿਖੇ ਰੇਲਵੇ ਕਰਾਸਿੰਗ ਦੇ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਅਪਰਾਧਿਕ ਪਿਛੋਕੜ ਹੈ, ਜਿਸ ਵਿੱਚ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕਈ ਮਾਮਲੇ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਹੋਰ ਜਾਂਚ ਜਾਰੀ ਹੈ। ਇਸ ਸਬੰਧ ਵਿੱਚ, ਥਾਣਾ ਸਦਰ ਫਿਰੋਜ਼ਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਹੈ। Ferozepur Crime News














