Kangana Ranaut: ਬਜ਼ੁਰਗ ਮਹਿਲਾ ਕਿਸਾਨ ’ਤੇ ਕੀਤੀ ਸੀ ਟਿੱਪਣੀ
Kangana Ranaut: ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਇੱਕ ਬਜ਼ੁਰਗ ਮਹਿਲਾ ਕਿਸਾਨ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੀ ਫਿਲਮੀ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਪੇਸ਼ੀ ਲਈ ਬਠਿੰਡਾ ਪੁੱਜ ਚੁੱਕੀ ਹੈ।
ਵੇਰਵਿਆਂ ਮੁਤਾਬਿਕ ਜਦੋਂ ਕਿਸਾਨਾਂ ਵੱਲੋਂ ਖੇਤੀ ਕਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਮੋਰਚਾ ਲਾਇਆ ਗਿਆ ਸੀ ਤਾਂ ਉਸ ਸਮੇਂ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿਲਾ ਮਹਿੰਦਰ ਕੌਰ ਵੀ ਧਰਨੇ ਦੇ ਵਿੱਚ ਸ਼ਾਮਿਲ ਹੋਈ ਸੀ। ਉਸ ਸਮੇਂ ਕੰਗਣਾ ਰਨੌਤ ਨੇ ਟਿੱਪਣੀ ਕੀਤੀ ਸੀ ਕਿ ਅਜਿਹੀਆਂ ਔਰਤਾਂ ਸੌ ਸੌ ਰੁਪਏ ਲੈ ਕੇ ਧਰਨੇ ਚ ਆਉਂਦੀਆਂ ਹਨ। ਕੰਗਣਾ ਦੇ ਇਨ੍ਹਾਂ ਬੋਲਾਂ ਨੇ ਮਹਿੰਦਰ ਕੌਰ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ।
Read Also : ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ
ਮਹਿਲਾ ਕਿਸਾਨ ਨੇ ਇਸ ਟਿੱਪਣੀ ਤੋਂ ਪਰੇਸ਼ਾਨ ਹੋ ਕੇ ਕੰਗਣਾ ਰਨੌਤ ਦੇ ਖਿਲਾਫ ਬਠਿੰਡਾ ਅਦਾਲਤ ਦੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰਵਾ ਦਿੱਤਾ ਸੀ। ਇਸ ਕੇਸ ਤੋਂ ਬਾਅਦ ਕੰਗਣਾ ਨੇ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਕੰਗਣਾ ਨੇ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਅਤੇ ਕਿਹਾ ਕਿ ਉਸ ਨੂੰ ਨਿੱਜੀ ਤੌਰ ’ਤੇ ਕੋਰਟ ਵਿੱਚ ਪੇਸ਼ ਹੋਣ ਦੀ ਥਾਂ ’ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਮਾਨਯੋਗ ਅਦਾਲਤ ਨੇ ਇਸ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਅਤੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ।















