ਵੀਡੀਓ ਕਾਨਫਰੰਸਿਗ ਨਹੀਂ ਕੰਗਨਾ ਰਾਣੌਤ ਨੂੰ ਖੁਦ ਹੋਣਾ ਪਵੇਗਾ ਪੇਸ਼
- ਅਦਾਲਤ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਪਟੀਸ਼ਨ ਕੀਤੀ ਖਾਰਜ
(ਸੁਖਜੀਤ ਮਾਨ) ਬਠਿੰਡਾ। ਫਿਲਮੀ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਾਣੌਤ ਨੂੰ ਬਠਿੰਡਾ ਦੀ ਅਦਾਲਤ ’ਚ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ ਹੋਣ ਦੀ ਇਜ਼ਾਜਤ ਨਹੀਂ ਮਿਲੀ ਅਦਾਲਤ ਵੱਲੋਂ ਇਸ ਮੰਗ ਵਾਲੀ ਪਟੀਸ਼ਨ ਅੱਜ ਖਾਰਜ਼ ਕਰ ਦਿੱਤੀ ਹੈ ਹੁਣ ਕੰਗਣਾ ਨੂੰ 27 ਅਕਤੂਬਰ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਣਾ ਪਵੇਗਾ।
ਮਾਮਲਾ : ਬਿਰਧ ਕਿਸਾਨ ਮਹਿਲਾ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦਾ
ਵੇਰਵਿਆਂ ਮੁਤਾਬਿਕ ਸਾਲ 2021 ’ਚ ਜਦੋਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਨੇੜੇ ਧਰਨੇ ਲਾਏ ਸੀ ਤਾਂ ਉਸ ਧਰਨੇ ’ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਕਿਸਾਨ ਮਹਿਲਾ ਮਹਿੰਦਰ ਕੌਰ ਵੀ ਸ਼ਾਮਿਲ ਹੋਈ ਸੀ। ਕੰਗਨਾ ਰਾਣੌਤ ਨੇ ਮਹਿੰਦਰ ਕੌਰ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਹ 100-100 ਰੁਪਏ ਲੈ ਕੇ ਧਰਨੇ ’ਚ ਸ਼ਾਮਿਲ ਹੋਈਆਂ ਹਨ। ਕੰਗਨਾ ਦੀ ਇਸ ਟਿੱਪਣੀ ਨੂੰ ਆਪਣਾ ਅਪਮਾਨ ਮਹਿਸੂਸ ਕਰਦਿਆਂ ਮਹਿੰਦਰ ਕੌਰ ਵੱਲੋਂ ਮਾਣਯੋਗ ਬਠਿੰਡਾ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Labor Protest: ਕੇਂਦਰ ਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ
ਕੰਗਣਾ ਨੇ ਮਾਣਹਾਨੀ ਦਾ ਇਹ ਮਾਮਲਾ ਰੱਦ ਕਰਨ ਲਈ ਪਹਿਲਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਫਿਰ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕੀਤੀ ਸੀ ਪਰ ਦੋਵਾਂ ਹੀ ਅਦਾਲਤਾਂ ’ਚੋਂ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪਈ ਸੀ ਇਸ ਮਾਮਲੇ ਦੀ ਹੁਣ ਬਠਿੰਡਾ ’ਚ ਮੁੜ ਤੋਂ ਸੁਣਵਾਈ ਹੋਣ ਲੱਗੀ ਹੈ ਮਾਣਯੋਗ ਅਦਾਲਤ ਨੇ ਅੱਜ ਹੋਈ ਸੁਣਵਾਈ ਦੌਰਾਨ ਕੰਗਨਾ ਰਾਣੌਤ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਲਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ 27 ਅਕਤੂਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ।