ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਥਾਣਾ ਮੱਲਾਂਵਾਲਾ ਪੁਲਿਸ ਵੱਲੋਂ ਬੀਤੇ ਦਿਨ ਨਾਮਜ਼ਦਗੀਆਂ ਭਰਨ ਮੌਕੇ ਹੋਏ ਝਗੜੇ ਦੇ ਮਾਮਲੇ ਵਿੱਚ ਅਕਾਲੀ ਭਾਜਪਾ ਆਗੂਆਂ ਸਮੇਤ 80-90 ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ ਥਾਣਾ ਮੱਲਾਂਵਾਲਾ ਪੁਲਿਸ ਵੱਲੋਂ ਕਾਂਗਰਸੀ ਆਗੂ ਸਤਪਾਲ ਚਾਵਲਾ ਦੇ ਬਿਆਨਾਂ ‘ਤੇ ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ, ਵਰਦੇਵ ਸਿੰਘ ਨੋਨੀ ਮਾਨ ਸੀਨੀਅਰ ਅਕਾਲੀ ਆਗੂ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਬਲਵਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਜੁਗਰਾਜ ਸਿੰਘ ਕਟੋਰਾ ਸਾਬਕਾ ਚੈਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ, ਗੁਰਲਾਲ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਜਸਵਿੰਦਰ ਸਿੰਘ, ਮਨਮੋਹਨ ਸਿੰਘ, ਜਗਮੋਹਨ ਸਿੰਘ, ਜੋਗਾ ਸਿੰਘ, ਅਨੂਪ ਸਿੰਘ, ਕੁਲਦੀਪ ਸਿੰਘ ਅਤੇ ਗੰਨਮੈਨ ਧੀਰਜ ਸਿੰਘ ਸਮੇਤ 80-90 ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਨੰਬਰ 114 ਅਧੀਨ ਧਾਰਾ 307, 506, 120-ਬੀ, 148,149, 25,27 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ
ਕਾਂਗਰਸੀ ਆਗੂ ਸਤਪਾਲ ਚਾਵਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਆਪਣੀ ਮਾਤਾ ਰੂਪ ਰਾਣੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਿਆ ਸੀ ਅਤੇ ਜ਼ੀਰਾ ਰੋਡ ‘ਤੇ ਰਸਤੇ ‘ਚ ਅਜੇ ਕੁਮਾਰ ਨੇ ਆਪਣੇ ਪੈਟਰੋਲ ਪੰਪ ਤੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਸੀ ਇਸ ਦੌਰਾਨ ਉਕਤ ਅਕਾਲੀ ਆਗੂ ਫੋਰਚੂਨਰ ਗੱਡੀ ‘ਚ ਸਵਾਰ ਹੋ ਕੇ ਅਤੇ ਜਿਨ੍ਹਾਂ ਦੇ ਪਿੱਛੇ ਵੱਡੀ ਗਿਣਤੀ ‘ਚ ਅਕਾਲੀ ਵਰਕਰ ਆ ਰਹੇ ਸਨ ਅਤੇ ਆਉਂਦਿਆਂ ਹੀ ਅਵਤਾਰ ਸਿੰਘ ਜ਼ੀਰਾ ਆਦਿ ਦੇ ਕਹਿਣ ‘ਤੇ ਬਲਵਿੰਦਰ ਸਿੰਘ ਅਤੇ ਹੋਰਾਂ ਨੇ ਪੁਰਾਣੀ ਰੰਜਿਸ਼ ਕੱਢਦੇ ਹੋਏ ਮਾਰਨ ਦੀ ਨੀਯਤ ਨਾਲ ਇੱਟਾਂ ਰੋੜੇ ਅਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀ ਮੇਰੇ ਅਤੇ ਮੇਰੇ ਸਾਥੀ ਅੰਗਰੇਜ਼ ਸਿੰਘ ਦੇ ਕੰਨਾਂ ਕੋਲੋਂ ਲੰਘੇ ਅਤੇ ਅਸੀਂ ਬੈਠ ਕੇ ਜਾਨ ਬਚਾਈ । ਸਤਪਾਲ ਚਾਵਲਾ ਦੇ ਬਿਆਨਾਂ ‘ਤੇ ਥਾਣਾ ਮੱਲਾਵਾਲਾਂ ਪੁਲਿਸ ਵੱਲੋਂ ਉਕਤ ਅਕਾਲੀ ਵਰਕਰਾਂ ਸਮੇਤ ਹੋਰ 80-90 ਵਰਕਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। (Ferozepur News)