ਹਿੰਮਤ ਹੈ ਤਾਂ ਸਾਡੇ ‘ਤੇ ਕਰੋ ਪਰਚਾ : ਸੁਖਬੀਰ ਬਾਦਲ

Protest, Shiromani Akali Dal, Municipal Election, Sukhbir Singh badal

ਮੱਲਾਂਵਾਲਾ ਘਟਨਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ | Sukhbir Badal

  • ਸੁਖਬੀਰ ਬਾਦਲ ਸਮੇਤ ਕਈ ਸੀਨੀਅਰ ਆਗੂ ਹੋਏ ਸ਼ਾਮਲ
  • ਸੁਖਬੀਰ ਬਾਦਲ ਵੱਲੋਂ ਹਰੀਕੇ ਹੈੱਡ ‘ਤੇ ਅਣਮਿੱਥੇ ਸਮੇਂ ਤੱਕ ਧਰਨਾ ਦੇਣ ਦਾ ਐਲਾਨ

ਫਿਰੋਜ਼ਪੁਰ (ਸਤਪਾਲ ਥਿੰਦ)। ਬੀਤੇ ਦਿਨ ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦਗੀਆਂ ਪਿਛੋਂ ਕਸਬਾ ਮੱਲਾਂਵਾਲਾ ‘ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਕਾਰ ਹੋਈ ਹਿੰਸਕ ਘਟਨਾ ਤੋਂ ਬਾਅਦ ਥਾਣਾ ਮੱਲਾਂ ਵਾਲਾ ਪੁਲਿਸ ਵੱਲੋਂ ਕਾਂਗਰਸੀ ਆਗੂ ਦੇ ਬਿਆਨਾਂ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ 80-90 ਅਕਾਲੀ ਵਰਕਰਾਂ ‘ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਅਤੇ ਇਨਸਾਫ਼ ਲਈ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਐੱਸਪੀ ਦਫ਼ਤਰ ਫਿਰੋਜ਼ਪੁਰ ਸਾਹਮਣੇ ਧਰਨਾ ਦਿੱਤਾ ਗਿਆ ਇਸ ਧਰਨੇ ਵਿਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਕਈ ਸੀਨੀਅਰ ਅਕਾਲੀ ਆਗੂ ਸ਼ਾਮਲ ਹੋਏ। (Sukhbir Badal)

ਕੁਝ ਸਮੇਂ ਲਈ ਫਿਰੋਜ਼ਪੁਰ -ਫਾਜ਼ਿਲਕਾ ਰੋਡ ਜਾਮ ਕਰਕੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਿਰਫ਼ 9 ਮਹੀਨੇ ਪਹਿਲਾਂ ਸੱਤਾ ‘ਚ ਆਈ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅੰਦਰ ਮਿਉਂਸੀਪਲ ਚੋਣਾਂ ਦਾ ਸਾਹਮਣਾ ਕਰਨ ਦਾ ਹੌਂਸਲਾ ਨਹੀਂ ਹੈ ਉਹਨਾਂ ਕਿਹਾ ਕਿ ਸਰਕਾਰ ਦੁਆਰਾ ਅਜਿਹੀਆਂ ਕੋਝੀਆਂ ਹਰਕਤਾਂ ਉੱਤੇ ਉੱਤਰ ਆਉਣਾ ਆਪਣੇ ਆਪ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਹਨਾਂ ਨੇ ਲਲਕਾਰਦੇ ਹੋਏ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਪਰਚਾ ਦਰਜ ਕਰ ਰਹੇ ਹਨ ਜੇ ਹਿੰਮਤ ਹੈ ਤਾਂ ਮੇਰੇ ‘ਤੇ ਪਰਚਾ ਦਰਜ ਕਰਕੇ ਦਿਖਾਉਣ । ਉਹਨਾਂ ਕਿਹਾ ਕਿ ਕਾਂਗਰਸੀਆਂ ਦੀਆਂ ਹੋਰ ਧੱਕੀਆਂ ਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (Sukhbir Badal)

ਇਸ ਮੌਕੇ ਉਹਨਾਂ ਨੇ ਇਨਸਾਫ਼ ਨਾ ਮਿਲਣ ਅਤੇ ਅਕਾਲੀ ਦਲ ਵਰਕਰਾਂ ‘ਤੇ ਕੀਤੇ ਪਰਚੇ ਨੂੰ ਰੱਦ ਕਰਵਾਉਣ ਤੱਕ ਹਰੀਕੇ ਹੈੱਡ ‘ਤੇ ਧਰਨਾ ਲਗਾਉਣ ਦਾ ਐਲਾਨ ਕੀਤਾ, ਜਿਸਦੇ ਬਾਅਦ ਧਰਨੇ ਤੋਂ ਉੱਠ ਕੇ ਸਾਰੇ ਅਕਾਲੀ ਵਰਕਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਪਿੱਛੇ ਹਰੀਕੇ ਹੈੱਡ ਵੱਲ ਰਵਾਨਾ ਹੋ ਗਏ, ਜਿੱਥੇ ਧਰਨਾ ਲਗਾ ਕੇ ਨੈਸ਼ਨਲ ਮਾਰਗ ਜਾਮ ਕੀਤਾ ਗਿਆ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੰਬੋਧਨ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਮਜੀਠਿਆ ਤੋਂ ਇਲਾਵਾ ਹੋਰ ਸੀਨੀਅਰ ਆਗੂਆਂ ਵੱਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।