ਹੋਟਲ ’ਚ ਪ੍ਰਵਾਸੀ ਭਾਰਤੀਆਂ ਨਾਲ ਕੀਤੀ ਮੁਲਾਕਾਤ
- ਟੋਕੀਓ ਦੇ ਕਲਾਕਾਰਾਂ ਨੇ ਗਾਇਤਰੀ ਮੰਤਰ ਨਾਲ ਕੀਤਾ ਸੁਆਗਤ
ਨਵੀਂ ਦਿੱਲੀ/ਟੋਕੀਓ (ਏਜੰਸੀ)। ਪੀਐਮ ਮੋਦੀ ਸ਼ੁੱਕਰਵਾਰ ਸਵੇਰੇ 2 ਦਿਨਾਂ ਦੇ ਜਾਪਾਨ ਦੌਰੇ ’ਤੇ ਪਹੁੰਚੇ। ਪ੍ਰਧਾਨ ਮੰਤਰੀ ਵਜੋਂ ਇਹ ਮੋਦੀ ਦਾ 8ਵਾਂ ਜਾਪਾਨ ਦੌਰਾ ਹੈ। ਸਥਾਨਕ ਕਲਾਕਾਰਾਂ ਨੇ ਟੋਕੀਓ ਦੇ ਇੱਕ ਹੋਟਲ ’ਚ ਗਾਇਤਰੀ ਮੰਤਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ। ਪੀਐਮ ਮੋਦੀ ਇੱਥੇ 15ਵੇਂ ਭਾਰਤ-ਜਾਪਾਨ ਸਾਲਾਨਾ ਸੰਮੇਲਨ ’ਚ ਹਿੱਸਾ ਲੈਣਗੇ। ਇਸ ਕਾਨਫਰੰਸ ’ਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਹੋਵੇਗੀ। ਜਾਣ ਤੋਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਸ ਦੌਰੇ ਦਾ ਉਦੇਸ਼ ਭਾਰਤ ਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਕ ਤੇ ਗਲੋਬਲ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਜਾਪਾਨ ਤੋਂ ਬਾਅਦ, ਮੋਦੀ 31 ਅਗਸਤ ਨੂੰ ਚੀਨ ਪਹੁੰਚਣਗੇ।
ਇਹ ਖਬਰ ਵੀ ਪੜ੍ਹੋ : Indian Railway News: ਜੰਮੂ ’ਚ ਫਸੇ ਯਾਤਰੀਆਂ ਨੂੰ ਰੇਲਵੇ ਨੇ ਦਿੱਤੀ ਵਿਸ਼ੇਸ਼ ਸਹੂਲਤ, ਪੜ੍ਹੋ ਪੂਰੀ ਖਬਰ
ਪੀਐਮ ਮੋਦੀ ਅੱਜ ਸੁਰੱਖਿਆ, ਰੱਖਿਆ ਤੇ ਵਪਾਰ ਬਾਰੇ ਕਰਨਗੇ ਗੱਲ
ਮੋਦੀ ਅੱਜ ਸਾਲਾਨਾ ਕਾਨਫਰੰਸ ਦੌਰਾਨ ਪੀਐਮ ਇਸ਼ੀਬਾ ਨਾਲ ਸੁਰੱਖਿਆ, ਰੱਖਿਆ, ਵਪਾਰ ਤੇ ਤਕਨਾਲੋਜੀ ਵਰਗੇ ਮੁੱਦਿਆਂ ’ਤੇ ਚਰਚਾ ਕਰਨਗੇ। ਇਸ ਤੋਂ ਬਾਅਦ, ਦੋਵੇਂ ਰਾਤ ਦਾ ਖਾਣਾ ਖਾਣਗੇ। 30 ਅਗਸਤ ਨੂੰ, ਮੋਦੀ ਜਾਪਾਨ ਦੇ ਮਿਆਗੀ ’ਚ ਫੈਕਟਰੀ ਦਾ ਵੀ ਦੌਰਾ ਕਰਨਗੇ, ਜਿੱਥੇ ਬੁਲੇਟ ਟਰੇਨ ਦੇ ਕੋਚ ਬਣਾਏ ਜਾਂਦੇ ਹਨ। ਜਾਪਾਨੀ ਮੀਡੀਆ ਅਨੁਸਾਰ, ਇਸ ਯਾਤਰਾ ਦੌਰਾਨ, ਜਾਪਾਨ ਭਾਰਤ ’ਚ 10 ਟ੍ਰਿਲੀਅਨ ਯੇਨ ਯਾਨੀ 5.93 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕਰਨ ਜਾ ਰਿਹਾ ਹੈ। ਟਰੰਪ ਦੇ ਭਾਰਤ ’ਤੇ 50 ਫੀਸਦੀ ਟੈਰਿਫ ਲਾਉਣ ਦੇ ਫੈਸਲੇ ਤੋਂ ਬਾਅਦ, ਮੋਦੀ ਦੀ ਇਸ ਯਾਤਰਾ ਨੂੰ ਭਾਰਤ ਦੀ ਰਣਨੀਤਕ ਤੇ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।













