NREGA Workers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਵੱਖ-ਵੱਖ ਪਿੰਡਾਂ ਦੇ ਨਰੇਗਾ ਵਰਕਰਾਂ ਨੇ ਨਰੇਗਾ ਦਾ ਕੰਮ ਲੈਣ ਲਈ ਬੀਡੀਓ ਦਫਤਰ ਪਹੁੰਚ ’ਤੇ ਕੰਮ ਦੀ ਮੰਗ ਕੀਤੀ। ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਂਕੜੇ ਮਜ਼ਦੂਰਾਂ ਨੇ ਮੌਜੂਦਾ ਸਰਕਾਰਾਂ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪੱਪੀ ਸਿੰਘ ਢਿੱਲਵਾਂ, ਗੋਰਾ ਸਿੰਘ ਪਿਪਲੀ ਜ਼ਿਲ੍ਹਾ ਸਕੱਤਰ, ਰੇਸ਼ਮ ਸਿੰਘ ਜਟਾਣਾ ਰੇਸ਼ਮ ਸਿੰਘ ਮੱਤਾ, ਰਾਮ ਸਿੰਘ ਚੈਨਾ ਵੀਰਪਾਲ ਕੌਰ ਮਹਿਲੜ ਆਦਿ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰੇਗਾ ਕਾਨੂੰਨ ਦੀ ਲਗਾਤਾਰ ਉਲੰਘਣਾ ਕਰ ਰਹੀ ਹੈ। ਕੰਮ ਮੰਗਣ ਦੇ ਬਾਵਜ਼ੂਦ ਵੀ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਨਰੇਗਾ ਕੰਮ ਦੀਆਂ ਅਰਜ਼ੀਆਂ ਫੜ ਕੇ ਰਸੀਦ ਨਹੀਂ ਦਿੱਤੀ ਜਾ ਰਹੀ ਜੇਕਰ ਰਸੀਦ ਕੋਲ ਹੋਵੇ ਤਾਂ ਮਜ਼ਦੂਰ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੁੰਦਾ ਹੈ।
ਇਹ ਵੀ ਪੜ੍ਹੋ: Sandhwan Village Protest: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਬੇਰੁਜ਼ਗਾਰ ਸਾਂਝੇ ਮੋਰਚੇ ਪੰਜਾਬ ਦੇ ਮੈਂਬਰ ਵਾਟਰ…


ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਰਸੀਦ ਦੇਣ ਤੋਂ ਭੱਜ ਰਿਹਾ ਹੈ ਜੋ ਕਿ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ। ਇਸ ਸਮੇਂ ਮਜ਼ਦੂਰਾਂ ਨੇ ਸਹਾਇਕ ਪ੍ਰੋਗਰਾਮ ਅਫਸਰ ਨੂੰ ਮੰਗ ਪੱਤਰ ਦਿੱਤਾ ਅਧਿਕਾਰੀ ਨੇ ਮੰਗ ਪੱਤਰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪੁੱਜਦਾ ਕਰਨ ਅਤੇ ਛੇਤੀ ਕੰਮ ਦੇਣ ਦਾ ਭਰੋਸਾ ਦਿੱਤਾ। ਮਜ਼ਦੂਰਾਂ ਨੇ ਚੁਣੌਤੀ ਦਿੱਤੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਵੱਡਾ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਆਗੂਆਂ ਨੇ ਮੰਗ ਕੀਤੀ ਕਿ ਸਾਲ ਵਿੱਚ 200 ਦਿਨ ਕੰਮ ਦਿਤਾ ਜਾਵੇ, 1000 ਦਿਹਾੜੀ ਕੀਤੀ ਜਾਵੇ,ਕੰਮ ਦਿਹਾੜੀ ਦਾ ਸਮਾਂ ਛੇ ਘੰਟੇ ਕੀਤਾ ਜਾਵੇ। ਇਸ ਸਮੇਂ ਹੋਰਾਂ ਤੋਂ ਇਲਾਵਾ ਜਗਸੀਰ ਸਿੰਘ ਮੜਾਕ ਅੰਗਰੇਜ਼ ਸਿੰਘ ਮੜਾਕ, ਸੁਖਦੇਵ ਸਿੰਘ ਕਰੀਰਵਾਲੀ ਚਰਨਜੀਤ ਸਿੰਘ ਬਰਗਾੜੀ ਗੁਰਪ੍ਰੀਤ ਸਿੰਘ ਰੋੜੀਕਪੂਰਾ, ਸੋਮਾ ਰਾਣੀ ਲੰਭ ਵਾਲੀ, ਜੀਤਾ ਸਿੰਘ ਅਜਿੱਤ ਗਿੱਲ, ਕਾਲਾ ਸਿੰਘ ਸਰਾਵਾਂ ਆਦੀ ਆਗੂ ਵੀ ਹਾਜ਼ਰ ਸਨ।