ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ ‘ਚ ਹਾਸਲ ਕੀਤਾ ਟੀਚਾ
ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ ‘ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ ‘ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕਰ ਲਿਆ ਇਸ ਮੈਚ ‘ਚ ਭਾਰਤ ਵੱਲੋਂ ਓਪਨਰ ਸ਼ਿਖਰ ਧਵਨ ਨੇ ਸਾਨਦਾਰ ਬੱਲੇਬਾਜ਼ੀ ਕਰਦੇ ਹੋਏ 90 ਗੇਂਦਾਂ ‘ਚ 20 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਤਾਬੜਤੋੜ 132 ਦੌੜਾਂ ਬਣਾਈਆਂ ਇਸ ਮੈਚ ‘ਚ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਬਾਖੂਬੀ ਸਾਥ ਨਿਭਾਇਆ ਤੇ 82 ਦੌੜਾਂ ਦੀ ਪਾਰੀ ਖੇਡੀ ਤੇ ਜਿੱਤ ਆਪਣੇ ਨਾਂਅ ਕਰ ਲਈ
ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ
ਇਸ ਤੋਂ ਪਹਿਲਾਂ ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ (34 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ (26 ਦੌੜਾਂ ‘ਤੇ ਦੋ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਨੂੰ 43.2 ਓਵਰਾਂ ‘ਚ 216 ਦੌੜਾਂ ‘ਤੇ ਢੇਰ ਕਰ ਦਿੱਤਾ ਸ੍ਰੀਲੰਕਾ ਦੀ ਟੀਮ ਇੱਕ ਸਮੇਂ 25ਵੇਂ ਓਵਰ ‘ਚ ਇੱਕ ਵਿਕਟ ‘ਤੇ 139 ਦੌੜਾਂ ਬਣਾ ਕੇ ਕਾਫੀ ਮਜ਼ਬੂਤ ਸਥਿਤੀ ‘ਚ ਸੀ ਪਰ ਉਸ ਤੋਂ ਬਾਅਦ ਉਸ ਨੇ ਆਪਣੀਆਂ 9 ਵਿਕਟਾਂ ਸਿਰਫ 77 ਦੌੜਾਂ ਜੋੜ ਕੇ ਗੁਆ ਦਿੱਤੀਆਂ ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ ਗਿਆ, ਜਿਨ੍ਹਾਂ ਨੇ ਸ੍ਰੀਲੰਕਾ ਦੇ ਮੱਧਕ੍ਰਮ ਨੂੰ ਢਾਹ ਦਿੱਤਾ
ਭਾਰਤੀ ਗੇਂਦਬਾਜ਼ਾਂ ਨੇ 24 ਓਵਰ ਦੀ ਖੇਡ ਤੋਂ ਬਾਅਦ ਜਬਰਦਸਤ ਵਾਪਸੀ ਕੀਤੀ ਅਤੇ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ ਪਟੇਲ ਨੇ 10 ਓਵਰਾਂ ‘ਚ 34 ਦੌੜਾਂ ‘ਤੇ ਤਿੰਨ ਵਿਕਟਾਂ, ਜਾਧਵ ਨੇ ਪੰਜ ਓਵਰਾਂ ‘ਚ 26 ਦੌੜਾਂ ‘ਤੇ ਦੋ ਵਿਕਟਾਂ, ਜਸਪ੍ਰੀਤ ਬੁਮਰਾਹ ਨੇ 6.2 ਓਵਰਾਂ ‘ਚ 22 ਦੌੜਾਂ ‘ਤੇ ਦੋ ਵਿਕਟਾਂ ਅਤੇ ਯੁਜਵਿੰਦਰ ਚਹਿਲ ਨੇ 10 ਓਵਰਾਂ ‘ਚ 60 ਦੌੜਾਂ ‘ਤੇ ਦੋ ਵਿਕਟਾਂ ਲਈਆਂ
ਸ੍ਰੀਲੰਕਾ ਵੱਲੋਂ ਓਪਨਰ ਨਿਰੋਸ਼ਨ ਡਿਕਵੇਲਾ ਨੇ 74 ਗੇਂਦਾਂ ‘ਚ ਅੱਠ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜਿਆਦਾ 64 ਦੌੜਾਂ ਬਣਾਈਆਂ ਜਾਧਵ ਨੇ ਡਿਕਵੇਲਾ ਨੂੰ ਲੱਤ ਅੜਿੱਕਾ ਕਰਨ ਦੇ ਨਾਲ ਹੀ ਮੇਜ਼ਬਾਨ ਟੀਮ ਨੂੰ ਢਾਹੁਣ ਦਾ ਰਸਤਾ ਖੋਲ੍ਹ ਦਿੱਤਾ ਜਾਧਵ ਨੇ ਸ੍ਰੀਲੰਕਾ ਦੇ ਕਪਤਾਨ ਉਪਲ ਤਰੰਗਾ (13) ਦੀ ਵਿਕਟ ਵੀ ਝਟਕੀ ਪਟੇਲ ਨੇ ਕੁਸ਼ਲ ਮੈਂਡਿਸ (36), ਵਾਨਿੰਦੁ ਹਸਾਰੰਗਾ (02) ਅਤੇ ਲਕਸ਼ਮਣ ਸੰਦਾਕਨ (05) ਦੀਆਂ ਵਿਕਟਾਂ ਝਟਕੀਆਂ ਤੇਜ ਗੇਂਦਬਾਜ਼ ਬੁਮਰਾਹ ਨੇ ਹੇਠਲੇ ਕ੍ਰਮ ‘ਚ ਤਿਸ਼ਾਰਾ ਪਰੇਰਾ (00) ਅਤੇ ਵਿਸ਼ਵਾ ਫਰਨਾਂਡੋ (00) ਨੂੰ ਆਊਟ ਕੀਤਾ ਲੈੱਗ ਸਪਿੱਨਰ ਚਹਿਲ ਨੇ ਓਪਨਰ ਦਾਨੁਸ਼ਕਾ ਗੁਣਾਤਿਲਕੇ 35 ਅਤੇ ਲਸਿਤ ਮਲਿੰਗਾ 08 ਦੀਆਂ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।