ਮੌਜ਼ੂਦਾ ਸਰਕਾਰ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ : ਸੁਖਬੀਰ

Punjab Government, Congress, SAD, Sukhbir Badal, CM, Amarinder Singh

ਹਰਪਾਲ ਸਿੰਘ, ਲੌਂਗੋਵਾਲ:ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 32ਵੀਂ ਸਲਾਨਾ ਬਰਸੀ ਮੌਕੇ ਅਕਾਲੀ ਭਾਜਪਾ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ–ਭਾਜਪਾ ਸਰਕਾਰ ਮੌਕੇ ਹੋਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਕਿਹਾ

ਲੋਕਾਂ ਦੀ ਕਸਵੱਟੀ ‘ਤੇ ਫੇਲ੍ਹ ਸਾਬਤ ਹੋਈ ਸਰਕਾਰ

ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਕੁੱਝ ਹੀ ਮਹੀਨਿਆਂ ਵਿੱਚ ਲੋਕਾਂ ਦੀ ਕਸਵੱਟੀ ‘ਤੇ ਫੇਲ੍ਹ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ–ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਜਿਹੜੀਆਂ ਵੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਨ, ਉਹ ਮੌਜ਼ੂਦਾ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਰੇਤ ਮਾਫੀਆ ਵਰਗੇ ਝੂਠੇ ਦੋਸ਼ ਲਾਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਕੇਵਲ ਇੱਕ ਹੀ ਮੰਤਰੀ ਨੇ ਰੇਤ ਦੇ ਠੇਕੇ ਲੈ ਲਏ ਹਨ ਜਿਹੜਾ ਟਰੱਕ ਅਕਾਲੀ ਸਰਕਾਰ ਸਮੇਂ ਪੰਦਰਾਂ ਹਜ਼ਾਰ ਰੁਪਏ ਵਿੱਚ ਮਿਲਦਾ ਸੀ ਉਹ ਟਰੱਕ ਹੁਣ ਪੰਤਾਲੀ ਹਜ਼ਾਰ ਰੁਪਏ ਦਾ ਹੋ ਗਿਆ ਹੈ। ਕਿਸਾਨਾਂ ਦੇ ਕਰਜੇ ਮੁਆਫ ਕਰਨ ਵਰਗੇ ਹੋਰ ਕਈ ਝੂਠੇ ਵਾਅਦਿਆਂ ਨਾਲ ਬਣੀ ਕਾਂਗਰਸ ਸਰਕਾਰ ਮੌਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ।

ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਕਿਸੇ ਸਮੇਂ ਸਮੁੱਚੇ ਦੇਸ ਵਾਸੀਆਂ ਦਾ ਢਿੱਡ ਭਰਦਾ ਸੀ ਪਰ ਉਹੀ ਕਿਸਾਨ ਅੱਜ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ ਜੋ ਕਿ ਅਤਿ ਨਿੰਦਣ ਯੋਗ ਹੈ। ਉਨ੍ਹਾਂ ਕਿਹਾ ਕਿ ਕਿ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਇੱਕ ਅਸਫਲ ਵਿੱਤ ਮੰਤਰੀ ਸਾਬਤ ਹੋਇਆ ਹੈ। ਆਪਣੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਵੱਲੋਂ ਜੋ ਵੀ ਫੈਸਲੇ ਲਏ ਗਏ ਹਨ ਉਹ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹਨ।

ਕਾਨਫਰੰਸ ਨੂੰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ ਚੰਦ ਗਰਗ, ਇਕਬਾਲ ਸਿੰਘ ਝੂੰਦਾ, ਮੁਹੰਮਦ ਉਵੈਸ, ਅਜੀਤ ਸਿੰਘ ਸਾਂਤ, ਸੁਰਿੰਦਰਪਾਲ ਸਿੰਘ ਸਿਬੀਆ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਬਰਨਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੀਆਰਟੀਸੀ ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।