Punjab News: ਮਹਿਲ ਕਲਾਂ (ਸੱਚ ਕਹੂੰ ਨਿਊਜ਼)। ਪੁਲਿਸ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਬੀਤੀ ਰਾਤ ਇੱਕ ਪਤੀ ਪਤਨੀ ਦੀ ਅੱਗ ਨਾਲ ਸੜ ਜਾਣ ਕਰਕੇ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰੂਪ ਸਿੰਘ 49 ਸਾਲ ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਆਪਣੇ ਘਰ ਕਮਰੇ ’ਚ ਸੌਂ ਰਹੇ ਸਨ ਤਾਂ ਅਚਾਨਕ ਕਮਰੇ ਅੱਗ ਲੱਗ ਜਾਣ ਕਰਕੇ ਦੋਵਾਂ ਦੀ ਸੜਨ ਨਾਲ ਦਰਦਨਾਕ ਮੌਤ ਹੋ ਗਈ।
ਅੱਗ ਐਨੀ ਭਿਆਨਕ ਸੀ ਕਿ ਜਗਰੂਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੋਂ ਅੱਗੇ ਫਰੀਦਕੋਟ ਰੈਫ਼ਰ ਕਰ ਦਿੱਤਾ ਪ੍ਰੰਤੂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨ ਭਾਵੇਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਉਣਗੇ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਅੱਗ ਕਮਰੇ ’ਚ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਲੱਗੀ। Punjab News
Read Also : Punjab Weather: ਸਵੇਰੇ-ਸਵੇਰੇ ਮੌਸਮ ਵਿਭਾਗ ਦਾ Alert, ਪੰਜਾਬ ਦੇ 10 ਜ਼ਿਲ੍ਹੇ ਰਹਿਣ ਤਿਆਰ
ਇਹ ਘਟਨਾ ਅੱਧੀ ਰਾਤ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ ਜਦੋਂ ਜਗਰੂਪ ਸਿੰਘ ਦੇ ਘਰ ਦੇ ਨੇੜੇ ਛੱਤ ਉੱਪਰ ਸੁੱਤਾ ਪਿਆ ਇਕ ਨੌਜਵਾਨ ਮੀਂਹ ਆਉਣ ਕਰਕੇ ਅਚਾਨਕ ਉੱਠਿਆ ਤਾਂ ਉਸ ਨੇ ਜਗਰੂਪ ਸਿੰਘ ਦੇ ਘਰੋਂ ਧੂੰਏ ਦੇ ਗੁਬਾਰ ਉਠਦੇ ਦੇਖੇ ਅਤੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ। ਨੌਜਵਾਨ ਦਾ ਰੌਲਾ ਸੁਣ ਕੇ ਮੌਕੇ ’ਤੇ ਪੁੱਜੇ ਲੋਕਾਂ ਨੇ ਦੇਖਿਆ ਕਿ ਜਗਰੂਪ ਸਿੰਘ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਤੜਫ ਰਹੀ ਸੀ ਜਿਸ ਨੂੰ ਲੋਕ ਹਸਪਤਾਲ ਲੈ ਕੇ ਗਏ ਪਰੰਤੂ ਰਸਤੇ ਵਿੱਚ ਉਸ ਦੀ ਵੀ ਮੌਤ ਹੋ ਗਈ।
Punjab News
ਜਗਰੂਪ ਸਿੰਘ ਅਤੇ ਅੰਗਰੇਜ਼ ਕੌਰ ਦਾ ਇੱਕ ਸੱਤ ਕੁ ਸਾਲ ਦਾ ਪੁੱਤਰ ਵੀ ਹੈ ਜੋ ਖੁਸ਼ਕਿਸਮਤੀ ਨਾਲ ਬੀਤੀ ਰਾਤ ਆਪਣੇ ਚਾਚੇ ਦੇ ਘਰ ਸੁੱਤਾ ਸੀ ਜਿਸ ਕਰਕੇ ਉਹ ਬਚ ਗਿਆ। ਜਗਰੂਪ ਸਿੰਘ ਦੇ ਕਮਰੇ ’ਚ ਅੱਗ ਲੱਗਣ ਤੋਂ ਬਾਅਦ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਨੇ ਚੀਕਾਂ ਤਾਂ ਬਹੁਤ ਮਾਰੀਆਂ ਪ੍ਰੰਤੂ ਗਰਮੀ ਕਾਰਨ ਲੋਕ ਏਸੀ ਚਲਾ ਕੇ ਅੰਦਰ ਸੁੱਤੇ ਹੁੰਦੇ ਹਨ ਜਾਂ ਫਿਰ ਕੂਲਰਾਂ ਦੀ ਆਵਾਜ਼ ਵਿੱਚ ਕਿਸੇ ਨੂੰ ਵੀ ਜਗਰੂਪ ਸਿੰਘ ਤੇ ਉਸ ਦੀ ਪਤਨੀ ਦੀਆਂ ਚੀਕਾਂ ਨਹੀਂ ਸੁਣੀਆਂ।
ਜਗਰੂਪ ਸਿੰਘ ਦੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਦੀਆਂ ਚੀਕਾਂ ਪੂਰੀ ਤਰ੍ਹਾਂ ਸੁਣਾਈ ਦੇ ਰਹੀਆਂ ਹਨ। ਜਗਰੂਪ ਸਿੰਘ ਇੱਕ ਬਾਂਹ ਤੋਂ ਅਪਾਹਜ ਸੀ ਅਤੇ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ। ਇਸ ਦਰਦ ਨਾਲ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਦੇ ਐਸਐਚਓ ਕਰਮਜੀਤ ਕੌਰ ਨੇ ਕਿਹਾ ਕਿ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ।