Teachers Protest: ਮੀਟਿੰਗ ਨਾ ਹੋਣ ਤੋਂ ਖਫ਼ਾ ਕੱਚੇ ਅਧਿਆਪਕਾਂ ਨੇ ਮੁੜ ਫ਼ਿਰੋਜ਼ਪੁਰ ਰੋਡ ਕੀਤਾ ਜਾਮ

Teachers Protest
ਲੁਧਿਆਣਾ ਵਿਖੇ ਪੀਏਯੂ ਦੇ ਗੇਟ ਨੰਬਰ- ਇੱਕ ਦੇ ਸਾਹਮਣੇ ਸੜਕ ਜਾਮ ਕਰਕੇ ਪ੍ਰਦਰਸ਼ਨ ਕਰਦੇ ਹੋਏ ਕੱਚੇ ਅਧਿਆਪਕ। ਤਸਵੀਰ : ਗਹਿਲ

Teachers Protest: (ਜਸਵੀਰ ਸਿੰਘ ਗਹਿਲ) ਲੁਧਿਆਣਾ। ਬੀਤੇ ਦਿਨੀ ਪ੍ਰਦਰਸ਼ਨ ਦੌਰਾਨ ਮਿਲੇ ਸਮੇਂ ’ਤੇ ਮੀਟਿੰਗ ਨਾ ਹੋਣ ਤੋਂ ਖਫ਼ਾ ਕੱਚੇ ਅਧਿਆਪਕਾਂ ਨੇ ਸ਼ਨਿੱਚਰਵਾਰ ਮੁੜ ਲੁਧਿਆਣਾ-ਫ਼ਿਰੋਜ਼ਪੁਰ ਰੋਡ ਜਾਮ ਕੀਤਾ। ਜਿੱਥੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ’ਚ ਸੈਂਕੜੇ ਕੱਚੇ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਵਿਕਾਸ ਸਾਹਨੀ, ਮੀਤ ਪ੍ਰਧਾਨ ਗੁਰਮੁੱਖ ਸਿੰਘ ਤੇ ਸਕੱਤਰ ਕਿਰਨਾ ਕੌਰ ਨੇ ਕਿਹਾ ਕਿ ਉਹ 2016 ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਹਨ। ਸੱਤਾ ’ਚ ਆਈ ਹਰ ਸਰਕਾਰ ਨੇ ਉਨਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ। ਸਮਾਂ ਬੀਤਿਆ ਤੇ 2022 ਦੀਆਂ ਚੋਣਾਂ ਵੇਲੇ ਭਗਵੰਤ ਸਿੰਘ ਮਾਨ ਨੇ ਉਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਪਰ ਫ਼ਿਰ ਇੱਕ ਵਾਰ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ।

ਇਹ ਵੀ ਪੜ੍ਹੋ: WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ

ਭਗਵੰਤ ਮਾਨ ਨੇ ਉਨਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ, ਉਨਾਂ ਨੂੰ ਮਿਲਣ ਲਈ ਮੀਟਿੰਗ ਤੱਕ ਵੀ ਨਹੀਂ ਦਿੱਤੀ। ਸੜਕ ਜਾਮ ਦੀ ਜਾਣਕਾਰੀ ਮਿਲਦਿਆਂ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਰਿੰਦਰ ਗੋਇਲ ਤੇ ਡਾ. ਰਵਜੋਤ ਸਿੰਘ ਆਦਿ ਪ੍ਰਦਰਸ਼ਨਕਾਰੀਆਂ ਵਿਚਕਾਰ ਪਹੁੰਚੇ ਤੇ ਉਨਾਂ ਕੱਚੇ ਅਧਿਆਪਕਾਂ ਦੀ 15 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਜਰੂਰ ਪੂਰੇ ਕਰੇਗੀ। ਉਹ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਨਾ ਲਾਉਣ। Teachers Protest

ਕੱਚੇ ਅਧਿਆਪਕਾਂ ਨੇ ਕੈਬਨਿਟ ਮੰਤਰੀ ਨੂੰ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਉਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ‘ਜਿੰਦਾਬਾਦ’ ਦੇ ਨਾਅਰਿਆਂ ਲਾਉਂਦੇ ਹੋਏ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਪ੍ਰੀਤਇੰਦਰ ਕੌਰ ਲੁਧਿਆਣਾ, ਰੁਪਿੰਦਰ ਕੌਰ, ਰਜਵੰਤ ਕੌਰ, ਵਰੁਣ ਖੇੜਾ, ਜਸਵਿੰਦਰ ਕੌਰ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਵੀਰਪਾਲ ਕੌਰ ਆਦਿ ਆਗੂ ਵੀ ਹਾਜ਼ਰ ਸਨ। Teachers Protest