Rainwater Flooding Roads: ਮਾੜੇ ਸਿਸਟਮ ਕਾਰਨ ਸੜਕਾਂ ਡੁੱਬੀਆਂ, ਮੀਂਹ ਦਾ ਪਾਣੀ ਰਾਹਗੀਰਾਂ ਲਈ ਬਣਿਆ ਮੁਸੀਬਤਾਂ

Rainwater Flooding Roads
ਪਟਿਆਲਾ : ਕਸਬਾ ਡਕਾਲਾ ਦੇ ਪੈਟਰੋਲ ਪੰਪ ਤੇ ਮੰਡੀ ਦੇ ਫੜਾਂ ਸਾਹਮਣੇ ਖੜੇ ਮੀਂਹ ਦੇ ਪਾਣੀ ’ਚੋਂ ਲੰਘਦੇ ਵਾਹਨਾਂ ਦਾ ਦ੍ਰਿਸ਼।

ਕਸਬਾ ਡਕਾਲਾ ਦੀਆਂ ਸੜਕਾਂ ’ਤੇ ਖੜ੍ਹਾ ਮੀਂਹ ਦਾ ਪਾਣੀ, ਰਾਹਗੀਰਾਂ ਹੋਏ ਪ੍ਰੇਸ਼ਾਨ

Rainwater Flooding Roads: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ’ਚ ਪੈਦੇ ਕਸਬਾ ਡਕਾਲਾ ’ਚ ਦੇਰ ਰਾਤ ਪਏ ਜ਼ੋਰਦਾਰ ਮੀਹ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇੇ ਇਹ ਮੀਂਹ ਡਕਾਲਾ ਵਾਸੀਆਂ ਅਤੇ ਇਸ ਦੇ ਨੇੜਲੇ ਇਲਾਕੇ ਦੇ ਲੋਕਾਂ ਲਈ ਮੁਸੀਬਤ ਲੈ ਕੇ ਆਇਆ ਹੈ। ਇਸ ਪਏ ਜ਼ੋਰਦਾਰ ਮੀਂਹ ਕਾਰਨ ਹਲਕਾ ਸਮਾਣਾ ਦੇ ਮਸ਼ਹੂਰ ਕਸਬਾ ਡਕਾਲਾ ਦੇ ਸਟੇਡੀਅਮ ਸਾਹਮਣੇ, ਪੈਟਰੋਲ ਪੰਪ ਸਾਹਮਣੇ ਅਤੇ ਕੁੱਝ ਹੋਰ ਥਾਵਾਂ ’ਤੇ ਮੀਂਹ ਦਾ ਪਾਣੀ ਸੜਕ ’ਤੇ ਇੱਕਠਾ ਹੋ ਜਾਂਦਾ ਹੈ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।

ਆਉਦੇ ਜਾਂਦੇ ਰਾਹੀਗਰਾਂ ਨੂੰ ਕਰਨਾ ਪੈਦਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ, ਪਾਣੀ ’ਚ ਬਦਬੂ ਵੀ ਮਾਰਨੀ ਹੋ ਜਾਂਦੀ ਹੈ ਸ਼ੁਰੂ

ਜ਼ਿਕਰਯੋਗ ਹੈ ਕਿ ਕਸਬਾ ਡਕਾਲਾ ’ਚ ਆਪ ਸਰਕਾਰ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵੱਡੇ-ਵੱਡੇ ਲੀਡਰ ਅਤੇ ਅਹੁਦੇਦਾਰ ਹਨ ਅਤੇ ਇਹ ਵੱਡੇ-ਵੱਡੇ ਅਹੁਦੇਦਾਰ ਅਤੇ ਲੀਡਰ ਪਿੰਡ ਡਕਾਲਾ ਤੋਂ ਹੀ ਹਨ। ਪਰ ਕਸਬਾ ਡਕਾਲਾ ਦੀ ਇਹ ਹਾਲਤ ਦੇਖ ਕੇ ਦੀਵੇ ਥੱਲੇ ਹਨ੍ਹੇਰਾ ਵਾਲੀ ਕਹਾਵਤ ਯਾਦ ਆ ਜਾਂਦੀ ਹੈ। ਕਸਬਾ ਡਕਾਲਾ ਨੇੜੇ ਦੇ ਆਸ-ਪਾਸ ਦੇ ਦਰਜਨ ਤੋਂ ਵਧੇਰੇ ਪਿੰਡਾਂ ਨੂੰ ਸ਼ਹਿਰ ਪਟਿਆਲਾ ਨਾਲ ਜੋੜਦੀ ਇਸ ਸੜਕ ’ਤੇ ਥਾਂ-ਥਾਂ ਖੜ੍ਹਦਾ ਮੀਹ ਦਾ ਪਾਣੀ ਲੋਕਾਂ ਨੂੰ ਮੁਸੀਬਤਾਂ ਦਾ ਕਾਰਨ ਬਣਦਾ ਹੈ ਅਤੇ ਮੀਂਹ ਦਾ ਇਹ ਪਾਣੀ ਕਿਸੇ ਪਾਸੇ ਨਾ ਨਿਕਲਣ ਕਾਰਨ ਇੱਕ ਹਫਤੇ ਵਾਂਗ ਸੜਕ ’ਤੇ ਇਸੇ ਤਰ੍ਹਾਂ ਹੀ ਖੜਿਆ ਰਹਿੰਦਾ ਹੈ। ਪੰਜਾਬ ਨੈਸ਼ਨਲ ਬੈਂਕ ’ਚ ਆਉਦੇ ਗਾਹਕਾਂ ਤੇ ਕਰਮਚਾਰੀਆਂ ਨੂੰ ਇਸ ਖੜੇ ਗੰਦੇ ਪਾਣੀ ਦੇ ਕਾਰਨ ਕਾਫੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਇੱਕਠੇ ਹੋਏ ਮੀਂਹ ਦੇ ਗੰਦੇ ਪਾਣੀ ’ਚ ਬਦਬੂ ਵੀ ਮਾਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: JEE Results 2025: ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥੀ ਜੇ.ਈ.ਈ. ਐਡਵਾਂਸ ਪ੍ਰੀਖਿਆ ਛਾਏ

ਇਸ ਸਬੰਧੀ ਜਦੋਂ ਰਾਹਗੀਰ ਸਤਨਾਮ ਸਿੰਘ, ਗੁਰਦੀਪ ਸਿੰਘ, ਹੈਪੀ ਸਿੰਘ, ਹੰਸਰਾਜ ਸਿੰਘ, ਗੁਰਵਿੰਦਰ ਸਿੰਘ, ਭਗਵੰਤ ਸਿੰਘ, ਨਿਰਭੈ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਸ਼ਹਿਰ ਨੂੰ ਜਾਣ ਲਈ ਇਹੀ ਇੱਕ ਮੁੱਖ ਸੜਕ ਹੈ, ਜਿਸ ’ਤੇ ਹਰ ਤੀਜੇ ਦਿਨ ਮੀਂਹ ਪੈਣ ਕਾਰਨ ਮੀਂਹ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਫਿਰ ਹਫਤਾ-ਹਫਤਾ ਸੁੱਕਦਾ ਨਹੀਂ। ਇਸ ਕਾਰਨ ਦੁਪਹੀਆ ਵਾਹਨਾਂ ਵਾਲੇ ਚਾਲਕਾਂ ਜਿਆਦਾ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਦਿਨ ਦਾ ਸਾਡੇ ਹਲਕਾ ਡਕਾਲਾ ਨੂੰ ਤੋੜ ਕੇ ਇਸ ਦੇ ਪਿੰਡਾਂ ਨੂੰ ਸਨੌਰ ਅਤੇ ਸਮਾਣੇ ਹਲਕੇ ਵਿੱਚ ਪਾਇਆ ਗਿਆ ਹੈ ਉਸ ਦਿਨ ਤੋਂ ਬਾਅਦ ਕਸਬਾ ਡਕਾਲਾ ਅਤੇ ਇਸ ਦੇ ਨੇੜਲੇ ਪਿੰਡਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਇਲਾਕਾ ਵਾਸੀਆਂ ਨੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੋਂ ਇਹ ਮੰਗ ਕੀਤੀ ਹੈ ਕਿ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਕਿ ਲੋਕ ਅਪਣਾ ਜੀਵਨ ਸੁਚੱਜੇ ਢੰਗ ਨਾਲ ਗੁਜ਼ਾਰ ਸਕਣ। Rainwater Flooding Roads

Rainwater Flooding Roads
ਪਟਿਆਲਾ : ਕਸਬਾ ਡਕਾਲਾ ਦੇ ਪੈਟਰੋਲ ਪੰਪ ਤੇ ਮੰਡੀ ਦੇ ਫੜਾਂ ਸਾਹਮਣੇ ਖੜੇ ਮੀਂਹ ਦੇ ਪਾਣੀ ’ਚੋਂ ਲੰਘਦੇ ਵਾਹਨਾਂ ਦਾ ਦ੍ਰਿਸ਼।

ਸੜਕ ’ਤੇ ਖੜੇ ਮੀਂਹ ਦੇ ਪਾਣੀ ਕਾਰਨ ਦੁਕਾਨਦਾਰੀ ਹੁੰਦੀ ਹੈ ਪ੍ਰਭਾਵਿਤ : ਦੁਕਾਨਦਾਰ

ਇਸ ਸਬੰਧੀ ਜਦੋਂ ਡਕਾਲਾ ਦੇ ਕੁੱਝ ਦੁਕਾਨਦਾਰਾਂ ਅਤੇ ਬੈਂਕ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਖੜੇ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦੀ ਦੁਕਾਨਦਾਰੀ ’ਤੇ ਵੀ ਕਾਫੀ ਜਿਆਦਾ ਅਸਰ ਪੈਂਦਾ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸੜਕ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਇਹ ਹਫਤਾ-ਹਫਤਾ ਸੁੱਕਦਾ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰੀ ਸਰਕਾਰ ਨੂੰ ਇਸ ਸਮੱਸਿਆ ਸਬੰਧੀ ਦੱਸ ਚੁੱਕੇ ਹਾਂ ਪਰ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ।

ਪੈਟਰੋਲ ਪੰਪ ਵਾਲਿਆਂ ਨਾਲ ਗੱਲ ਕਰਕੇ ਜਲਦ ਹੋਵੇਗਾ ਇਸ ਸਮੱਸਿਆ ਦਾ ਹੱਲ : ਸਰਪੰਚ ਹਰਕਿੰਦਰ ਸਿੰਘ

ਇਸ ਸਬੰਧੀ ਜਦੋਂ ਡਕਾਲਾ ਦੇ ਸਰਪੰਚ ਹਰਕਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਇਕੱਠਾ ਹੁੰਦਾ ਇਹ ਮੀਂਹ ਦਾ ਪਾਣੀ ਪੈਟਰੋਲ ਪੰਪ ਤੇ ਮੰਡੀ ਦੇ ਫੜਾਂ ਕਾਰਨ ਇੱਕਠਾ ਹੁੰਦਾ ਹੈ ਅਤੇ ਛੇਤੀ ਹੀ ਪੈਟਰੋਲ ਪੰਪ ਵਾਲਿਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ’ਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡ ਦੇ ਰਹਿੰਦੇ ਬਾਕੀ ਕੰਮ ਵੀ ਛੇਤੀ ਹੀ ਪੂਰੇ ਕੀਤੇ ਜਾਣਗੇ।