
Farmers Protest In Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਸੱਦੇ ’ਤੇ ਅੱਜ ਪੂਰੇ ਦੇਸ਼ ਭਰ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕੇ ਗਏ। ਐਸਕੇਐਮ ਗੈਰ ਰਾਜਨੀਤਿਕ ਵੱਲੋ ਦਿੱਤੇ ਗਏ ਇਸ ਪ੍ਰੋਗਰਾਮ ਦੇ ਤਹਿਤ ਫਰੀਦਕੋਟ ਵਿਖੇ ਪੁਤਲੇ ਫੂਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਤੇ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਭਾਰਤ ਦੇ ਸੰਵਿਧਾਨ ਵੱਲੋਂ ਲੋਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ।
ਮੁੱਖ ਮੰਤਰੀ ਆਪਣੇ ਬਿਆਨ ਤੋਂ ਭੱਜੇ
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਅੱਜ ਵੀ ਆਪਣੇ-ਆਪ ਨੂੰ ਇੱਕ ਕਲਾਕਾਰ ਹੀ ਸਮਝ ਰਹੇ ਹਨ ਇਸ ਲਈ ਉਹ ਉਸੇ ਤਰ੍ਹਾਂ ਦੇ ਸਟੇਜਾਂ ਉੱਪਰ ਖੜ ਕੇ ਬਿਆਨ ਦਿੰਦੇ ਰਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਸੰਵਿਧਾਨਿਕ ਅਹੁਦੇ ਉੱਤੇ ਬੈਠੇ ਹਨ ਅਤੇ ਇੱਕ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਕਿੰਨਾ ਮਹੱਤਵਪੂਰਨ ਹੁੰਦਾ ਹੈ ਜਿਸ ਦੀ ਤਾਜ਼ਾ ਉਧਾਰਨ ਮੁੱਖ ਮੰਤਰੀ ਵੱਲੋਂ ਦਿੱਤਾ ਤਾਜ਼ਾ ਤਾਜ਼ਾ ਬਿਆਨ ਹੈ ਇੱਕ ਪਾਸੇ ਤਾਂ ਮੁੱਖ ਮੰਤਰੀ ਕਿਸਾਨ ਆਗੂਆਂ ਨੂੰ ਕਿਸਾਨੀ ਮੁੱਦਿਆਂ ਉੱਪਰ ਖੁੱਲੀ ਡਿਬੇਟ ਲਈ ਚੈਲੇਂਜ ਕਰ ਰਹੇ ਹਨ ਅਤੇ ਜਦੋਂ ਕਿਸਾਨਾਂ ਵੱਲੋਂ ਉਹਨਾਂ ਦਾ ਚੈਲੇਂਜ ਕਬੂਲ ਕਰ ਲਿਆ ਗਿਆ ਅਤੇ ਕਿਸਾਨਾਂ ਵੱਲੋਂ ਪੰਜਾਬ ਭਰ ਦੇ ਸਮੂਹ ਮੀਡੀਆ ਅੱਗੇ ਲਾਈਵ ਵਿੱਚ ਭਗਵੰਤ ਸਿੰਘ ਮਾਨ ਨੂੰ ਕਿਸਾਨੀ ਮੁੱਦਿਆਂ ਡਿਬੇਟ ਕਰਨ ਲਈ ਕਿਹਾ ਗਿਆ ਤਾਂ ਮੁੱਖ ਮੰਤਰੀ ਵੱਲੋਂ ਆਪਣੇ ਉਸ ਬਿਆਨ ਤੋਂ ਫੇਰ ਭੱਜ ਰਹੇ ਹਨ।
ਇਹ ਵੀ ਪੜ੍ਹੋ: Punjab: ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਹੁਣੇ ਪੜ੍ਹੋ…
ਪਿਛਲੇ ਦਿਨੀ ਜਦੋਂ ਸ. ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਖੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਸ ਚੈਲੇਂਜ ਅਤੇ ਬਠਿੰਡਾ ਦੇ ਘਾਸੋਖਾਨਾ ਪਿੰਡ ਵਿੱਚ ਦੀ ਕੱਢੇ ਜਾ ਰਹੇ ਗੰਦੇ ਪਾਣੀ ਸਬੰਧੀ ਪ੍ਰੈਸ ਕਾਨਫਰੰਸ ਕਰਨ ਵਾਲੇ ਸਨ ਤਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਬਲ ਦੇ ਜ਼ੋਰ ਉੱਪਰ ਜਗਜੀਤ ਸਿੰਘ ਡੱਲੇਵਾਲ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੁਣ ਪ੍ਰੈਸ ਕਾਨਫਰੰਸਾ ਤੋਂ ਵੀ ਡਰਨ ਲੱਗ ਗਿਆ ਅਤੇ ਆਪਣੇ ਵੱਲੋਂ ਕਿਸਾਨ ਆਗੂਆਂ ਨੂੰ ਖੁੱਲ੍ਹੀ ਡਿਬੇਟ ਦੀ ਦਿੱਤੀ ਚੁਣੌਤੀ ਤੋਂ ਵੀ ਭੱਜ ਰਿਹਾ ਹੈ।
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਅਤੇ ਮਜ਼ਦੂਰਾਂ ਉੱਪਰ ਸੜਕਾਂ ਰੋਕਣ ਦੇ ਦੋਸ਼ ਲਗਾ ਕੇ ਆਖਦੇ ਹਨ ਕਿ ਕਿਸਾਨ, ਮਜ਼ਦੂਰ ਅਤੇ ਹਰ ਇੱਕ ਅੰਦੋਲਨਕਾਰੀ ਸੜਕਾਂ ਉੱਪਰ ਆਉਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀਆਂ ਦੇ, ਵਿਧਾਇਕਾਂ ਦੇ ਘਰਾ ਜਾਂ ਪ੍ਰਸ਼ਾਸਨਨਿਕ ਅਧਿਕਾਰੀਆਂ ਦੇ ਦਫਤਰਾਂ ਅੱਗੇ ਧਰਨੇ ਦੇਣ ਅਤੇ ਜਦੋਂ ਲੋਕ ਆਪਣੇ ਹੱਕਾਂ ਲਈ ਮੰਤਰੀਆਂ ਦੇ ਘਰ ਦਾ ਘਿਰਾਓ ਕਰਨਾ ਚਾਹੁੰਦੇ ਹਨ ਤਾਂ ਫੇਰ ਭਗਵੰਤ ਮਾਨ ਵੱਲੋ ਲੋਕਾਂ ਨੂੰ ਫੜ ਕੇ ਪਹਿਲਾਂ ਹੀ ਜੇਲਾਂ ਬੰਦ ਕਰ ਦਿੱਤਾ ਜਾਂਦਾ ਹੈ।
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ਅਣਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਪੰਜਾਬ ਵਾਸੀਆਂ ਦੇ ਸਾਹ ਲੈਣ ਉੱਪਰ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਅਤੇ ਲੋਕਾਂ ਨੂੰ ਘਰਾਂ ਵਿੱਚੋਂ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ। ਇਸ ਮੌਕੇ ਉਹਨਾਂ ਨਾਲ ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ, ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋਂ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।